ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਟ੍ਰੈਵਲ ਏਜੰਟ ਨੇ ਕੀਤਾ ਬਲਾਤਕਾਰ

02/10/2020 6:19:38 PM

ਭੋਗਪੁਰ (ਸੂਰੀ)— ਭੋਗਪੁਰ ਪੁਲਸ ਵੱਲੋਂ ਇਕ ਏਜੰਟ ਖਿਲਾਫ ਲੜਕੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਧੋਖਾਦੇਹੀ ਅਤੇ ਜਬਰ-ਜ਼ਨਾਹ ਕਰਨ ਵਾਲੇ ਏਜੰਟ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦਰਜ ਕੀਤੇ ਗਏ ਮਾਮਲੇ ਅਨੁਸਾਰ ਕਾਲਾ ਬੱਕਰਾ ਨੇੜਲੇ ਇਕ ਪਿੰਡ ਦੀ ਵਸਨੀਕ ਲੜਕੀ (ਬਲਵੀਰ ਕੌਰ) ਨੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੂੰ ਇਕ ਸ਼ਿਕਾਇਤ ਦਿੱਤੀ ਸੀ, ਜਿਸ 'ਚ ਉਸ ਨੇ ਦੋਸ਼ ਲਾਏ ਸਨ ਕਿ ਏਜੰਟ ਗੁਰਨਾਮ ਸਿੰਘ ਉਰਫ ਬਾਬਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਭਟਨੂਰਾ ਲੁਬਾਣਾ ਥਾਣਾ ਭੋਗਪੁਰ ਨੇ ਉਕਤ ਲੜਕੀ ਨੂੰ ਕੈਨੇਡਾ ਭੇਜਣ ਲਈ ਉਸ ਦਾ ਭੋਗਪੁਰ ਦੇ ਇਕ ਨਿੱਜੀ ਬੈਂਕ 'ਚ ਖਾਤਾ ਖੁੱਲ੍ਹਵਾਇਆ ਸੀ। ਇਸ ਬੈਂਕ ਖਾਤੇ ਲਈ ਬੈਂਕ ਵੱਲੋਂ ਜਾਰੀ ਕੀਤੀ ਗਈ ਚੈੱਕ ਬੁੱਕ ਗੁਰਨਾਮ ਸਿੰਘ ਨੇ ਲੜਕੀ ਤੋਂ ਦਸਤਖਤ ਕਰਵਾਉਣ ਤੋਂ ਬਾਅਦ ਆਪਣੇ ਕੋਲ ਰੱਖ ਲਈ।

ਏਜੰਟ ਉਕਤ ਲੜਕੀ ਨੂੰ ਵਿਦੇਸ਼ ਲੈ ਗਿਆ, ਜਿੱਥੇ ਉਸ ਨੇ ਲੜਕੀ ਨਾਲ ਜਬਰ-ਜ਼ਨਾਹ ਕੀਤਾ। ਏਜੰਟ ਚੈੱਕ ਬੁੱਕ ਦਾ ਡਰਾਵਾ ਦੇ ਕੇ ਧਮਕਾਉਂਦਾ ਰਿਹਾ। ਜਦੋਂ ਲੜਕੀ ਨੇ ਏਜੰਟ ਦਾ ਵਿਰੋਧ ਕੀਤਾ ਤਾਂ ਏਜੰਟ ਨੇ ਲੜਕੀ ਦੇ ਬੈਂਕ ਅਕਾਊਂਟ ਦਾ ਦਸਤਖਤ ਕੀਤਾ ਚੈੱਕ ਆਪਣੇ ਕੁੜਮ ਹਰਜਿੰਦਰ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਪਠਾਨਕੋਟ ਨੂੰ ਦੇ ਦਿੱਤਾ। ਹਰਜਿੰਦਰ ਸਿੰਘ ਨੇ ਚੈੱਕ ਵਿਚ ਰਕਮ ਭਰ ਕੇ ਆਪਣੇ ਬੈਂਕ ਖਾਤੇ ਵਿਚ ਚੈੱਕ ਜਮ੍ਹਾ ਕਰਵਾ ਦਿੱਤਾ। ਜਦੋਂ ਚੈੱਕ ਫੇਲ ਹੋ ਕੇ ਵਾਪਸ ਆਇਆ ਤਾਂ ਹਰਜਿੰਦਰ ਸਿੰਘ ਨੇ ਲੜਕੀ ਖਿਲਾਫ ਅਦਾਲਤ ਵਿਚ ਕੇਸ ਕਰ ਦਿੱਤਾ। ਗੁਰਨਾਮ ਸਿੰਘ ਨੇ ਵੀ ਲੜਕੀ ਦੇ ਦੋ ਚੈੱਕ ਆਪਣੇ ਬੈਂਕ ਖਾਤਿਆਂ ਵਿਚ ਲਾ ਦਿੱਤੇ ਅਤੇ ਚੈੱਕ ਪਾਸ ਨਾ ਹੋਣ ਕਾਰਨ ਉਸ ਦੇ ਖਿਲਾਫ ਅਦਾਲਤ ਵਿਚ ਦੋ ਕੇਸ ਦਾਇਰ ਕਰ ਦਿੱਤੇ।

ਸ਼ਿਕਾਇਤ ਦੀ ਪੜਤਾਲ ਦੌਰਾਨ ਪੁਲਸ ਵੱਲੋਂ ਗੁਰਨਾਮ ਸਿੰਘ ਨੂੰ ਪ੍ਰਵਾਨੇ ਭੇਜੇ ਗਏ ਪਰ ਉਹ ਜਾਂਚ ਟੀਮ ਅੱਗੇ ਪੇਸ਼ ਨਾ ਹੋਇਆ। ਗੁਰਨਾਮ ਸਿੰਘ ਨੇ ਲੜਕੀ ਵੱਲੋਂ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਦੇ ਮਾਮਲੇ ਵਿਚ ਗ੍ਰਿਫਤਾਰੀ ਤੋਂ ਬਚਣ ਲਈ ਜਲੰਧਰ ਦੀ ਇਕ ਅਦਾਲਤ ਵਿਚ ਅਗਾਊਂ ਜ਼ਮਾਨਤ ਲਈ ਅਰਜ਼ੀ ਲਾ ਦਿੱਤੀ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਉੱਚ ਅਫਸਰਾਂ ਪਾਸੋਂ ਕਰਵਾਈ ਗਈ, ਜਿਸ ਵਿਚ ਲੜਕੀ ਵੱਲੋਂ ਲਾਏ ਗਏ ਦੋਸ਼ ਸਹੀ ਪਾਏ ਗਏ ਅਤੇ ਪੁਲਸ ਵੱਲੋਂ ਡੀ. ਏ. ਲੀਗਲ ਦੀ ਰਾਏ ਲੈਣ ਤੋਂ ਬਾਅਦ ਏਜੰਟ ਗੁਰਨਾਮ ਸਿੰਘ ਖਿਲਾਫ ਧੋਖਾਦੇਹੀ ਅਤੇ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।


shivani attri

Content Editor

Related News