ਸਾਂਝਾ ਅਧਿਆਪਕ ਮੋਰਚਾ ਨੇ ਆਪਣੀਆਂ ਮੰਗਾਂ ਸਬੰਧੀ ਵਿਧਾਇਕ ਗਿਲਜੀਆਂ ਨੂੰ ਦਿੱਤਾ ਮੰਗ ਪੱਤਰ

11/15/2018 3:53:34 PM

ਟਾਂਡਾ ਉੜਮੁੜ  (ਵਰਿੰਦਰ ਪੰਡਿਤ)—ਤਨਖਾਹਾਂ ਵਿੱਚ ਕਟੌਤੀ ਦੇ ਮੁੱਦੇ ਤੇ ਅੰਦੋਲਨ ਕਰ ਰਹੇ ਅਧਿਆਪਕਾਂ ਦੇ ਇੱਕ ਵਫਦ ਨੇ ਸਾਂਝਾ ਅਧਿਆਪਕ ਮੋਰਚੇ ਦੇ ਬੈਨਰ ਅਧੀਨ ਅੱਜ ਹਲਕਾ ਉੜਮੁੜ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੂੰ ਮਿਲ ਕੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ। ਰਮੇਸ਼ ਹੁਸ਼ਿਆਰਪੁਰੀ ਅਤੇ ਅਮਰ ਸਿੰਘ ਦੀ ਅਗਵਾਈ ਵਿੱਚ ਵਿਧਾਇਕ ਗਿਲਜੀਆਂ ਨਾਲ ਮੁਲਾਕਾਤ ਦੌਰਾਨ ਅਧਿਆਪਕਾਂ ਦੇ ਵਢਦ ਨੇ ਕਿਹਾ ਕਿ ਜਿੱਥੇ ਸਰਕਾਰ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂ ਤੇ ਤਨਖਾਹਾਂ ਵਿੱਚ ਕਟੌਤੀ ਕਰ ਰਹੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੇ 5178  ਅਧਿਆਪਕਾਂ ਨੂੰ ਰੈਗੂਲਰ ਕਰਨ ਤੋਂ ਆਨਾਕਾਨੀ ਕਰ ਰਹੀ ਹੈ ਉੱਥੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ ਸੰਘਰਸ਼ ਦੀ ਆੜ ਵਿੱਚ ਨਿੱਜੀ ਰੰਜਿਸ਼ਾਂ ਕੱਢ ਕੇ ਜ਼ਿਲੇ ਵਿੱਚ ਮਹੌਲ ਖਰਾਬ ਕਰ ਰਹੇ ਹਨ। ਉਨ੍ਹਾਂ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ਤੇ ਰੈਗੂਲਰ ਕਰਨ, ਜ਼ਿਲਾ ਸਿੱਖਿਆ ਅਫਸਰਾਂ ਵਲੋਂ ਨਿੱਜੀ ਰੰਜਿਸ਼ ਅਧੀਨ ਕਰਵਾਈਆਂ ਅਧਿਆਪਕਾਂ ਦੀ ਮੁਅੱਤਲੀਆਂ ਅਤੇ ਬਦਲੀਆਂ ਰੱਦ ਕਰਨ ਅਤੇ ਦੋਵੇਂ ਸਿੱਖਿਆ ਅਫਸਰਾਂ ਦੀ ਤੁਰੰਤ ਬਦਲੀ ਦੀ ਮੰਗ ਰੱਖਦਿਆਂ ਜ਼ਿਲਾ ਹੁਸ਼ਿਆਰਪੁਰ ਦੇ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਸਾਂਝੇ ਤੌਰ 'ਤੇ ਅਧਿਆਪਕਾਂ ਦੀ ਗੱਲ ਸਰਕਾਰ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਇਸ ਮੌਕੇ ਵਿਧਾਇਕ ਗਿਲਜੀਆਂ ਨੇ ਵਫਦ ਨੂੰ ਉਨ੍ਹਾਂ ਦੀਆਂ ਮੰਗਾਂ ਸਾਰੇ ਵਿਧਾਇਕਾਂ ਵਲੋਂ ਵਿਚਾਰਨ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਰਮੇਸ਼ ਹੁਸ਼ਿਆਰਪੁਰੀ, ਅਮਰ ਸਿੰਘ,ਭਜਨੀਕ ਸਿੰਘ, ਅਜੀਤ ਸਿੰਘ, ਗੁਰਨਾਮ ਸਿੰਘ, ਮਨਦੀਪ ਸਿੰਘ, ਪ੍ਰਦੀਪ ਕੁਮਾਰ, ਗੁਰਮੇਲ ਸਿੰਘ, ਨਰਿੰਦਰ ਮੰਗਲ, ਅਜੀਤ ਸਿੰਘ, ਅਰੁਣ ਕੁਮਾਰ ਆਦਿ ਮੌਜੂਦ ਸਨ।

Shyna

This news is Content Editor Shyna