ਸਰਕਾਰੀ ਡਿਊਟੀ ''ਚ ਵਿਘਨ ਪਾਉਣ ਵਾਲੇ ਪਿਓ-ਪੁੱਤ ਖਿਲਾਫ ਮਾਮਲਾ ਦਰਜ

08/14/2019 2:24:03 PM

ਟਾਂਡਾ ਉੜਮੁੜ (ਪੰਡਿਤ, ਕੁਲਦੀਸ਼)— ਟਾਂਡਾ ਪੁਲਸ ਨੇ ਬੀਤੇ ਦਿਨੀ ਰਾਸ਼ਨ ਡੀਪੂ ਦੀ ਸ਼ਿਕਾਇਤ ਦੀ ਪੜਤਾਲ ਕਰਨ ਗਏ ਫੂਡ ਸਪਲਾਈ ਮਹਿਕਮੇ ਦੇ ਇੰਸਪੈਕਟਰ ਨਾਲ ਗਾਲੀ ਗਲੋਚ ਕਰਦੇ ਹੋਏ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਵਾਲੇ ਪਿਓ ਪੁੱਤ ਖਿਲਾਫ ਟਾਂਡਾ ਪੁਲਸ ਨੇ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਸ਼ਿਕਾਇਤਕਰਤਾ ਇੰਸਪੈਕਟਰ ਪੰਕਜ ਜਮਵਾਲ ਪੁੱਤਰ ਲਖਵਿੰਦਰ ਸਿੰਘ ਨਿਵਾਸੀ ਮੋਜੇਵਾਲ (ਮੁਕੇਰੀਆਂ) ਦੇ ਬਿਆਨ ਦੇ ਆਧਾਰ 'ਤੇ ਕਮਲ ਜੈਨ ਅਤੇ ਵਿਕਾਸ ਜੈਨ ਨਿਵਾਸੀ ਟਾਂਡਾ ਦੇ ਖਿਲਾਫ ਦਰਜ ਕੀਤਾ ਹੈ। 
ਪੁਲਸ ਨੂੰ ਦਿੱਤੇ ਬਿਆਨ 'ਚ ਇੰਸਪੈਕਟਰ ਪੰਕਜ ਜਮਵਾਲ ਨੇ ਦੱਸਿਆ ਕਿ ਉਹ ਫੂਡ ਸਪਲਾਈ ਦਫਤਰ ਟਾਂਡਾ ਵਿਖੇ ਤਾਇਨਾਤ ਹੈ ਅਤੇ 6 ਅਗਸਤ ਨੂੰ ਜਦੋਂ ਉਹ ਫ਼ੂਡ ਸਪਲਾਈ ਮਹਿਕਮੇ ਦੀ ਟੀਮ ਕਮਲਜੀਤ ਸਿੰਘ ਮੁਕੇਰੀਆਂ, ਸੁਖਵਿੰਦਰ ਸਿੰਘ ਇੰਸਪੈਕਟਰ ਗੜ੍ਹਸ਼ੰਕਰ, ਰਾਮੇਸ਼ਵਰ ਮਹਿਲਪੁਰ, ਕੁਲਜੀਤ ਸਿੰਘ ਹੁਸ਼ਿਆਰਪੁਰ ਨਾਲ ਰਾਸ਼ਨ ਡੀਪੂ ਦੇ ਖਿਲਾਫ ਮਿਲੀ ਸ਼ਿਕਾਇਤ ਦੀ ਪੜਤਾਲ ਕਰਨ ਟਾਂਡਾ ਏਰੀਆ ਗਏ ਹੋਏ ਸਨ ਤਾਂ ਜਦੋਂ ਪੁਰਾਣੀ ਦਾਣਾ ਮੰਡੀ ਦੇ ਦਫਤਰ ਵਿਚ ਸ਼ਿਕਾਇਤ ਦੀ ਪੜਤਾਲ ਤਹਿਤ ਵੱਖ ਮੁਹੱਲਿਆਂ ਦੇ ਲਾਭਪਾਤਰੀਆਂ ਦੇ ਬਿਆਨ ਦਰਜ ਕਰ ਰਹੇ ਸਨ ਤਾਂ ਸੰਦੀਪ ਸਿੰਘ ਇੰਸਪੈਕਟਰ ਨੂੰ ਡੀਪੂ ਹੋਲਡਰ ਦੇ ਪਿਤਾ ਕਮਲ ਜੈਨ ਦਾ ਫੋਨ ਆਇਆ ਕਿ ਤੁਸੀਂ ਡੀਪੂ ਹੋਲਡਰ ਤੋਂ ਬਿਨਾਂ ਬਿਆਨ ਲਿਖ ਰਹੇ ਹੋ ਤਾਂ ਸੰਦੀਪ ਸਿੰਘ ਨੇ ਉਸਨੂੰ ਕਿਹਾ ਕਿ ਤੁਸੀਂ ਵੀ ਆਪਣੇ ਬਿਆਨ ਦਫਤਰ ਆ ਕੇ ਦੇ ਜਾਓ। ਬਾਅਦ 'ਚ ਕਮਲ ਜੈਨ ਅਤੇ ਉਸਦਾ ਪੁੱਤਰ ਵਿਕਾਸ ਜੈਨ 12.30 ਵਜੇ ਦਫਤਰ ਆ ਗਏ। ਦੋਹਾਂ ਨੇ ਟੀਮ ਨਾਲ ਗਾਲੀ ਗਲੋਚ ਕੀਤਾ ਅਤੇ ਧਮਕੀਆਂ ਦਿੱਤੀਆਂ। ਇਸ ਦੌਰਾਨ ਵਿਕਾਸ ਜੈਨ ਕਹਿਣ ਲੱਗਾ ਕਿ ਜੇਕਰ ਤੁਸੀਂ ਮੇਰੇ ਖਿਲਾਫ ਰਿਪੋਰਟ ਕੀਤੀ ਤਾਂ ਮੈਂ ਸਾਰਿਆਂ ਦੇ ਨਾਂ ਲਿਖ ਕੇ ਆਤਮ ਹੱਤਿਆ ਕਰ ਲੈਣੀ ਹੈ।
ਉਕਤ ਮੁਲਜ਼ਮਾਂ ਨੇ ਲਾਭਪਾਤਰੀਆਂ ਦੇ ਲਿਖੇ ਬਿਆਨ ਖੋਹਣ ਦੀ ਕੋਸ਼ਿਸ਼ ਕੀਤੀ ਗਈ, ਉਕਤ ਮੁਲਜ਼ਮਾਂ ਨੇ ਉਨ੍ਹਾਂ ਦੀ ਸਰਕਾਰੀ ਡਿਊਟੀ 'ਚ ਵਿਘਨ ਪਾਉਂਦੇ ਹੋਏ ਗਾਲੀ ਗਲੋਚ ਕੀਤਾ ਅਤੇ ਧਮਕੀਆਂ ਦਿੱਤੀਆਂ। ਪੁਲਸ ਨੇ ਦੋਹਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣੇਦਾਰ ਮਹੇਸ਼ ਕੁਮਾਰ ਮਾਮਲੇ ਦੀ ਜਾਂਚ ਕਰ ਰਹੇ ਹਨ।

shivani attri

This news is Content Editor shivani attri