''ਸਦਕੇ ਜਾਈਏ ਲੱਲੀਆਂ ਕਲਾਂ ਦੇ ਸਿਹਤ ਕੇਂਦਰ ਦੇ''

01/20/2020 5:37:12 PM

ਜਲੰਧਰ/ਲਾਂਬੜਾ (ਵਰਿਆਣਾ, ਵਰਿੰਦਰ) : ਇਕ ਪਾਸੇ ਜਿੱਥੇ ਸਰਕਾਰ ਦੇ ਨਾਲ-ਨਾਲ ਸਿਹਤ ਵਿਭਾਗ ਆਪਣੇ ਅਧੀਨ ਆਉਂਦੇ ਸਬ ਹੈਲਥ ਸੈਂਟਰਾਂ 'ਚ ਆਉਣ ਵਾਲੇ ਮਰੀਜ਼ਾਂ ਦਾ ਸਹੀ ਇਲਾਜ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਿਹਾ ਹੈ, ਉਥੇ ਹਲਕਾ ਕਰਤਾਰਪੁਰ ਅਧੀਨ ਆਉਂਦੇ ਪਿੰਡ ਲੱਲੀਆਂ ਕਲਾਂ ਦਾ ਸਬ ਹੈਲਥ ਸੈਂਟਰ ਇਲਾਕੇ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਥੇ ਮਰੀਜ਼ਾਂ ਲਈ ਕੀਤੇ ਪ੍ਰਬੰਧਾਂ ਦੀ ਜਗ੍ਹਾ ਪਿੰਡ 'ਚ ਸਫਾਈ ਕਰਨ ਵਾਲੇ ਮਜ਼ਦੂਰਾਂ ਦੀ ਰਿਹਾਇਸ਼ ਬਣਾਈ ਹੋਈ ਹੈ।

ਇਸ ਸਬੰਧੀ ਉਕਤ ਸਬ ਹੈਲਥ ਸੈਂਟਰ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਉਕਤ ਬਿਲਡਿੰਗ ਜਿਸ ਨਾਲ ਸਬੰਧਤ ਵਿਭਾਗ ਵਲੋਂ ਲੱਖਾਂ ਰੁਪਏ ਖਰਚ ਕਰ ਕੇ ਬਿਲਡਿੰਗ ਤਿਆਰ ਕੀਤੀ ਸੀ, ਉਸ 'ਚ ਬਣਾਏ ਕਮਰਿਆਂ 'ਚ ਸਫਾਈ ਮਜ਼ਦੂਰਾਂ ਨੇ ਪਰਿਵਾਰਾਂ ਸਹਿਤ ਰਿਹਾਇਸ਼ ਬਣਾਈ ਹੋਈ ਸੀ, ਗੰਦਗੀ ਦਾ ਆਲਮ ਇਹ ਸੀ ਕਿ ਜਿਸ ਹੈਲਥ ਸੈਂਟਰ 'ਚ ਤਾਇਨਾਤ ਡਾਕਟਰਾਂ ਨੇ ਲੋਕਾਂ ਨੂੰ ਸਾਫ-ਸਫਾਈ ਰੱਖਣ ਦਾ ਪ੍ਰਚਾਰ ਕਰਨਾ ਸੀ, ਉਨ੍ਹਾਂ ਦੇ ਉਕਤ ਹੈਲਥ ਸੈਂਟਰ ਦੀਆਂ ਕੰਧਾਂ ਉਥੇ ਰਹਿ ਰਹੇ ਪਰਿਵਾਰਾਂ ਵਲੋਂ ਖਾਣਾ ਬਣਾਉਣ ਲਈ ਬਾਲੀ ਜਾਂਦੀ ਅੱਗ ਨਾਲ ਕਾਲੀਆਂ ਹੋਈਆਂ ਪਈਆਂ ਸਨ, ਅੰਦਰ ਗੰਦਗੀ ਸੀ, ਡਾਕਟਰਾਂ ਦੇ ਕਮਰਿਆਂ 'ਚ ਉਨ੍ਹਾਂ ਨੇ ਬੈੱਡ ਅਤੇ ਘਰੇਲੂ ਸਾਮਾਨ ਰੱਖਿਆ ਹੋਇਆ ਸੀ।

ਇਸ ਸਬੰਧੀ ਇਲਾਕੇ ਦੇ ਜ਼ਿਆਦਾਤਰ ਲੋਕਾਂ ਦਾ ਕਹਿਣਾ ਸੀ ਕਿ ਸੂਬਾ ਸਰਕਾਰ ਵਲੋਂ ਬੇਸ਼ੱਕ ਜਿੰਨੇ ਮਰਜ਼ੀ ਸਿਹਤ ਵਿਭਾਗ ਦੇ ਚੰਗੇ ਪ੍ਰਬੰਧਾਂ ਦੇ ਦਾਅਵੇ ਕੀਤੇ ਜਾਣ ਪਰ ਅਸਲ 'ਚ ਉਕਤ ਦਾਅਵੇ ਖੋਖਲੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਸਿਹਤ ਵਿਭਾਗ ਨੂੰ ਚਾਹੀਦਾ ਹੈ ਕਿ ਉਕਤ ਸਬ ਹੈਲਥ ਸੈਂਟਰ ਨੂੰ ਉਥੇ ਰਹਿ ਰਹੇ ਪਰਿਵਾਰਾਂ ਤੋਂ ਆਜ਼ਾਦ ਕਰਵਾਏ ਅਤੇ ਉਥੇ ਲੋੜ ਅਨੁਸਾਰ ਡਾਕਟਰਾਂ ਦੀ ਤਾਇਨਾਤੀ ਜਲਦ ਕਰਵਾਏ ਤਾਂ ਜੋ ਉਕਤ ਸੈਂਟਰਾਂ ਦਾ ਮਕਸਦ ਪੂਰਾ ਹੋਵੇ।

ਜਲਦ ਸਿਹਤ ਵਿਭਾਗ ਨੂੰ ਜਾਂਚ ਲਈ ਕਹਿ ਰਿਹਾ ਹਾਂ : ਡਿਪਟੀ ਕਮਿਸ਼ਨਰ
ਇਸ ਸਬੰਧੀ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਕਤ ਮਾਮਲਾ ਹੁਣੇ ਉਨ੍ਹਾਂ ਦੇ ਧਿਆਨ 'ਚ ਆਇਆ ਹੈ, ਇਸ ਸਬੰਧੀ ਸਿਵਲ ਸਰਜਨ ਨੂੰ ਜਾਂਚ ਲਈ ਕਹਿ ਰਿਹਾ ਹਾਂ, ਹੋਰਨਾਂ ਸਿਹਤ ਕੇਂਦਰਾਂ ਦੀ ਜਾਂਚ ਵੀ ਕਰਵਾਈ ਜਾਵੇਗੀ ਤਾਂ ਜੋ ਸਥਿਤੀ ਸਪੱਸ਼ਟ ਦਿਖਾਈ ਦੇਵੇ।

ਸਬ ਹੈਲਥ ਸੈਂਟਰ 'ਚ ਕਿਸੇ ਦਾ ਵੀ ਪਰਿਵਾਰਾਂ ਸਹਿਤ ਪੱਕੇ ਤੌਰ 'ਤੇ ਰਹਿਣਾ ਗਲਤ : ਸਿਹਤ ਅਧਿਕਾਰੀ
ਇਸ ਸਬੰਧੀ ਜਦੋਂ ਸਿਹਤ ਵਿਭਾਗ ਦੇ ਅਧਿਕਾਰੀ ਕੁਲਦੀਪ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿਸੇ ਵੀ ਸਬ ਸਿਹਤ ਸੈਂਟਰ 'ਚ ਨਿੱਜੀ ਵਿਅਕਤੀ ਦਾ ਪਰਿਵਾਰ ਸਹਿਤ ਉਕਤ ਬਿਲਡਿੰਗ ਦੇ ਕਮਰਿਆਂ 'ਚ ਪੱਕੇ ਤੌਰ 'ਤੇ ਰਹਿਣਾ ਗਲਤ ਹੈ, ਇਸ ਸਬੰਧੀ ਉਹ ਜਲਦ ਜਾਂਚ ਕਰਨ ਉਪਰੰਤ ਬਣਦੀ ਕਾਰਵਾਈ ਕਰਨਗੇ। ਉਨ੍ਹਾਂ ਦਾ ਕਹਿਣਾ ਸੀ ਕਿ ਸਿਹਤ ਵਿਭਾਗ ਅਧੀਨ ਬਣੇ ਸਬ ਸੈਂਟਰ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਹਨ, ਜਿਥੇ ਉਹ ਜਾ ਕੇ ਸਰਕਾਰੀ ਡਾਕਟਰਾਂ ਕੋਲੋਂ ਆਪਣਾ ਇਲਾਜ ਕਰਵਾ ਸਕਣ।

Anuradha

This news is Content Editor Anuradha