ਕਰੋੜਾਂ ਰੁਪਏ ''ਚ ਬਣਿਆ ਜੀ. ਐੱਸ. ਟੀ. ਭਵਨ ਲਗਾਤਾਰ ਅਣਦੇਖੀ ਦਾ ਹੋ ਰਿਹੈ ਸ਼ਿਕਾਰ

06/27/2019 2:10:34 AM

ਜਲੰਧਰ (ਬੁਲੰਦ)-8 ਕਰੋੜ ਦੀ ਲਾਗਤ ਨਾਲ ਬਣਾਈ ਗਈ ਜੀ. ਐੱਸ. ਟੀ. ਭਵਨ ਵਾਲੀ ਇਮਾਰਤ ਸਹੀ ਮੁਰੰਮਤ ਅਤੇ ਦੇਖ-ਰੇਖ ਨਾ ਮਿਲ ਸਕਣ ਕਾਰਣ ਖਸਤਾਹਾਲ ਹੁੰਦੀ ਜਾ ਰਹੀ ਹੈ। ਜੀ. ਐੱਸ. ਟੀ. ਵਿਭਾਗ ਵੱਲ ਜਾਣ ਵਾਲੀ ਸੜਕ ਤੋਂ ਲੈ ਕੇ ਭਵਨ ਦੀਆਂ ਕੰਧਾਂ, ਪੌੜੀਆਂ ਅਤੇ ਕਈ ਹੋਰ ਸਥਾਨ ਅਜਿਹੇ ਹਨ, ਜਿਨ੍ਹਾਂ ਨੂੰ ਦੇਖ ਕੇ ਲਗਦਾ ਹੈ ਕਿ ਸਰਕਾਰ ਦਾ ਆਪਣੀਆਂ ਇਮਾਰਤਾਂ ਵੱਲ ਧਿਆਨ ਹੀ ਨਹੀਂ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਇਮਾਰਤ ਦਾ ਨਿਰਮਾਣ ਪੁੱਡਾ ਵਲੋਂ ਕੀਤਾ ਗਿਆ ਸੀ ਪਰ ਅੱਜ ਤੱਕ ਇਸ ਭਵਨ ਦਾ ਸੀਵਰੇਜ ਮੇਨ ਸੀਵਰ ਨਾਲ ਜੋੜਿਆ ਨਹੀਂ ਜਾ ਸਕਿਆ।

ਕਰੋੜਾਂ ਦਾ ਮਾਲੀਆ ਦੇਣ ਵਾਲਿਆਂ ਦਾ ਹਾਲ ਬੇਹਾਲ
ਮਾਮਲੇ ਬਾਰੇ ਜੀ. ਐੱਸ. ਟੀ. ਵਿਭਾਗ ਨਾਲ ਜੁੜੇ ਕਰਮਚਾਰੀਆਂ ਅਤੇ ਵਕੀਲਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਮਾਲੀਆ ਦੇਣ ਦੇ ਮਾਮਲੇ 'ਚ ਜੀ. ਐੱਸ. ਟੀ. ਵਿਭਾਗ ਕਿਸੇ ਹੋਰ ਵਿਭਾਗ ਤੋਂ ਘੱਟ ਨਹੀਂ ਹੈ ਪਰ ਇਸ ਦੀਆਂ ਮੁੱਢਲੀਆਂ ਸਹੂਲਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਵਿਭਾਗ ਦੀ ਲਿਫਟ ਜ਼ਿਆਦਾਤਰ ਖਰਾਬ ਹੀ ਰਹਿੰਦੀ ਹੈ। ਜਦੋਂ ਲਿਫਟ ਸਹੀ ਰਹਿੰਦੀ ਹੈ ਤਾਂ ਸਾਰੀ ਇਮਾਰਤ ਦੀ ਸਫਾਈ ਦਾ ਹਾਲ ਬੇਹਾਲ ਰਹਿੰਦਾ ਹੈ। ਸਾਫ ਸਫਾਈ ਦੇ ਮਾਮਲੇ 'ਚ ਤਾਂ ਜੀ. ਐੱਸ. ਟੀ. ਭਵਨ ਨੂੰ ਜ਼ੀਰੋ ਨੰਬਰ ਵੀ ਮਿਲੇ ਤਾਂ ਸ਼ਾਇਦ ਬਹੁਤ ਹੈ। ਨਾ ਤਾਂ ਬਾਥਰੂਮ ਸਾਫ ਹੁੰਦੇ ਹਨ ਅਤੇ ਨਾ ਹੀ ਇਮਾਰਤ ਦੀਆਂ ਤਿੰਨਾਂ ਮੰਜ਼ਿਲਾਂ ਦੇ ਫਰਸ਼ ਹੀ ਚਮਕਦੇ ਦਿਖਦੇ ਹਨ।

ਲੀਕ ਕਰਦਾ ਸੀਵਰ, ਟੁੱਟੀਆਂ ਪੌੜੀਆਂ ਅਤੇ ਗਲਤ ਪਾਰਕਿੰਗ ਨੂੰ ਸੁਧਾਰਨ ਦੀ ਜ਼ਰੂਰਤ
ਮਾਮਲੇ ਬਾਰੇ ਵਿਭਾਗੀ ਸੂਤਰਾਂ ਦੇ ਦੱਸੇ ਸਥਾਨਾਂ 'ਤੇ ਜਾ ਕੇ ਦੇਖਿਆ ਤਾਂ ਹਕੀਕਤ 'ਚ ਜੋ ਕਮੀਆਂ ਦੱਸੀਆਂ ਗਈਆਂ, ਉਹ ਮਿਲੀਆਂ। ਭਵਨ ਦੇ ਮੁੱਖ ਗੇਟ ਕੋਲ ਸਾਫ-ਸਾਫ ਨੋ-ਪਾਰਕਿੰਗ ਦਾ ਬੋਰਡ ਲੱਗਾ ਹੋਣ ਤੋਂ ਬਾਅਦ ਵੀ ਦੋਪਹੀਆ ਵਾਹਨ ਅਤੇ ਕਾਰਾਂ ਇਥੇ ਪਾਰਕ ਕੀਤੀਆਂ ਜਾਂਦੀਆਂ ਹਨ। ਭਵਨ 'ਚ ਦਾਖਲ ਹੁੰਦਿਆਂ ਹੀ ਇਕ ਖੁੱਲ੍ਹਾ ਸੀਵਰ ਦਿਖਾਈ ਪੈਂਦਾ ਹੈ, ਜਿਸ 'ਚੋਂ ਗੰਦਾ ਪਾਣੀ ਲੀਕ ਹੋਣ ਕਾਰਣ ਬਦਬੂ ਫੈਲੀ ਰਹਿੰਦੀ ਹੈ। ਭਵਨ ਦੇ ਬਾਹਰ ਦੀਆਂ ਪੌੜੀਆਂ 2-3 ਸਾਲਾਂ 'ਚ ਹੀ ਟੁੱਟਣ ਲੱਗੀਆਂ ਹਨ, ਜੋ ਕਿ ਭਵਨ ਨਿਰਮਾਣ ਲਈ ਵਰਤੇ ਗਏ ਮਾਲ ਦੀ ਕੁਆਲਿਟੀ 'ਤੇ ਸਵਾਲੀਆ ਨਿਸ਼ਾਨ ਹੈ।

ਵਿਜੀਲੈਂਸ ਜਾਂਚ ਹੋਵੇ
ਮਾਮਲੇ ਬਾਰੇ ਵਿਭਾਗ ਦੇ ਕੁਝ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਸ ਇਮਾਰਤ 'ਚ ਘਟੀਆ ਸਾਮਾਨ ਵਰਤਿਆ ਗਿਆ ਹੈ। ਇਮਾਰਤ ਲਈ ਕਿੰਨਾ ਫੰਡ ਖਰਚ ਕੀਤਾ ਗਿਆ ਅਤੇ ਲੱਗਾ ਕਿੰਨਾ, ਇਸ ਦੀ ਵਿਜੀਲੈਂਸ ਜਾਂਚ ਲਈ ਕਈ ਵਾਰ ਆਵਾਜ਼ ਉਠੀ ਪਰ ਨਾ ਤਾਂ ਆਬਕਾਰੀ ਵਿਭਾਗ ਤੇ ਨਾ ਹੀ ਅਰਬਨ ਡਿਵੈਲਪਮੈਂਟ ਵਿਭਾਗ ਨੇ ਇਸ ਵੱਲ ਧਿਆਨ ਦਿੱਤਾ, ਜਿਸ ਕਾਰਣ ਵਿਭਾਗ ਦੀ ਇਮਾਰਤ ਦਾ ਹਾਲ ਬੇਹਾਲ ਹੋ ਰਿਹਾ ਹੈ।

Karan Kumar

This news is Content Editor Karan Kumar