ਆਮ ਜਨਤਾ ਵਲੋਂ ਮਿਲਟਰੀ ਰੰਗ ਦੀ ਵਰਦੀ ਤੇ ਵਾਹਨਾਂ ਦੀ ਵਰਤੋਂ ''ਤੇ ਪਾਬੰਦੀ

05/25/2019 6:41:21 PM

ਕਪੂਰਥਲਾ,(ਮਹਾਜਨ): ਭਾਰਤੀ ਫ਼ੌਜ ਨੂੰ ਛੱਡ ਕੇ ਕੋਈ ਵੀ ਵਿਅਕਤੀ ਜ਼ਿਲ੍ਹਾ ਕਪੂਰਥਲਾ ਅੰਦਰ ਓਲਿਵ ਗ੍ਰੀਨ ਰੰਗ ਦੀ (ਮਿਲਟਰੀ ਰੰਗ) ਵਰਦੀ ਤੇ ਇਸੇ ਰੰਗ ਦੇ ਵਾਹਨਾਂ ਦੀ ਵਰਤੋਂ ਨਹੀਂ ਕਰੇਗਾ।ਇਹ ਹੁਕਮ ਜ਼ਿਲ੍ਹਾ ਮੈਜਿਸਟ੍ਰੇਟ ਡੀ. ਪੀ. ਐਸ ਖਰਬੰਦਾ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਾਰੀ ਕੀਤੇ ਹਨ।
ਇਹ ਹੁਕਮ 20 ਜੁਲਾਈ 2019 ਤੱਕ ਲਾਗੂ ਰਹਿਣਗੇ। ਜਾਰੀ ਹੁਕਮਾਂ 'ਚ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਹੈ ਕਿ ਕੁਝ ਵਿਅਕਤੀ ਓਲਿਵ ਗ੍ਰੀਨ ਰੰਗ (ਮਿਲਟਰੀ ਰੰਗ) ਦੀ ਵਰਦੀ ਤੇ ਇਸੇ ਰੰਗ ਦੇ ਵਾਹਨ, ਜਿਹੜੇ ਕਿ ਭਾਰਤੀ ਫ਼ੌਜ ਦੁਆਰਾ ਵਰਤੇ ਜਾਂਦੇ ਹਨ, ਦੀ ਕਿਸੇ ਵੀ ਸਮਾਜ ਵਿਰੋਧੀ ਤੱਤਾਂ ਵਲੋਂ ਅਜਿਹੇ ਰੰਗ ਦੀ ਵਰਦੀ ਜਾਂ ਵਾਹਨਾਂ ਆਦਿ ਦੀ ਵਰਤੋਂ ਕਰਦਿਆਂ ਕੋਈ ਵੀ ਗੈਰ-ਕਾਨੂੰਨੀ ਕਾਰਵਾਈ ਜਾਂ ਹਿੰਸਕ ਘਟਨਾ ਨੂੰ ਅੰਜਾਮ ਦੇ ਸਕਦੇ ਹਨ, ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਲਈ ਫ਼ੌਜ ਦੀ ਵਰਦੀ ਤੇ ਵਾਹਨਾਂ ਦੀ ਵੱਖਰੀ ਪਛਾਣ ਨੂੰ ਯਕੀਨੀ ਬਣਾਉਣ ਲਈ ਤੇ ਅਜਿਹੀਆਂ ਘਟਨਾਵਾਂ ਰੋਕਣ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਓਲਿਵ ਗ੍ਰੀਨ ਰੰਗ ਦੀ ਵਰਦੀ ਤੇ ਇਸੇ ਰੰਗ ਦੀਆਂ ਜੀਪਾਂ/ਮੋਟਰ ਸਾਈਕਲਾਂ/ਮੋਟਰ ਗੱਡੀਆਂ ਦੀ ਵਰਤੋਂ ਆਮ ਜਨਤਾ ਵਲੋਂ ਤੁਰੰਤ ਬੰਦ ਕੀਤੀ ਜਾਵੇ।