ਤਲਵਾੜਾ ਦੀ ਧੀ ਗੁਰਸਲੀਨ ਕੌਰ ਏਅਰ ਫੋਰਸ ''ਚ ਬਣੀ ਕਮਿਸ਼ਨਡ ਅਫ਼ਸਰ, ਆਲ ਇੰਡੀਆ ''ਚੋਂ ਹਾਸਲ ਕੀਤਾ 35ਵਾਂ ਰੈਂਕ

Monday, Jun 08, 2026 - 08:23 PM (IST)

ਤਲਵਾੜਾ ਦੀ ਧੀ ਗੁਰਸਲੀਨ ਕੌਰ ਏਅਰ ਫੋਰਸ ''ਚ ਬਣੀ ਕਮਿਸ਼ਨਡ ਅਫ਼ਸਰ, ਆਲ ਇੰਡੀਆ ''ਚੋਂ ਹਾਸਲ ਕੀਤਾ 35ਵਾਂ ਰੈਂਕ

ਤਲਵਾੜਾ, (ਜੋਸ਼ੀ)- ਕੰਢੀ ਖੇਤਰ ਦੇ ਕਸਬਾ ਤਲਵਾੜਾ ਦੀ ਹੋਣਹਾਰ ਧੀ ਗੁਰਸਲੀਨ ਕੌਰ ਨੇ ਭਾਰਤੀ ਹਵਾਈ ਫੌਜ (ਏਅਰ ਫੋਰਸ) ਵਿੱਚ ਕਮਿਸ਼ਨਡ ਅਫ਼ਸਰ ਵਜੋਂ ਚੁਣੇ ਜਾਣ 'ਤੇ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸਮੁੱਚੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਅੱਜ 8 ਜੂਨ 2026 ਨੂੰ ਐਲਾਨੇ ਗਏ ਨਤੀਜਿਆਂ ਵਿੱਚ ਗੁਰਸਲੀਨ ਕੌਰ ਨੇ ਦੇਸ਼ ਭਰ ਦੇ ਕਰੀਬ 6 ਤੋਂ 7 ਲੱਖ ਪਰੀਖਿਆਰਥੀਆਂ ਵਿੱਚੋਂ 35ਵਾਂ ਰੈਂਕ ਹਾਸਲ ਕਰਕੇ ਇਹ ਮਾਨਮੱਤੀ ਪ੍ਰਾਪਤੀ ਦਰਜ ਕੀਤੀ ਹੈ। 

ਜ਼ਿਕਰਯੋਗ ਹੈ ਕਿ ਪੰਜਾਬ ਵਿੱਚੋਂ ਸਿਰਫ ਦੋ ਲੜਕੀਆਂ ਦੀ ਚੋਣ ਹੋਈ ਹੈ, ਜਿਨ੍ਹਾਂ ਵਿੱਚੋਂ ਇੱਕ ਰੋਪੜ ਜ਼ਿਲ੍ਹੇ ਦੀ (ਜਿਸ ਨੇ ਪਹਿਲਾ ਰੈਂਕ ਹਾਸਲ ਕੀਤਾ) ਅਤੇ ਦੂਜੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਤਲਵਾੜਾ ਦੀ ਗੁਰਸਲੀਨ ਕੌਰ ਹੈ। ਗੁਰਸਲੀਨ ਕੌਰ ਨੇ ਆਪਣੀ ਮੁੱਢਲੀ ਪੜ੍ਹਾਈ (12ਵੀਂ ਨਾਨ-ਮੈਡੀਕਲ) ਬੀ.ਬੀ.ਐੱਮ.ਬੀ. ਡੀ.ਏ.ਵੀ. ਪਬਲਿਕ ਸਕੂਲ ਤਲਵਾੜਾ ਤੋਂ ਪਾਸ ਕੀਤੀ। ਇਸ ਉਪਰੰਤ ਉਨ੍ਹਾਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀ.ਐੱਸ.ਸੀ. (ਆਨਰਜ਼) ਫਿਜ਼ਿਕਸ ਅਤੇ ਐੱਮ.ਐੱਸ.ਸੀ. ਫਿਜ਼ਿਕਸ ਦੀ ਉੱਚ ਸਿੱਖਿਆ ਹਾਸਲ ਕੀਤੀ। ਹਵਾਈ ਫੌਜ ਵਿੱਚ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਤਿਆਰੀ ਦੇ ਸਿਲਸਿਲੇ ਨੂੰ ਜਾਰੀ ਰੱਖਦਿਆਂ ਉਨ੍ਹਾਂ ਪੰਜਾਬ ਯੂਨੀਵਰਸਿਟੀ ਤੋਂ ਹੀ ਐੱਮ.ਏ. ਇੰਗਲਿਸ਼ ਦੀ ਪੜ੍ਹਾਈ ਸ਼ੁਰੂ ਕੀਤੀ, ਜੋ ਸਾਲ 2025 ਵਿੱਚ ਮੁਕੰਮਲ ਹੋਈ। ਆਪਣੀ ਸਖ਼ਤ ਮਿਹਨਤ ਸਦਕਾ ਗੁਰਸਲੀਨ ਕੌਰ ਤਿੰਨ ਵਾਰ ਸਰਵਿਸ ਸਿਲੈਕਸ਼ਨ ਬੋਰਡ ਅਤੇ ਏਅਰ ਫੋਰਸ ਸਿਲੈਕਸ਼ਨ ਬੋਰਡ ਲਈ ਰਿਕਮੈਂਡ ਹੋਈ ਸੀ। 

ਅਗਸਤ 2025 ਵਿੱਚ ਹੋਈ ਲਿਖਤੀ ਪਰੀਖਿਆ ਦਾ ਨਤੀਜਾ ਅੱਜ ਐਲਾਨਿਆ ਗਿਆ, ਜਿਸ ਵਿੱਚ ਉਨ੍ਹਾਂ ਨੇ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ। ਗੁਰਸਲੀਨ ਕੌਰ ਦੇ ਪਿਤਾ ਧਰਮਿੰਦਰ ਸਿੰਘ ਬੜੈਚ ਬੀ.ਬੀ.ਐੱਮ.ਬੀ. ਵਿਖੇ ਬਤੌਰ ਐੱਸ.ਡੀ.ਓ. ਅਤੇ ਮਾਤਾ ਜਸਪਾਲ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਵਿਖੇ ਬਤੌਰ ਲੈਕਚਰਾਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਗੁਰਸਲੀਨ ਦੀ ਇਸ ਮਿਸਾਲੀ ਪ੍ਰਾਪਤੀ 'ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਥਾਨਕ ਨਿਵਾਸੀਆਂ ਵੱਲੋਂ ਪਰਿਵਾਰ ਨੂੰ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।


author

Rakesh

Content Editor

Related News