ਗੜ੍ਹਸ਼ੰਕਰ ਦੇ ਪ੍ਰਾਇਮਰੀ ਸਕੂਲ (ਲੜਕੀਆਂ) ਦੇ ਇਕ ਕਮਰੇ ’ਚ ਲੱਗਦੀਆਂ ਦੋ ਜਮਾਤਾਂ, 8 ’ਚੋਂ 5 ਕਮਰੇ ਅਸੁਰੱਖਿਅਤ

08/01/2022 5:34:27 PM

ਗੜ੍ਹਸ਼ੰਕਰ (ਸ਼ੋਰੀ) : ਇਥੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ’ਚ ਵਿਦਿਆਰਥਣਾਂ ਲਈ ਸਰਕਾਰ ਦੇ ਨਿਕੰਮੇ ਪ੍ਰਬੰਧਾਂ ਦੀ ਤਸਵੀਰ ਸਾਹਮਣੇ ਨਜ਼ਰ ਆ ਰਹੀ ਹੈ। ਇਸ ਸਕੂਲ ਦੀ ਇਮਾਰਤ ’ਚ ਕੁਲ 8 ਕਮਰੇੇ ਬਣੇ ਹੋਏ ਹਨ, ਜਿਸ ’ਚੋਂ ਪੰਜ ਕਮਰਿਆਂ ਨੂੰ ਲੋਕ ਨਿਰਮਾਣ ਵਿਭਾਗ ਵੱਲੋਂ ਅਸੁਰੱਖਿਅਤ ਐਲਾਨਿਆ ਜਾ ਚੁੱਕਾ ਹੈ। ਸਕੂਲ ਦੀਆਂ ਸੱਤ ਜਮਾਤਾਂ ਦੇ ਕੁਲ 178 ਵਿਦਿਆਰਥਣਾਂ ਨੂੰ 3 ਕਮਰਿਆਂ ’ਚ ਜਿਵੇਂ-ਕਿਵੇਂ ਕਰਕੇ ਪੜ੍ਹਾਇਆ ਜਾ ਰਿਹਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਇਕ ਇਕ ਕਮਰੇ ’ਚ ਦੋ-ਦੋ ਜਮਾਤਾਂ ਬਿਠਾਈਆਂ ਜਾ ਰਹੀਆਂ ਹਨ। ਜਦ ਇਕ ਅਧਿਆਪਕ ਆਪਣੀ ਜਮਾਤ ਨੂੰ ਪੜ੍ਹਾਉਂਦਾ ਹੈ ਤਾਂ ਮਜਬੂਰਨ ਦੂਸਰੀ ਜਮਾਤ ਦੇ ਅਧਿਆਪਕ ਨੂੰ ਚੁੱਪ ਰਹਿਣਾ ਪੈਂਦਾ ਹੈ ਅਤੇ ਜਦ ਦੂਸਰਾ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਹੈ ਤਾਂ ਪਹਿਲੀ ਜਮਾਤ ਚੁੱਪ ਹੋ ਜਾਂਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਕਮਰੇ ਅੰਦਰ ਐੱਲ. ਕੇ. ਜੀ. ਅਤੇ ਯੂ. ਕੇ. ਜੀ. ਦੇ ਵਿਦਿਆਰਥੀਆਂ ਨੂੰ ਇਕੱਠੇ ਪੜ੍ਹਾਇਆ ਜਾ ਰਿਹਾ ਹੈ, ਦੂਸਰੇ ਕਮਰੇ ’ਚ ਤੀਸਰੀ ਤੇ ਚੌਥੀ ਜਮਾਤ ਦੇ ਬੱਚਿਆਂ ਨੂੰ ਬਿਠਾਇਆ ਜਾਦਾ ਹੈ, ਤੀਸਰੇ ਕਮਰੇ ’ਚ ਦੂਸਰੀ ਜਮਾਤ ਦੇ ਬੱਚਿਆਂ ਨੂੰ ਬਿਠਾਇਆ ਜਾਂਦਾ ਹੈ। ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਬਰਾਂਡੇ ’ਚ ਬਿਠਾ ਕੇ ਪੜ੍ਹਾਇਆ ਜਾ ਰਿਹਾ ਹੈ। ਹੈਰਾਨੀ ਹੁੰਦੀ ਹੈ ਉਸ ਸਿਸਟਮ ’ਤੇ ਜੋ ਪੰਜਾਬ ਨੂੰ ਸਿੱਖਿਆ ਦੇ ਖੇਤਰ ’ਚ ਨੰਬਰ ਵੰਨ ਰੱਖ ਦਿੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਮਾਨ ਸਰਕਾਰ’ ਨੇ ਹੁਣ ਤਕ ਦੇ ਕਾਰਜਕਾਲ ਦੌਰਾਨ ਸਹੇੜੇ ਇਹ ਵੱਡੇ ਵਿਵਾਦ

ਸਕੂਲ ਦੇ ਜਿਨ੍ਹਾਂ ਕਮਰਿਆਂ ’ਚ ਪੜ੍ਹਾਈ ਕਰਵਾਈ ਜਾ ਰਹੀ ਹੈ, ਉਨ੍ਹਾਂ ਦੀਆਂ ਛੱਤਾਂ ਵੀ ਬਾਲੇ ਤੇ ਇੱਟਾਂ ਵਾਲੀਆਂ ਹਨ ਅਤੇ ਇਨ੍ਹਾਂ ਦੀ ਹਾਲਤ ਵੀ ਕੋਈ ਬਹੁਤੀ ਜ਼ਿਆਦਾ ਚੰਗੀ ਨਹੀਂ ਹੈ। ਇਸ ਸਕੂਲ ਦੇ ਕੋਲ ਆਪਣੀ ਇਕ ਐੱਲ. ਸੀ. ਡੀ., 4 ਕੰਪਿਊਟਰ ਤੇ ਇਕ ਪ੍ਰੋਜੈਕਟ ਹੋਣ ਦੇ ਬਾਵਜੂਦ ਇਹ ਸਾਜ਼ੋ-ਸਾਮਾਨ ਵਰਤੋਂ ’ਚ ਨਹੀਂ ਆ ਰਹੇ। ਸਕੂਲ ’ਚ ਜਗ੍ਹਾ ਘੱਟ ਹੋਣ ਕਾਰਨ ਕਈ ਵਿਦਿਆਰਥਣਾਂ ਨੂੰ ਫ਼ਰਸ਼ ’ਤੇ ਹੀ ਬਿਠਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਸਕੂਲ ਦੇ ਸਾਲ 2019 ’ਚ ਦੋ ਕਮਰੇ ਅਣਸੁਰੱਖਿਅਤ ਐਲਾਨੇ ਜਾ ਚੁੱਕੇ ਹਨ ਅਤੇ ਸਾਲ 2012 ’ਚ ਤਿੰਨ ਹੋਰ ਕਮਰੇ ਅਣਸੁਰੱਖਿਅਤ ਲੋਕ ਨਿਰਮਾਣ ਵਿਭਾਗ ਵੱਲੋਂ ਐਲਾਨੇ ਗਏ, ਬਾਵਜੂਦ ਇਸ ਦੇ ਅੱਜ ਤੱਕ ਇਸ ਸਕੂਲ ਦੀ ਇਮਾਰਤ ਵੱਲ ਨਾ ਤਾਂ ਪਿਛਲੀ ਕਾਂਗਰਸ ਸਰਕਾਰ ਨੇ ਕੋਈ ਧਿਆਨ ਦਿੱਤਾ ਤੇ ਨਾ ਹੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਪਾਸੇ ਕੋਈ ਜ਼ਮੀਨੀ ਪੱਧਰ ’ਤੇ ਕੰਮ ਹੁੰਦਾ ਨਜ਼ਰ ਆ ਰਿਹਾ ਹੈ। ਆਮ ਲੋਕਾਂ ਦੀ ਮੰਗ ਹੈ ਕਿ ਸ਼ਹਿਰ ਦੇ ਬਿਲਕੁਲ ਵਿਚਕਾਰ ਬਣੇ ਹੋਏ ਇਸ ਪ੍ਰਾਇਮਰੀ ਸਕੂਲ ਵੱਲ ਸਰਕਾਰ ਤੁਰੰਤ ਗੌਰ ਕਰੇ ਅਤੇ ਬਿਨਾਂ ਦੇਰੀ ਸਕੂਲ ’ਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਦੇ ਬੈਠਣ ਦਾ ਆਰਜ਼ੀ ਪ੍ਰਬੰਧ ਕਰੇ ਤੇ ਇਸ ਸਕੂਲ ਦੀ ਨਵੀਂ ਬਿਲਡਿੰਗ ਬਣਾ ਕੇ ਦਿੱਤੀ ਜਾਵੇ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਨਸ਼ਾ ਸਮੱਗਲਰਾਂ ਨੂੰ ਲੈ ਕੇ ਵੱਡੀ ਕਾਰਵਾਈ, IG ਗਿੱਲ ਨੇ ਕੀਤੇ ਅਹਿਮ ਖ਼ੁਲਾਸੇ

ਇਸ ਸਕੂਲ ਅੰਦਰ ਕੁੱਲ 8 ਅਧਿਆਪਕਾਂ ਦੀਆਂ ਪੋਸਟਾਂ ਹਨ, ਜਿਨ੍ਹਾਂ ’ਚ ਚਾਰ ਈ. ਟੀ. ਟੀ., ਇਕ ਹੈੱਡ ਟੀਚਰ ਤੇ ਦੋ ਐੱਨ. ਟੀ. ਟੀ. ਟੀਚਰ ਹਨ। ਇਸ ਮੌਕੇ ਇਕ ਅਧਿਆਪਕ ਨੂੰ ਡੈਪੂਟੇਸ਼ਨ ’ਤੇ ਨਜ਼ਦੀਕੀ ਇਕ ਪਿੰਡ ’ਚ ਭੇਜਿਆ ਹੋਇਆ ਹੈ, ਜਿਸ ਨੂੰ ਕਿ ਵਾਪਸ ਇਸ ਸਕੂਲ ਨੂੰ ਜ਼ਰੂਰਤ ਹੋਣ ਦੇ ਬਾਵਜੂਦ ਨਹੀਂ ਦਿੱਤਾ ਜਾ ਰਿਹਾ। ਇਸ ਸਕੂਲ ਵਿਚ ਸਾਲ 2019 ’ਚ 102 ਬੱਚੇ ਪੜ੍ਹਦੇ ਸੀ, ਜੋ ਸਾਲ 2000 ਵਿਚ 111, ਸਾਲ 2021 ’ਚ 148 ਤੇ ਹੁਣ ਇਸ ਸਾਲ ਇਹ ਅੰਕੜਾ ਵਧ ਕੇ 178 ਹੋ ਚੁੱਕਾ ਹੈ। ਇਸ ਸੰਬੰਧੀ ਗੱਲਬਾਤ ਕਰਨ ’ਤੇ ਹੈੱਡ ਟੀਚਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਅਸੁਰੱਖਿਅਤ ਇਮਾਰਤਾਂ ਅੰਦਰ ਕਿਸੇ ਦੀ ਵਿਦਿਆਰਥਣ ਨੂੰ ਨਹੀਂ ਜਾਣ ਦਿੱਤਾ ਜਾਂਦਾ ਤੇ ਨਾ ਹੀ ਕੋਈ ਕਲਾਸ ਲਗਾਈ ਜਾਂਦੀ ਹੈ ਅਤੇ ਜੋ ਸਾਡੇ ਕੋਲ ਵਰਤਣ ਲਈ ਥਾਂ ਹੈ, ਉਸ ਵਿਚ ਸਾਰੇ ਵਿਦਿਆਰਥੀਆਂ ਨੂੰ ਬਹੁਤ ਮੁਸ਼ਕਿਲ ਨਾਲ ਅੈਡਜਸਟ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਬੈਠਣ ਦੇ ਬਦਲਵੇਂ ਪ੍ਰਬੰਧ ਜ਼ਰੂਰੀ ਹਨ। ਬਲਾਕ ਨੋਡਲ ਅਫਸਰ ਗੁਰਦੇਵ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਹੋਰ ਕਿਸੇ ਇਮਾਰਤ ਦਾ ਪ੍ਰਬੰਧ ਨਾ ਹੋਣ ਕਾਰਨ ਸਮੱਸਿਆ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸਾਰੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਮੰਨਿਆ ਕਿ ਵਿਦਿਆਰਥਣਾਂ ਅਤੇ ਅਧਿਆਪਕਾਂ ਲਈ ਇਹ ਇਕ ਮੁਸੀਬਤ ਬਣੀ ਹੋਈ ਹੈ।

Manoj

This news is Content Editor Manoj