ਨੌਜਵਾਨ ਵਲੋਂ ਵਿਆਹ ਤੋਂ ਮਨ੍ਹਾ ਕਰਨ ''ਤੇ ਲੜਕੀ ਨੇ ਨਿਗਲੀ ਜ਼ਹਿਰੀਲੀ ਵਸਤੂ, ਮੌਤ

02/25/2020 1:06:59 AM

ਨਵਾਂਸ਼ਹਿਰ,(ਤ੍ਰਿਪਾਠੀ)- ਪਿਛਲੇ 3 ਸਾਲਾਂ ਤੋਂ ਚੱਲਦੇ ਆ ਰਹੇ ਪ੍ਰੇਮ ਸਬੰਧਾਂ ਕਰ ਕੇ ਨੌਜਵਾਨ ਵੱਲੋਂ ਵਿਆਹ ਤੋਂ ਮਨ੍ਹਾ ਕਰਨ 'ਤੇ ਕਾਲਜ ਵਿਦਿਆਰਥਣ ਵੱਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਇਕ ਵਿਅਕਤੀ ਨੇ ਦੱਸਿਆ ਕਿ ਉਹ ਥਾਣਾ ਰਾਹੋਂ ਦੇ ਅਧੀਨ ਪੈਂਦੇ ਇਕ ਪਿੰਡ ਵਿਚ ਰਹਿੰਦਾ ਹੈ ਅਤੇ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸਦੇ 3 ਬੱਚਿਆਂ ਵਿਚੋਂ 2 ਲੜਕੇ ਅਤੇ ਇਕ ਲੜਕੀ ਹੈ, ਜੋ ਬੰਗਾ ਦੇ ਇਕ ਕਾਲਜ ਵਿਚ ਬੀ.ਕਾਮ ਦੀ ਵਿਦਿਆਰਥਣ ਹੈ। ਸ਼ਨੀਵਾਰ ਨੂੰ ਵੀ ਉਹ ਰੋਜ਼ਾਨਾ ਦੀ ਤਰ੍ਹਾਂ ਕਾਲਜ ਗਈ ਸੀ। ਸ਼ਾਮ ਕਰੀਬ 5 ਵਜੇ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚੋਂ ਉਸਨੂੰ ਫੋਨ ਆਇਆ ਕਿ ਉਸਦੀ ਲੜਕੀ ਨੇ ਕੋਈ ਜ਼ਹਿਰੀਲੀ ਵਸਤੂ ਖਾ ਲਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਉਪਰੰਤ ਉਹ ਆਪਣੇ ਪਰਿਵਾਰ ਸਣੇ ਉਪਰੋਕਤ ਹਸਪਤਾਲ ਵਿਖੇ ਪੁੱਜਿਆ, ਜਿੱਥੇ ਉਸਦੀ ਲੜਕੀ ਬੇਹੋਸ਼ ਹਾਲਤ ਵਿਚ ਪਈ ਸੀ ਅਤੇ ਇਲਾਜ ਦੌਰਾਨ ਉਸਦੀ ਰਾਤ 10 ਵਜੇ ਮੌਤ ਹੋ ਗਈ। ਉਸਦੀ ਲੜਕੀ ਨਾਲ ਪਿਛਲੇ ਕਰੀਬ 3 ਸਾਲਾਂ ਤੋਂ ਪਿੰਡ ਅਟਾਰੀ ਥਾਣਾ ਰਾਹੋਂ ਵਾਸੀ ਲਵਦੀਪ ਪੁੱਤਰ ਹਰਨੇਕ ਸਿੰਘ ਦੇ ਪ੍ਰੇਮ ਸੰਬੰਧ ਸਨ, ਜਿਸ ਸਬੰਧੀ ਉਸਦੀ ਲੜਕੀ ਗੱਲ ਕਰਦੀ ਰਹਿੰਦੀ ਸੀ। ਉਪਰੋਕਤ ਨੌਜਵਾਨ ਨੇ ਉਸਦੀ ਲੜਕੀ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਅਤੇ ਜਦੋਂ ਉਸਦੀ ਲੜਕੀ ਨੇ ਵਿਆਹ ਲਈ ਕਿਹਾ ਤਾਂ ਉਪਰੋਕਤ ਨੌਜਵਾਨ ਨੇ ਵਿਆਹ ਤੋਂ ਸਾਫ ਮਨ੍ਹਾ ਕਰ ਦਿੱਤਾ। ਜਿਸ ਉਪਰੰਤ ਉਸਦੀ ਲੜਕੀ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਸ ਨੇ ਉਪਰੋਕਤ ਸ਼ਿਕਾਇਤ ਦੇ ਆਧਾਰ 'ਤੇ ਨੌਜਵਾਨ ਖਿਲਾਫ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 


Related News