ਮਾਮਲਾ ਸਹੇਲੀ ਨਾਲ ਰੇਪ ਕਰਵਾਉਣ ਦਾ, ਲਾਂਬੜਾ ਪੁਲਸ ਵੱਲੋਂ ਮੁਲਜ਼ਮ ਭੈਣ-ਭਰਾ ਗ੍ਰਿਫਤਾਰ

08/24/2019 5:45:15 PM

ਲਾਂਬੜਾ (ਵਰਿੰਦਰ)— ਥਾਣਾ ਲਾਂਬੜਾ ਦੇ ਅਧੀਨ ਆਉਂਦੇ ਪਿੰਡ ਦੀ ਇਕ ਨਾਬਾਲਗ ਪੀੜਤ ਲੜਕੀ ਨੇ ਬੀਤੇ ਕੱਲ ਉਸ ਨੂੰ ਬਲੈਕਮੇਲ ਕਰਕੇ ਉਸ ਨਾਲ ਜਬਰ-ਜ਼ਨਾਹ ਕਰਨ ਦੀ ਸ਼ਿਕਾਇਤ ਦਰਜ ਕਰਾਈ ਸੀ। ਇਸ ਕੇਸ 'ਚ ਲਾਂਬੜਾ ਪੁਲਸ ਨੇ ਮੁਲਜ਼ਮ ਗੁਰਵਿੰਦਰ ਸਿੰਘ ਅਤੇ ਉਸ ਦੀ ਭੈਣ ਰਮਨੀ ਪੁੱਤਰ/ਪੁੱਤਰੀ ਬਲਵੀਰ ਸਿੰਘ ਵਾਸੀ ਪਿੰਡ ਗਾਖਲ ਖਿਲਾਫ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ| ਇਸ ਸਬੰਧ 'ਚ ਬੀਤੇ ਦਿਨ ਇਥੇ ਥਾਣਾ ਮੁਖੀ ਲਾਂਬੜਾ ਪੁਸ਼ਪ ਬਾਲੀ ਨੇ ਦੱਸਿਆ ਕਿ ਪੁਲਸ ਵੱਲੋਂ ਮੁਲਜ਼ਮ ਰਮਨੀ ਨੂੰ ਇਥੋਂ ਦੇ ਪਿੰਡ ਗਾਖਲਾਂ ਦੇ ਗੇਟ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਅਤੇ ਮੁਲਜ਼ਮ ਗੁਰਵਿੰਦਰ ਸਿੰਘ ਨੂੰ ਇਥੋਂ ਦੇ ਪਿੰਡ ਧਾਰੀਵਾਲ ਕਾਦੀਆਂ ਦੇ ਗੇਟ ਨੇੜਿਓਂ ਗ੍ਰਿਫਤਾਰ ਕਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਪੀੜਤ ਨਾਬਾਲਗਾ ਜਲੰਧਰ ਦੇ ਇਕ ਕਾਲਜ ਦੀ ਵਿਦਿਆਰਥਣ ਨੇ ਸਥਾਨਕ ਪੁਲਸ ਪਾਸ ਕੇਸ ਦਰਜ ਕਰਵਾਇਆ ਸੀ ਕਿ ਰਮਨੀ ਨਾਮਕ ਲੜਕੀ ਉਸ ਦੀ ਦੋਸਤ ਹੋਣ ਕਰਕੇ ਉਨ੍ਹਾਂ ਦਾ ਇਕ-ਦੂਜੇ ਦੇ ਘਰ ਆਉਣਾ ਜਾਣਾ ਸੀ। ਰਮਨੀ ਦਾ ਭਰਾ ਗੁਰਵਿੰਦਰ ਸਿੰਘ ਉਸ 'ਤੇ ਸ਼ੁਰੂ ਤੋਂ ਹੀ ਬੁਰੀ ਨਜ਼ਰ ਰੱਖਦਾ ਸੀ। ਇਕ ਦਿਨ ਰਮਨੀ ਉਸ ਨੂੰ ਸ਼ਹਿਰ ਦਾ ਬਹਾਨਾ ਬਣਾ ਕੇ ਆਪਣੇ ਘਰ ਲੈ ਗਈ, ਜਿੱਥੇ ਉਸ ਨੂੰ ਨਸ਼ੀਲੀ ਕੋਲਡ ਡਰਿੰਕ ਪਿਲਾ ਕੇ ਬੇਹੋਸ਼ ਕਰ ਦਿੱਤਾ ਗਿਆ। ਬੇਹੋਸ਼ੀ ਦੌਰਾਨ ਗੁਰਵਿੰਦਰ ਸਿੰਘ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਉਸ ਨੂੰ ਧਮਕੀ ਦਿੱਤੀ ਕਿ ਉਸ ਨੇ ਮੇਰੀਆਂ ਨਗਨ ਅਵਸਥਾ 'ਚ ਫੋਟੋਆਂ ਅਤੇ ਵੀਡੀਓ ਰਿਕਾਰਡ ਕਰ ਲਈਆਂ ਹਨ। ਜੇਕਰ ਉਸ ਨੇ ਮੂੰਹ ਖੋਲ੍ਹਿਆ ਤਾਂ ਉਹ ਉਨ੍ਹਾਂ ਨੂੰ ਵਾਇਰਲ ਕਰ ਦੇਵੇਗਾ। ਮੁਲਜ਼ਮ ਗੁਰਵਿੰਦਰ ਸਿੰਘ ਲਗਭਗ 2 ਸਾਲ ਤੱਕ ਪੀੜਤ ਲੜਕੀ ਨੂੰ ਫੋਟੋ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ।

ਜਦ ਪੀੜਤ ਲੜਕੀ ਨੇ ਅੱਗੇ ਤੋਂ ਸਰੀਰਕ ਸਬੰਧ ਬਣਾਉਣ ਤੋਂ ਸਾਫ ਮਨ੍ਹਾ ਕਰ ਦਿੱਤਾ ਤਾਂ ਮੁਲਜ਼ਮ ਗੁਰਵਿੰਦਰ ਸਿੰਘ ਨੇ ਉਸ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਕਰ ਦਿੱਤੀਆਂ। ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਮੁਲਜ਼ਮ ਰਮਨੀ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ ਅਤੇ ਮੁਲਜ਼ਮ ਗੁਰਵਿੰਦਰ ਸਿੰਘ ਨੂੰ ਕੱਲ ਅਦਾਲਤ 'ਚ ਪੇਸ਼ ਕਰਕੇ ਉਸ ਦਾ ਰਿਮਾਂਡ ਲੈ ਕੇ ਉਸ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

shivani attri

This news is Content Editor shivani attri