ਰੋਜ਼ਾਨਾ ਕਰੋੜਾਂ ਦਾ ਟੈਕਸ ਵਸੂਲਣ ਵਾਲੇ ਮਾਫੀਏ ਦੀ ਸਰਕਾਰੀ ਖਜ਼ਾਨੇ ਨੂੰ ਅਦਾਇਗੀ ਜ਼ੀਰੋ

01/14/2020 1:32:01 PM

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਡੂਮੇਵਾਲ)— ਅਗਸਤ 2019 ਤੋਂ ਸੂਬਾ ਸਰਕਾਰ ਨੇ ਰਾਜ ਭਰ ਦੀਆਂ ਕਰੀਬ 300 ਖੱਡਾਂ 'ਚੋਂ ਨਿਕਲਣ ਵਾਲੀ ਰੇਤ, ਬਜਰੀ 'ਤੇ ਰਾਇਲਟੀ ਲਾਉਣ ਦਾ ਠੇਕਾ ਇਕ ਅਜਿਹੇ ਮਾਫੀਏ ਨੂੰ ਦਿੱਤਾ ਹੋਇਆ ਹੈ, ਜਿਸ ਦੀ ਅਗਵਾਈ ਅੰਤਰਰਾਜੀ ਠੇਕੇਦਾਰ ਅਤੇ ਕਰਿੰਦੇ ਕਰ ਰਹੇ ਹਨ। ਸਰਕਾਰੀ ਕਾਇਦੇ ਕਾਨੂੰਨ ਅਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਨੂੰ ਛਿੱਕੇ ਟੰਗ ਕੇ ਇਸ ਮਾਫੀਏ ਨੇ ਜਿਸ ਕਦਰ ਬੀਤੇ ਚਾਰ ਮਹੀਨੇ ਸੂਬੇ ਦੀਆਂ ਸੜਕਾਂ 'ਤੇ ਗੁੰਡਾਗਰਦੀ ਦਾ ਜੋ ਨੰਗਾ ਨਾਚ ਕੀਤਾ ਉਸ ਨਾਲ ਕੈਪਟਨ ਸਰਕਾਰ ਦਾ ਗ੍ਰਾਫ ਵੱਡੇ ਪੱਧਰ 'ਤੇ ਡਿੱਗਿਆ ਹੈ। ਕ੍ਰੈਸ਼ਰ ਇੰਡਸਟ੍ਰੀਜ਼ ਨੂੰ ਜਿੱਥੇ ਵੱਡੀ ਆਰਥਕ ਸੱਟ ਵੱਜੀ ਉਥੇ ਸੂਬੇ ਭਰ 'ਚ ਅਮਨ-ਕਾਨੂੰਨ ਨੂੰ ਢਾਹ ਲੱਗੀ। ਪੰਜਾਬ ਦੀਆਂ ਸੜਕਾਂ ਤੋਂ ਕਰੋੜਾਂ ਰੁ. ਰੋਜ਼ਾਨਾ ਇਕੱਤਰ ਕਰਨ ਵਾਲੇ ਇਸ ਮਾਫੀਏ ਨੇ ਫੁੱਟੀ ਕੌਡੀ ਵੀ ਸਰਕਾਰੀ ਖਾਤੇ ਨੂੰ ਅਦਾ ਨਹੀਂ ਕੀਤੀ। ਖੱਡਾਂ ਦੀ ਨੀਲਾਮੀ ਤੋਂ ਬਾਅਦ ਰਾਇਲਟੀ ਲੈਣ ਦਾ ਇਕ ਵਿਧਾਨ ਹੈ ਕਿ ਸਰਕਾਰੀ ਪਰਮਿਸ਼ਨ ਤੋਂ ਬਿਨਾਂ ਕੋਈ ਠੇਕੇਦਾਰ ਇਸ ਟੈਕਸ ਵਸੂਲੀ ਦੀ ਪ੍ਰੀਕਿਰਿਆ ਆਰੰਭ ਨਹੀਂ ਕਰ ਸਕਦਾ।

ਇਹ ਪ੍ਰੀਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਨਿਸ਼ਚਤ ਕੀਤੀ ਰਕਮ ਦਾ ਇਕ ਹਿੱਸਾ ਸਰਕਾਰ ਨੂੰ ਅਦਾ ਕਰਨਾ ਹੁੰਦਾ ਹੈ ਅਤੇ ਬਾਕੀ ਰਕਮ ਪ੍ਰਤੀ ਮਹੀਨਾ ਕਿਸ਼ਤਾਂ ਦੇ ਰੂਪ 'ਚ ਅਦਾ ਕਰਨੀ ਲਾਜ਼ਮੀ ਹੁੰਦੀ ਹੈ ਪਰ ਇਸ ਮਾਫੀਏ ਨੂੰ ਅਜੇ ਤੱਕ ਇਹ ਟੈਕਸ ਵਸੂਲਣ ਦਾ ਸਰਕਾਰ ਵੱਲੋਂ ਕਾਨੂੰਨੀ ਅਤੇ ਦਸਤਾਵੇਜ਼ੀ ਕੋਈ ਰਾਇਟ ਨਹੀਂ ਦਿੱਤਾ ਗਿਆ ਅਤੇ ਨਾ ਹੀ ਚਾਰ ਮਹੀਨਿਆਂ ਤੋਂ ਕੋਈ ਕਿਸ਼ਤ ਇਸ ਮਾਫੀਏ ਨੇ ਸੂਬਾ ਸਰਕਾਰ ਨੂੰ ਅਦਾ ਕੀਤੀ। ਪਰ ਇਸ ਦੇ ਬਾਵਜੂਦ ਸੂਬੇ ਦੀਆਂ ਸੜਕਾਂ ਤੋਂ ਗਤੀਵਿਧੀਆਂ ਅਪਣਾ ਕੇ ਇਹ ਮਾਫੀਆ ਜਨਤਕ ਲੁੱਟ ਕਰ ਰਿਹਾ ਹੈ।
ਅਗਸਤ 2019 'ਚ ਜਦੋਂ ਸਰਕਾਰ ਨੇ ਪੰਜਾਬ ਭਰ ਦੀਆਂ ਖੱਡਾਂ ਦਾ ਠੇਕਾ ਉਕਤ ਮਾਫੀਏ ਨੂੰ ਜਾਰੀ ਕੀਤਾ ਸੀ ਤਾਂ ਇਸ ਦੀ ਅਦਾਇਗੀਸ਼ੁਦਾ ਰਾਸ਼ੀ 300 ਕਰੋੜ ਨਿਸ਼ਚਿਤ ਕੀਤੀ ਗਈ ਸੀ। ਮਾਲਖਾਤਾ ਅਤੇ ਹੋਰ ਲੋੜੀਂਦੇ ਖਰਚ ਪਾ ਕੇ ਇਸ ਠੇਕੇ ਦੀ ਰਕਮ ਕਰੀਬ 4.50 ਸੌ ਕਰੋੜ ਬਣਦੀ ਹੈ ਜੋ ਬਾਕਾਨੂੰਨ ਕਾਰਗੁਜ਼ਾਰੀ ਨਿਭਾਅ ਕੇ ਠੇਕੇਦਾਰਾਂ ਲਈ ਇਹ ਸੌਦਾ ਕਾਫੀ ਘਾਟੇ ਵਾਲਾ ਸਮਝਿਆ ਜਾ ਰਿਹਾ ਹੈ, ਜੋ ਕਿ ਮੁਨਾਫੇ ਦੀ ਥਾਂ ਮੂਲ ਪੂਰਾ ਕਰਨ ਦੇ ਸਮਰੱਥ ਵੀ ਨਹੀਂ ਹੈ। ਦੂਜੇ ਪਾਸੇ ਪੰਜਾਬ ਦੀਆਂ ਅਲਾਟਸ਼ੁਦਾ ਖੱਡਾਂ 'ਚੋਂ ਵੱਡੇ ਪੈਮਾਨੇ 'ਤੇ ਨਾਜਾਇਜ਼ ਮਾਈਨਿੰਗ ਕੀਤੀ ਗਈ ਹੈ।

ਮਾਈਨਿੰਗ ਅਧਿਕਾਰੀਆਂ ਕੋਲ ਕੋਈ ਜੁਵਾਬ ਨਹੀਂ
ਅੱਜ ਉਕਤ ਮੁੱਦੇ 'ਤੇ ਵੱਖ-ਵੱਖ ਮਾਈਨਿੰਗ ਅਧਿਕਾਰੀਆਂ ਨੂੰ ਫੋਨ ਕਰਨ 'ਤੇ ਕਿਸੇ ਵੱਲੋਂ ਵੀ ਇਸ ਮਸਲੇ 'ਤੇ ਪ੍ਰਤੀਕਿਰਿਆ ਨਹੀਂ ਪ੍ਰਗਟਾਈ ਗਈ। ਕਈ ਅਧਿਕਾਰੀ ਬਾਅਦ 'ਚੋਂ ਗੱਲ ਕਰਨ ਦਾ ਭਰੋਸਾ ਦੇ ਕੇ ਮੋਬਾਇਲ ਬੰਦ ਵੀ ਕਰਦੇ ਰਹੇ। ਕਈ ਅਧਿਕਾਰੀ ਦੂਜੇ ਅਧਿਕਾਰੀਆਂ 'ਤੇ ਇਸ ਦੀ ਜ਼ਿੰਮੇਵਾਰੀ ਸੁੱਟ ਕੇ ਖੁਦ ਪੱਲਾ ਝਾੜਦੇ ਰਹੇ।
''ਜਿੱਥੇ ਮਾਈਨਿੰਗ ਮਾਫੀਏ ਵੱਲੋਂ ਇਸ ਕਾਰਨਾਮੇ ਰਾਹੀਂ ਕੁਦਰਤੀ ਸਰੋਤਾਂ ਦੀ ਬਰਬਾਦੀ ਕੀਤੀ ਜਾ ਰਹੀ ਹੈ, ਰੋਜ਼ਾਨਾ ਕਰੋੜਾਂ ਦੀ ਲੁੱਟ ਹੋ ਰਹੀ ਹੈ ਉਥੇ ਪ੍ਰਮੁੱਖ ਸੜਕਾਂ 'ਤੇ ਸ਼ਰੇਆਮ ਲੱਗੇ ਗੁੰਡਾ ਟੈਕਸ ਦੇ ਨਾਕੇ ਅਤੇ ਬਿਨਾਂ ਨੰਬਰ ਪਲੇਟਾਂ ਤੋਂ ਘੁੰਮ ਰਹੀਆਂ ਹਥਿਆਰਬੰਦ ਕਰਿੰਦਿਆਂ ਦੀਆਂ ਗੱਡੀਆਂ ਸੂਬੇ ਦੀ ਕਾਨੂੰਨ ਵਿਵਸਥਾ ਲਈ ਸਿੱਧਾ ਖਤਰਾ ਹੈ। ਅੰਤਰਰਾਜ਼ੀ ਸੈਂਕੜਿਆਂ ਦੀ ਤਦਾਦ 'ਚ ਪੰਜਾਬ ਆਏ ਗੁੰਡੇ ਨਾ ਕੇਵਲ ਆਰਥਕ ਲੁੱਟ ਹੀ ਕਰਨਗੇ ਬਲਕਿ ਸਾਡੀ ਜਵਾਨੀ ਨੂੰ ਵੀ ਕੁਰਾਹੇ ਪਹੁੰਚਾਉਣਗੇ।''-ਐਡਵੋਕੇਟ ਦਿਨੇਸ਼ ਚੱਢਾ