ਗੁਰਦੁਆਰਾ ਬੇਰ ਸਾਹਿਬ ਦੀ ਦਿੱਖ ਖਰਾਬ ਕਰਕੇ ਐੱਸ.ਜੀ.ਪੀ.ਸੀ. ਕਰ ਰਹੀ ਦੁਕਾਨਾਂ ਦਾ ਨਿਰਮਾਣ

11/18/2020 12:54:22 PM

ਸੁਲਤਾਨਪੁਰ ਲੋਧੀ (ਧੀਰ)-550 ਸਾਲਾ ਗੁਰਪੁਰਬ ਮੌਕੇ ਪਾਵਨ ਨਗਰੀ ਦੇ ਆਲੇ-ਦੁਆਲੇ ਨੂੰ ਅਤਿ ਖ਼ੂਬਸੂਰਤ ਤੇ ਸੁੰਦਰ ਬਣਾਉਣ ਲਈ ਕੀਤੇ ਉਪਰਾਲਿਆਂ ਤਹਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਦਿੱਖ ਨੂੰ ਖਰਾਬ ਕਰਨ ਤੇ ਆਲੇ-ਦੁਆਲੇ ਖਜੂਰਾਂ ਤੇ ਹੋਰ ਪੌਦਿਆਂ ਨਾਲ ਕੀਤੀ ਖ਼ੂਬਸੂਰਤ ਸਜਾਵਟ ਨੂੰ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਹੀ ਤਹਿਸ-ਨਹਿਸ ਕਰਕੇ ਉਸ ਸਥਾਨ 'ਤੇ ਦੁਕਾਨਾਂ ਦੀ ਉਸਾਰੀ ਕਰਵਾਉਣ 'ਤੇ ਸੰਗਤਾਂ ਦੇ ਮਨ 'ਚ ਕਫ਼ੀ ਰੋਸ ਪਾਇਆ ਜਾ ਰਿਹਾ ਹੈ। ਖ਼ਬਰ ਸਬੰਧੀ ਪੜਤਾਲ ਕਰਨ ਪਹੁੰਚੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਖ਼ੁਦ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਕਰੋੜਾਂ ਰੁਪਏ ਦੇ ਬਜਟ ਵਾਲੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਕੁਝ ਰੁਪਇਆਂ ਦੇ ਲਾਲਚ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਸੁੰਦਰਤਾ ਨੂੰ ਖਰਾਬ ਕਰ ਦੇਵੇਗੀ।
ਉਨ੍ਹਾਂ ਕਿਹਾ ਕਿ ਬੇਬੇ ਨਾਨਕੀ ਸਰਾਂ ਦੇ ਬਾਹਰ 550 ਸਾਲਾ ਗੁਰਪੁਰਬ ਮੌਕੇ ਦੀਵਾਰਾਂ 'ਤੇ ਸਿੱਖੀ ਦੇ ਪ੍ਰੇਮ ਨੂੰ ਦਰਸਾਉਂਦੀਆਂ ਪੇਂਟਿੰਗਸ ਤੇ ਬਾਹਰ ਗੁਰਦੁਆਰਾ ਸਾਹਿਬ ਦੀ ਐਂਟਰੀ ਸਮੇਂ ਖਜੂਰ ਤੇ ਹੋਰ ਦਰੱਖਤ ਲਗਾਏ ਗਏ ਸਨ। ਪਹਿਲਾਂ ਬਣਾਏ ਸੁੰਦਰ ਵਾਤਾਵਰਣ ਨੂੰ ਖਰਾਬ ਕਰਕੇ ਕੀ ਐੱਸ. ਜੀ. ਪੀ. ਸੀ. ਖ਼ੁਦ ਉਲੰਘਣਾ ਕਰ ਰਹੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਧਿਆਨ ਦੇ ਕੇ ਗੁਰਦੁਆਰਾ ਸਾਹਿਬ ਦੀ ਦਿੱਖ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਤੁਰੰਤ ਦੁਕਾਨਾਂ ਦੀ ਉਸਾਰੀ ਨੂੰ ਰੋਕਣ ਤਾਂ ਜੋ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤਾਂ ਦੇ ਮਨ ਨੂੰ ਠੇਸ ਨਾ ਪਹੁੰਚੇ। ਇਸ ਸਬੰਧੀ ਜਦੋਂ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਭਾਈ ਲੋਂਗੋਵਾਲ ਦੇ ਪੀ. ਏ. ਮਹਿੰਦਰ ਸਿੰਘ ਆਹਲੀ ਨਾਲ ਤੇ ਮੈਨੇਜਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਭਾਈ ਜਰਨੈਲ ਸਿੰਘ ਬੂਲੇ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਮੋਬਾਇਲ ਵਿਅਸਤ ਕਰ ਦਿੱਤਾ।


Aarti dhillon

Content Editor

Related News