GST ਮੋਬਾਇਲ ਵਿੰਗ ਦੀ ਰੇਲਵੇ ਸਟੇਸ਼ਨ ’ਤੇ 3 ਵਾਰ ਰੇਡ, ਦਿੱਲੀ-ਆਗਰਾ ਤੋਂ ਆਏ 32 ਨਗ ਕੀਤੇ ਜ਼ਬਤ

09/09/2023 12:05:49 PM

ਜਲੰਧਰ (ਪੁਨੀਤ, ਗੁਲਸ਼ਨ)–ਸਟੇਟ ਜੀ. ਐੱਸ. ਟੀ. ਮੋਬਾਇਲ ਵਿੰਗ ਨੇ 24 ਘੰਟਿਆਂ ਦੌਰਾਨ ਸਿਟੀ ਰੇਲਵੇ ਸਟੇਸ਼ਨ ’ਤੇ 3 ਵਾਰ ਰੇਡ ਕਰਦੇ ਹੋਏ 32 ਨਗ ਜ਼ਬਤ ਕੀਤੇ ਹਨ। ਹੁਸ਼ਿਆਰਪੁਰ ਜਾਣ ਵਾਲੀ ਰੇਲ ਗੱਡੀ ’ਤੇ 2 ਵਾਰ ਕਾਰਵਾਈ ਕਰਦਿਆਂ 27 ਨਗ, ਜਦਕਿ ਦਿੱਲੀ ਤੋਂ ਆਉਣ ਵਾਲੀ ਗੱਡੀ ਵਿਚੋਂ 5 ਨਗ ਜ਼ਬਤ ਕੀਤੇ ਗਏ ਹਨ। ਇਨ੍ਹਾਂ ਨਗਾਂ ਵਿਚ ਨਾਨ-ਬ੍ਰਾਂਡਿਡ ਜੁੱਤੀਆਂ, ਜੁੱਤੀਆਂ ਦੇ ਸੋਲ ਸਮੇਤ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟਸ ਦੱਸੇ ਜਾ ਰਹੇ ਹਨ। ਲੱਖਾਂ ਰੁਪਏ ਦਾ ਬਿਨਾਂ ਬਿੱਲ ਦਾ ਇਹ ਮਾਲ ਜਲੰਧਰ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।

ਪਹਿਲੀ ਕਾਰਵਾਈ ਦੌਰਾਨ ਮੋਬਾਇਲ ਵਿੰਗ ਨੇ ਆਗਰਾ ਤੋਂ ਹੁਸ਼ਿਆਰਪੁਰ ਜਾਣ ਵਾਲੀ ਐਕਸਪ੍ਰੈੱਸ ਗੱਡੀ ਵਿਚੋਂ 5 ਨਗ ਜ਼ਬਤ ਕੀਤੇ ਹਨ ਅਤੇ ਗੱਡੀ ਹੁਸ਼ਿਆਰਪੁਰ ਲਈ ਰਵਾਨਾ ਹੋ ਗਈ। ਵਿਭਾਗੀ ਅਧਿਕਾਰੀਆਂ ਨੂੰ ਟਿਪ ਮਿਲੀ ਕਿ ਜਿਸ ਗੱਡੀ ਵਿਚੋਂ 5 ਨਗ ਜ਼ਬਤ ਕੀਤੇ ਗਏ ਹਨ, ਉਨ੍ਹਾਂ ਵਿਚੋਂ ਕਈ ਨਗ ਬਿਨਾਂ ਬਿੱਲ ਦੇ ਹਨ। ਇਸ ਸੂਚਨਾ ਦੇ ਆਧਾਰ ’ਤੇ ਵਿਭਾਗੀ ਅਧਿਕਾਰੀਆਂ ਨੇ ਹਰਕਤ ਵਿਚ ਆਉਂਦੇ ਹੋਏ ਟਰੈਪ ਲਾਇਆ। ਇਸ ਕਾਰਵਾਈ ਲਈ ਐੱਸ. ਟੀ. ਓ. (ਸਟੇਟ ਟੈਕਸ ਆਫਿਸਰ) ਡੀ. ਐੱਸ. ਚੀਮਾ ਨੂੰ ਨਿਯੁਕਤ ਕੀਤਾ ਗਿਆ। ਦੇਰ ਰਾਤ 11 ਵਜੇ ਚੀਮਾ ਆਪਣੀ ਟੀਮ ਦੇ ਨਾਲ ਸਿਟੀ ਰੇਲਵੇ ਸਟੇਸ਼ਨ ’ਤੇ ਪੁੱਜੇ ਅਤੇ 20 ਮਿੰਟ ਦੇਰੀ ਨਾਲ ਆਈ ਹੁਸ਼ਿਆਰਪੁਰ ਐਕਸਪ੍ਰੈੱਸ ਗੱਡੀ ਵਿਚ ਸਰਚ ਕੀਤੀ। ਰਾਤ 12.20 ਵਜੇ ਤਕ ਚੱਲੀ ਕਾਰਵਾਈ ਦੌਰਾਨ ਬਿਨਾਂ ਬਿੱਲ ਦੇ 22 ਨਗ ਜ਼ਬਤ ਕਰ ਲਏ ਗਏ। ਇਸ ਕਾਰਵਾਈ ਦੌਰਾਨ ਉਕਤ ਨਗਾਂ ਨੂੰ ਰੇਲਵੇ ਸਟੇਸ਼ਨ ਦੇ ਪਾਰਸਲ ਵਿਭਾਗ ਵਿਚ ਰਖਵਾ ਦਿੱਤਾ ਗਿਆ।

ਇਹ ਵੀ ਪੜ੍ਹੋ- ਅੱਜ ਜਲੰਧਰ ਦੇ ਦੌਰੇ 'ਤੇ ਸੀ. ਐੱਮ. ਭਗਵੰਤ ਮਾਨ, ਸਬ-ਇੰਸਪੈਕਟਰਾਂ ਨੂੰ ਦੇਣਗੇ ਤੋਹਫ਼ਾ

ਇਕ ਹੀ ਰੇਲ ਗੱਡੀ ਵਿਚੋਂ 2 ਵਾਰ ਉਤਰਵਾਏ ਗਏ ਕੁੱਲ 27 ਨਗ ਆਗਰਾ ਤੋਂ ਭਿਜਵਾਏ ਗਏ ਹਨ। ਇਨ੍ਹਾਂ ਵਿਚ ਸ਼ੂਜ਼ ਨਾਲ ਸਬੰਧਤ ਰਾਅ ਮਟੀਰੀਅਲ ਅਤੇ ਬਿਨਾਂ ਬ੍ਰਾਂਡ ਦੇ ਸ਼ੂਜ਼ ਹਨ। ਸ਼ੁਰੂਆਤੀ ਪੱਧਰ ’ਤੇ ਹੋਈ ਵਿਭਾਗੀ ਜਾਂਚ ਵਿਚ ਉਕਤ ਨਗਾਂ ਦੇ ਨਾਲ ਬਿੱਲ ਨਹੀਂ ਮਿਲਿਆ, ਜਿਸ ਕਾਰਨ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਨਗਾਂ ਦੀ ਜਾਂਚ ਕਰ ਕੇ ਉਕਤ ਨਗਾਂ ਨਾਲ ਸਬੰਧਤ ਫਰਮ ਦਾ ਪਤਾ ਲਾਇਆ ਜਾਵੇਗਾ ਅਤੇ ਨੋਟਿਸ ਜਾਰੀ ਹੋਣਗੇ। ਇਸੇ ਲੜੀ ਵਿਚ 24 ਘੰਟਿਆਂ ਅੰਦਰ ਮੋਬਾਇਲ ਵਿੰਗ ਵੱਲੋਂ ਦੁਪਹਿਰੇ ਤੀਜੀ ਵਾਰ ਰੇਲਵੇ ਸਟੇਸ਼ਨ ’ਤੇ ਰੇਡ ਕੀਤੀ ਗਈ। ਡੀ. ਐੱਸ. ਚੀਮਾ ਦੀ ਪ੍ਰਧਾਨਗੀ ਵਿਚ ਹੋਈ ਇਸ ਤੀਜੀ ਕਾਰਵਾਈ ਦੌਰਾਨ ਦਿੱਲੀ ਤੋਂ ਆਉਣ ਵਾਲੀ ਮੇਲ ਗੱਡੀ ਵਿਚੋਂ 5 ਨਗ ਜ਼ਬਤ ਕੀਤੇ ਗਏ। ਦਿੱਲੀ ਤੋਂ ਆਏ ਇਨ੍ਹਾਂ ਨਗਾਂ ਵਿਚ ਕਈ ਪ੍ਰੋਡਕਟਸ ਦੱਸੇ ਗਏ ਹਨ, ਉਥੇ ਹੀ 27 ਪਾਰਸਲ ਆਗਰਾ ਨਾਲ ਸਬੰਧਤ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਮੋਬਾਇਲ ਵਿੰਗ ਨੇ 24 ਘੰਟਿਆਂ ਦੌਰਾਨ 32 ਨਗ ਜ਼ਬਤ ਕਰ ਕੇ ਜੀ. ਐੱਸ. ਟੀ. ਭਵਨ ਵਿਚ ਰਖਵਾਏ ਹਨ, ਜਿਨ੍ਹਾਂ ਦੀ ਜਾਂਚ ਕਰਦੇ ਹੋਏ ਸਬੰਧਤ ਪਾਰਟੀਆਂ ਨੂੰ ਨੋਟਿਸ ਕੱਢਿਆ ਜਾਵੇਗਾ। ਚੀਮਾ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਇੰਸ. ਭੁਪਿੰਦਰ ਭੱਟੀ, ਰਾਜੇਸ਼ ਕੁਮਾਰ ਸਮੇਤ ਵਿਭਾਗੀ ਪੁਲਸ ਅਤੇ ਸਹਿਯੋਗੀ ਸਟਾਫ਼ ਮੌਜੂਦ ਰਿਹਾ। ਪਹਿਲੇ 5 ਨਗਾਂ ਨੂੰ ਐੱਸ. ਟੀ. ਓ. ਸੁਖਜੀਤ ਸਿੰਘ ਵੱਲੋਂ ਵੀਰਵਾਰ ਨੂੰ ਜ਼ਬਤ ਕੀਤਾ ਗਿਆ ਸੀ। ਮੋਬਾਇਲ ਵਿੰਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੁਆਇੰਟ ਡਾਇਰੈਕਟਰ ਦਲਜੀਤ ਕੌਰ ਅਤੇ ਡਿਪਟੀ ਡਾਇਰੈਕਟਰ ਕਮਲਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਰੇਲਵੇ ਸਟੇਸ਼ਨ ’ਤੇ ਆਉਣ ਵਾਲੇ ਪਾਰਸਲਾਂ ’ਤੇ ਵਿਸ਼ੇਸ਼ ਨਜ਼ਰ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ- ਜਲੰਧਰ 'ਚ ਸ਼ਰਮਨਾਕ ਘਟਨਾ, ਕਲਯੁਗੀ ਮਤਰੇਏ ਪਿਤਾ ਨੇ 8 ਸਾਲਾ ਧੀ ਨਾਲ ਮਿਟਾਈ ਹਵਸ, ਇੰਝ ਖੁੱਲ੍ਹਿਆ ਭੇਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri