12 ਘੰਟੇ ਚੱਲੀ ਡੂੰਘੀ ਛਾਣਬੀਣ: 100 ਕਰੋੜ ਦੀ ਟਰਨਓਵਰ ਵਾਲੀ ਸਵਿੱਤਰੀ ਪਲਾਈਵੁੱਡ ’ਤੇ GST ਦੀ ਛਾਪੇਮਾਰੀ

07/13/2022 3:23:44 PM

ਜਲੰਧਰ (ਪੁਨੀਤ)– ਜੀ. ਐੱਸ. ਟੀ. ਚੋਰੀ ਦੇ ਕਈ ਤਰ੍ਹਾਂ ਦੇ ਮਾਮਲੇ ਮਹਿਕਮੇ ਦੀ ਨਜ਼ਰ ਵਿਚ ਆ ਰਹੇ ਹਨ, ਜਿਸ ਨੂੰ ਲੈ ਕੇ ਮਹਿਕਮਾ ਬਹੁਤ ਸਰਗਰਮ ਨਜ਼ਰ ਆ ਰਿਹਾ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਮਹਿਕਮੇ ਦੀ ਨਜ਼ਰ ਵਿਚ ਆਇਆ ਹੈ, ਜਿਸ ਵਿਚ ਇਕ ਵੱਡੇ ਪਲਾਈਵੁੱਡ ਮੈਨੂਫੈਕਚਰਿੰਗ ਯੂਨਿਟ ਵੱਲੋਂ ਮਾਰਕੀਟ ਤੋਂ ਮਹਿੰਗੇ ਭਾਅ ਰਾਅ ਮਟੀਰੀਅਲ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਮਿਲਣ ’ਤੇ ਮਹਿਕਮੇ ਨੇ ਪਿਛਲੇ ਸਮੇਂ ਦੌਰਾਨ ਦਸਤਾਵੇਜ਼ ਇਕੱਠੇ ਕਰਨ ਤੋਂ ਬਾਅਦ ਇਸ ਕਾਰਵਾਈ ਨੂੰ ਅੰਜਾਮ ਦੇ ਕੇ ਕਈ ਅਹਿਮ ਦਸਤਾਵੇਜ਼ ਕਬਜ਼ੇ ਵਿਚ ਲਏ ਹਨ। ਸਟੇਟ ਜੀ. ਐੱਸ. ਟੀ. ਮੋਬਾਇਲ ਵਿੰਗ ਦੇ ਡਿਪਟੀ ਡਾਇਰੈਕਟਰ-ਕਮ-ਅਸਿਸਟੈਂਟ ਕਮਿਸ਼ਨਰ ਦਪਿੰਦਰ ਸਿੰਘ ਗਰਚਾ ਦੀ ਅਗਵਾਈ ਵਿਚ ਦਸੂਹਾ ਰੋਡ ਹੁਸ਼ਿਆਰਪੁਰ ਦੇ ਸਵਿੱਤਰੀ ਪਲਾਈਵੁੱਡ ਮੈਨੂਫੈਕਚਰਿੰਗ ਯੂਨਿਟ ’ਤੇ ਮੰਗਲਵਾਰ ਸਵੇਰੇ 10 ਵਜੇ ਦੇ ਲਗਭਗ ਛਾਪੇਮਾਰੀ ਕੀਤੀ। 25 ਏਕੜ ਰਕਬੇ ਵਿਚ ਫੈਲੇ ਇਸ ਯੂਨਿਟ ਵਿਚ ਰੋਜ਼ਾਨਾ ਵੱਡੇ ਪੱਧਰ ’ਤੇ ਮਾਲ ਤਿਆਰ ਕਰਕੇ ਪੰਜਾਬ ਸਮੇਤ ਦੂਜੇ ਸੂਬਿਆਂ ਨੂੰ ਭੇਜਣ ਸਬੰਧੀ ਦਸਤਾਵੇਜ਼ ਪ੍ਰਾਪਤ ਹੋਏ ਹਨ।

ਇਹ ਵੀ ਪੜ੍ਹੋ: ਜਲੰਧਰ: ਅਹੁਦਾ ਸੰਭਾਲਦਿਆਂ ਹੀ ਐਕਸ਼ਨ 'ਚ IAS ਅਧਿਕਾਰੀ ਜਸਪ੍ਰੀਤ ਸਿੰਘ, ਦਿੱਤੇ ਇਹ ਨਿਰਦੇਸ਼

ਟੈਕਸੇਸ਼ਨ ਮਹਿਕਮਾ ਪੰਜਾਬ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਅਤੇ ਡਾਇਰੈਕਟਰ ਇਨਵੈਸਟੀਗੇਸ਼ਨ ਐੱਚ. ਪੀ. ਐੱਸ. ਗੋਤਰਾ ਸਮੇਤ ਐਡੀਸ਼ਨਲ ਕਮਿਸ਼ਨਰ-1 (ਪੰਜਾਬ) ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਰੀ ਹਦਾਇਤਾਂ ’ਤੇ ਕਾਰਵਾਈ ਕਰਦਿਆਂ ਵਿਭਾਗ ਨੇ ਇਸ ਛਾਪੇਮਾਰੀ ਦੌਰਾਨ ਜਿਹੜੇ ਦਸਤਾਵੇਜ਼ ਪ੍ਰਾਪਤ ਕੀਤੇ ਹਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਸ ਯੂਨਿਟ ਵੱਲੋਂ ਮਾਰਕੀਟ ਤੋਂ ਵੱਧ ਰੇਟਾਂ ’ਤੇ ਰਾਅ ਮਟੀਰੀਅਲ ਦੀ ਖ਼ਰੀਦ ਕੀਤੀ ਜਾ ਰਹੀ ਹੈ, ਜੋ ਕਿ ਵਿਭਾਗ ਲਈ ਅਹਿਮ ਕੇਂਦਰ ਬਿੰਦੂ ਸਾਬਿਤ ਹੋ ਰਿਹਾ ਹੈ। ਸਟੇਟ ਟੈਕਸ ਆਫਿਸਰ ਡੀ. ਐੱਸ. ਚੀਮਾ ਅਤੇ ਮ੍ਰਿਣਾਲ ਸ਼ਰਮਾ ਦੀ ਅਗਵਾਈ ਵਿਚ ਸਾਹਿਲ ਕਾਲੀਆ, ਰਾਜ ਕੁਮਾਰ, ਰਾਜੇਸ਼ ਕੁਮਾਰ ਤੇ ਪੰਕਜ ਦੂਆ ਵੱਲੋਂ ਸਵੇਰੇ 10 ਤੋਂ ਲੈ ਕੇ ਰਾਤ 10 ਵਜੇ ਤੱਕ ਕੀਤੀ ਇਸ ਕਾਰਵਾਈ ਨਾਲ ਆਲੇ-ਦੁਆਲੇ ਦੀਆਂ ਇਕਾਈਆਂ ਵਿਚ ਵੀ ਖਲਬਲੀ ਮਚ ਗਈ ਕਿਉਂਕਿ ਪਿਛਲੇ ਸਮੇਂ ਦੌਰਾਨ ਪਹਿਲੀ ਵਾਰ ਹੋਇਆ ਹੈ, ਜਦੋਂ ਮਹਿਕਮੇ ਵੱਲੋਂ ਇੰਨੇ ਲੰਮੇ ਸਮੇਂ ਤੱਕ ਕਿਸੇ ਇਕਾਈ ਵਿਚ ਛਾਪੇਮਾਰੀ ਕਰ ਕੇ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ।

ਇੰਨੀ ਲੰਮੀ ਚੱਲੀ ਛਾਣਬੀਣ ਦੌਰਾਨ ਵਿਭਾਗ ਨੇ ਅੰਦਰ ਪਏ ਸਟਾਕ ਸਮੇਤ ਕੱਚੀਆਂ ਪਰਚੀਆਂ, ਮੋਬਾਇਲ ਅਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ਦੇ ਡਾਟਾ ਦੀ ਜਾਣਕਾਰੀ ਜੁਟਾਈ ਹੈ, ਜਿਸ ’ਤੇ ਆਉਣ ਵਾਲੇ ਦਿਨਾਂ ਵਿਚ ਵੱਡੇ ਪੱਧਰ ’ਤੇ ਕਾਰਵਾਈ ਹੋਣ ਦੀ ਪੂਰੀ ਸੰਭਾਵਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਜਿਹੀਆਂ ਕਈ ਜਾਣਕਾਰੀਆਂ ਮਿਲੀਆਂ ਹਨ। ਇਹ ਇਕਾਈ ਜੀ. ਐੱਸ. ਟੀ. ਬਿਲਿੰਗ ਤੋਂ ਲੈ ਕੇ ਕਈ ਤਰ੍ਹਾਂ ਦੇ ਤੱਥ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨਾਲ ਸਰਕਾਰ ਨੂੰ ਵਿੱਤੀ ਰੂਪ ਵਿਚ ਨੁਕਸਾਨ ਝੱਲਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ: 'ਚੇਅਰਮੈਨ' ਬਣਾਏ ਜਾਣ 'ਤੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਏ ਰਾਘਵ ਚੱਢਾ, ਹੱਕ ’ਚ ਉਤਰੇ ਪੰਜਾਬ ਦੇ ਮੰਤਰੀ

ਗਰਚਾ ਨੇ ਰਾਅ ਮਟੀਰੀਅਲ ਦੀ ਖਰੀਦੋ-ਫਰੋਖਤ ’ਤੇ ਨਜ਼ਰ ਰੱਖਣ ਲਈ ਟੀਮਾਂ ਬਣਾਈਆਂ
ਸਟੇਟ ਜੀ. ਐੱਸ. ਟੀ. ਮੋਬਾਇਲ ਵਿੰਗ ਦੇ ਡਿਪਟੀ ਡਾਇਰੈਕਟਰ ਦਪਿੰਦਰ ਸਿੰਘ ਗਰਚਾ ਵੱਲੋਂ ਪਿਛਲੇ ਸਮੇਂ ਦੌਰਾਨ ਕਈ ਵੱਡੀਆਂ-ਛੋਟੀਆਂ ਇਕਾਈਆਂ ’ਤੇ ਛਾਪੇਮਾਰੀ ਕਰਕੇ ਜੀ. ਐੱਸ. ਟੀ. ਵਿਚ ਹੇਰਾਫੇਰੀ ਕਰਨ ਵਾਲੀਆਂ ਇਕਾਈਆਂ ਨੂੰ ਟਾਰਗੈੱਟ ਕੀਤਾ ਗਿਆ, ਜਿਸ ਨਾਲ ਵਿਭਾਗ ਨੂੰ ਕਈ ਅਹਿਮ ਦਸਤਾਵੇਜ਼ ਜੁਟਾਉਣ ਵਿਚ ਸਫ਼ਲਤਾ ਹਾਸਲ ਹੋਈ ਹੈ। ਸਰਕਾਰ ਵੱਲੋਂ ਜੀ. ਐੱਸ. ਟੀ. ਵਿਚ ਵਾਧੇ ਨੂੰ ਲੈ ਕੇ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਸਬੰਧੀ ਗਰਚਾ ਵੱਲੋਂ ਟੀਮਾਂ ਬਣਾ ਕੇ ਅਹਿਮ ਜਾਣਕਾਰੀਆਂ ਜੁਟਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ਦਾ ਪਿਆਰ ਚੜ੍ਹਿਆ ਪਰਵਾਨ, ਪਾਕਿਸਤਾਨ ਦੀ ਸ਼ੁਮਾਇਲਾ ਨੇ ਜਲੰਧਰ ਦੇ ਮੁੰਡੇ ਨਾਲ ਕੀਤਾ ਵਿਆਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News