ਹੁਸ਼ਿਆਰਪੁਰ ਬੱਸ ਸਟੈਂਡ ਤੋਂ ਪਹਿਲੇ ਦਿਨ 5 ਰੂਟਾਂ ''ਤੇ ਚੱਲੀਆਂ ਰੋਡਵੇਜ਼ ਅਤੇ ਪਨਬਸ ਦੀ ਬੱਸਾਂ

05/21/2020 3:50:30 PM

ਹੁਸ਼ਿਆਰਪੁਰ (ਅਮਰਿੰਦਰ)— ਪੰਜਾਬ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਟਰਾਂਸਪੋਰਟ ਵਿਭਾਗ ਦੇ ਆਦੇਸ਼ 'ਤੇ ਲਾਕਡਾਊਨ-4 'ਚ ਰਾਹਤ ਦਿੰਦਿਆਂ ਹੁਸ਼ਿਆਰਪੁਰ ਬੱਸ ਸਟੈਂਡ ਤੋਂ ਪੰਜਾਬ ਰੋਡਵੇਜ਼ ਅਤੇ ਪਨਬਸ ਬੱਸਾਂ ਦੀ ਸਰਵਿਸ ਸ਼ੁਰੂ ਕਰ ਦਿੱਤੀ ਗਈ। ਪਹਿਲੇ ਦਿਨ ਯਾਤਰੀਆਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਰੋਡਵੇਜ਼ ਦੇ 5 ਰੂਟਾਂ 'ਤੇ ਬੱਸਾਂ ਚੱਲੀਆਂ। ਜਦਕਿ ਬਿਨਾਂ ਯਾਤਰੀ ਘਾਟੇ ਦਾ ਸੌਦਾ ਕਰਾਰ ਦਿੰਦਿਆਂ ਹੁਸ਼ਿਆਰਪੁਰ ਬੱਸ ਸਟੈਂਡ ਤੋਂ ਪਹਿਲੇ ਦਿਨ ਇਕ ਵੀ ਨਿੱਜੀ ਬੱਸ ਨਹੀਂ ਚੱਲੀ। ਬੱਸ ਸਟੈਂਡ 'ਤੇ ਸਵੇਰੇ 7 ਵਜੇ ਹੁਸ਼ਿਆਰਪੁਰ ਡੀਪੂ ਦੇ ਜਨਰਲ ਮੈਨੇਜਰ ਅਨਿਲ ਕੁਮਾਰ ਨੇ ਮੌਕੇ ਉੱਤੇ ਪਹੁੰਚ ਕੇ ਸਟਾਫ ਨੂੰ ਯਾਤਰੀਆਂ ਦੇ ਬੁਖਾਰ ਆਦਿ ਦੀ ਜਾਂਚ ਕਰਨ ਅਤੇ ਸਾਰੀਆਂ ਬੱਸਾਂ ਨੂੰ ਚਲਾਉਣ ਤੋਂ ਪਹਿਲਾਂ ਸੈਨੀਟਾਈਜ਼ ਕਰਨ ਦੇ ਨਿਰਦੇਸ਼ ਦਿੱਤੇ। ਹਾਲਾਂਕਿ ਪਹਿਲੇ ਦਿਨ ਬੱਸ ਸਟੈਂਡ 'ਤੇ ਨਾਮਾਤਰ ਹੀ ਯਾਤਰੀ ਨਜ਼ਰ ਆਏ। ਬੱਸ ਸਟੈਂਡ 'ਤੇ ਹਰ ਯਾਤਰੀ ਦੀ ਸਕਰੀਨਿੰਗ ਕਰਨ ਤੋਂ ਬਾਅਦ ਹੀ ਉਸ ਨੂੰ ਬੱਸ 'ਚ ਬਿਠਾਇਆ ਜਾ ਰਿਹਾ ਸੀ।

ਰਸਤੇ 'ਚ ਕੰਡਕਟਰ ਡਰਾਈਵਰ ਦੇ ਨਾਲ ਬੈਠੇਗਾ ਕੈਬਿਨ 'ਚ
ਹੁਸ਼ਿਆਰਪੁਰ 'ਚ ਕਰੀਬ 2 ਮਹੀਨੇ ਤੋਂ ਬਾਅਦ ਬੁੱਧਵਾਰ ਤੋਂ ਸਰਕਾਰੀ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ। ਹਾਲਾਂਕਿ ਅਜੇ ਸਿਰਫ 5 ਰੂਟਾਂ 'ਤੇ ਹੀ ਬੱਸਾਂ ਚੱਲਣਗੀਆਂ। ਇਹ ਰੂਟ ਹੁਸ਼ਿਆਰਪੁਰ ਤੋਂ ਮੋਹਾਲੀ ਹੁੰਦੇ ਹੋਏ ਚੰਡੀਗੜ੍ਹ, ਹੁਸ਼ਿਆਰਪੁਰ-ਜਲੰਧਰ, ਹੁਸ਼ਿਆਰਪੁਰ-ਲੁਧਿਆਣਾ, ਹੁਸ਼ਿਆਰਪੁਰ ਤੋਂ ਟਾਂਡਾ ਹੁੰਦੇ ਹੋਏ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ ਤਲਵਾੜਾ ਤੱਕ ਚੱਲਣਗੇ। ਸਾਰੀਆਂ ਬੱਸਾਂ ਸਵੇਰੇ 7 ਤੋਂ ਲੈ ਕੇ ਸ਼ਾਮ 7 ਵਜੇ ਤੱਕ ਹੀ ਚੱਲਣਗੀਆਂ ਅਤੇ ਬੱਸਾਂ ਦੀ ਗਿਣਤੀ ਮੁਸਾਫਰਾਂ ਦੀ ਗਿਣਤੀ 'ਤੇ ਨਿਰਭਰ ਕਰੇਗੀ। ਬੱਸਾਂ ਰਸਤੇ ਵਿਚ ਕਿਸੇ ਜਗ੍ਹਾ 'ਤੇ ਵੀ ਨਹੀਂ ਰੁਕਣਗੀਆਂ ਅਤੇ ਨਾ ਹੀ ਉਸ ਵਿਚ ਕੋਈ ਸਵਾਰੀ ਚੜ੍ਹਾਈ ਜਾਵੇਗੀ। ਇਕ ਬੱਸ 'ਚ 25-30 ਯਾਤਰੀ ਹੀ ਬਿਠਾਏ ਜਾਣਗੇ। ਬੱਸ 'ਚ ਚੜ੍ਹਨ ਤੋਂ ਪਹਿਲਾਂ ਹੀ ਕੰਡਕਟਰ ਉਨ੍ਹਾਂ ਦੀ ਟਿਕਟ ਕੱਟ ਦੇਵੇਗਾ ਅਤੇ ਫਿਰ ਡਰਾਈਵਰ ਦੇ ਨਾਲ ਉਸਦੇ ਕੈਬਿਨ 'ਚ ਬੈਠ ਜਾਵੇਗਾ। ਬਾਅਦ ਵਿਚ ਕੰਡਕਟਰ ਮੁਸਾਫਰਾਂ ਵਾਲੇ ਹਿੱਸੇ 'ਚ ਨਹੀਂ ਜਾਵੇਗਾ। ਇਸ ਤੋਂ ਇਲਾਵਾ ਹਰ ਇਕ ਬੱਸ ਵਿਚ ਸੈਨੀਟਾਈਜ਼ਰ ਵੀ ਉਪਲੱਬਧ ਕਰਵਾਇਆ ਜਾਵੇਗਾ।

ਡੀਪੂ ਮੈਨੇਜਰ ਨੂੰ ਦਿੱਤਾ ਹੋਰ ਰੂਟਾਂ 'ਤੇ ਵੀ ਬੱਸਾਂ ਚਲਾਉਣ ਦਾ ਅਧਿਕਾਰ
ਪੰਜਾਬ ਸਰਕਾਰ ਅਤੇ ਟਰਾਂਸਪੋਰਟ ਮੰਤਰਾਲਾ ਵੱਲੋਂ ਸਾਰੇ ਡੀਪੂਆਂ ਦੇ ਜਨਰਲ ਮੈਨੇਜਰਾਂ ਨੂੰ ਇਹ ਵੀ ਅਧਿਕਾਰ ਦਿੱਤੇ ਗਏ ਹਨ ਕਿ ਜੇਕਰ ਐਲਾਨੇ ਗਏ ਰੂਟ ਵਿਚੋਂ ਕੋਈ ਰੂਟ ਛੁੱਟ ਗਿਆ ਹੈ ਤਾਂ ਉਹ ਆਪਣੇ ਵੱਲੋਂ ਬੱਸ ਚਲਾ ਸਕਦੇ ਹਨ। ਹਾਲਾਂਕਿ ਕੋਰੋਨਾ ਨਾਲ ਜੁੜੇ ਨਿਯਮਾਂ ਦਾ ਸਾਰਿਆਂ ਨੂੰ ਪਾਲਣ ਕਰਨਾ ਪਵੇਗਾ। ਬੱਸ ਦੇ ਅੰਦਰ ਅਤੇ ਬੱਸ ਸਟੈਂਡ 'ਤੇ ਵੀ ਸਮਾਜਕ ਦੂਰੀ ਦਾ ਪੂਰਾ ਧਿਆਨ ਰੱਖਦੇ ਹੋਏ ਬੱਸਾਂ ਨੂੰ ਦਿਨ ਵਿਚ 2 ਵਾਰ ਸੈਨੀਟਾਈਜ਼ ਵੀ ਕੀਤੇ ਜਾਣ ਦਾ ਨਿਰਦੇਸ਼ ਹੈ। ਇਸ ਤੋਂ ਇਲਾਵਾ ਹਰ ਸਵਾਰੀ ਨੂੰ ਬੱਸ 'ਚ ਚੜ੍ਹਾਉਣ ਸਮੇਂ ਪਹਿਲਾਂ ਮਾਸਕ ਪਾਇਆ ਹੋਣਾ ਜ਼ਰੂਰੀ ਹੈ। ਥਰਮਲ ਸਕਰੀਨਿੰਗ ਤੋਂ ਬਾਅਦ ਹੀ ਸਵਾਰੀ ਨੂੰ ਬੱਸ 'ਚ ਬਿਠਾਏ ਜਾਣ ਤੋਂ ਇਲਾਵਾ ਬੱਸ ਦੇ ਪਿਛਲੇ ਦਰਵਾਜ਼ੇ ਤੋਂ ਸਵਾਰੀ ਨੂੰ ਚੜ੍ਹਾਉਣ ਅਤੇ ਅਗਲੇ ਦਰਵਾਜ਼ੇ ਤੋਂ ਉੱਤਰਨ ਦਾ ਨਿਯਮ ਬਣਾਇਆ ਗਿਆ ਹੈ।

ਪਹਿਲੇ ਦਿਨ ਘੱਟ ਯਾਤਰੀ ਹੋਣ ਕਰਕੇ ਚੱਲੀਆਂ ਸਿਰਫ 6 ਬੱਸਾਂ : ਪਵਨ ਕੁਮਾਰ
ਸੰਪਰਕ ਕਰਨ 'ਤੇ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡੀਪੂ ਦੇ ਜਨਰਲ ਮੈਨੇਜਰ ਅਨਿਲ ਕੁਮਾਰ ਨੇ ਦੱਸਿਆ ਕਿ ਰੋਡਵੇਜ਼ ਵੱਲੋਂ ਪੂਰੀ ਤਿਆਰੀ ਕੀਤੀ ਹੋਈ ਸੀ, ਪਰ ਮੁਸਾਫਰਾਂ ਦੀ ਗਿਣਤੀ ਘੱਟ ਹੋਣ ਕਰਕੇ ਪਹਿਲੇ ਦਿਨ ਰੋਡਵੇਜ਼ ਅਤੇ ਪਨਬਸ ਦੇ ਨਿਰਧਾਰਤ 5 ਰੂਟਾਂ 'ਤੇ ਸਿਰਫ 6 ਬੱਸਾਂ ਚੱਲ ਸਕੀਆਂ। ਹੁਸ਼ਿਆਰਪੁਰ-ਜਲੰਧਰ ਰੂਟ 'ਤੇ ਪੂਰੇ ਦਿਨ ਜਿਥੇ 4 ਬੱਸਾਂ ਚੱਲੀਆਂ ਉਥੇ ਹੀ ਚੰਡੀਗੜ੍ਹ ਅਤੇ ਲੁਧਿਆਣਾ ਲਈ 1-1 ਬੱਸ ਚੱਲੀ। ਯਾਤਰੀਆਂ ਦੀ ਸੁਰੱਖਿਆ ਲਈ ਬੱਸ ਸਟੈਂਡ 'ਤੇ ਵਾਲੰਟੀਅਰਜ਼ ਤਾਇਨਾਤ ਕੀਤੇ ਗਏ ਹਨ। ਬੱਸਾਂ 'ਚ ਯਾਤਰੀਆਂ ਕੋਲੋਂ ਰੋਡਵੇਜ਼ ਵੱਲੋਂ ਪਹਿਲਾਂ ਹੀ ਚੱਲ ਰਿਹਾ ਕਿਰਾਇਆ ਲਿਆ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਵੀਰਵਾਰ ਤੋਂ ਬਾਅਦ ਮੁਸਾਫਰਾਂ ਦੀ ਗਿਣਤੀ ਵਧੇਗੀ।

shivani attri

This news is Content Editor shivani attri