ਸੀਵਰੇਜ ਬੋਰਡ ਦੇ ਰੈਸਟ ਹਾਊਸ ਨੇੜੇ ਨਹੀਂ ਬਣੇਗਾ ਕੂੜੇ ਦਾ ਡੰਪ, ਮੇਅਰ ਅਤੇ ਕਮਿਸ਼ਨਰ ਨੇ ਦਿੱਤਾ ਭਰੋਸਾ

08/16/2020 1:15:06 PM

ਜਲੰਧਰ (ਖੁਰਾਣਾ) – ਨਗਰ ਨਿਗਮ ਪ੍ਰਸ਼ਾਸਨ ਅਤੇ ਨਿਗਮ ਦੀ ਸੈਨੀਟੇਸ਼ਨ ਐਡਹਾਕ ਕਮੇਟੀ ਨੇ ਸ਼ਹਿਰ ਦੀਆਂ ਮੇਨ ਸੜਕਾਂ ’ਤੇ ਬਣੇ ਕੂੜੇ ਦੇ ਡੰਪਾਂ ਦੀਆਂ ਥਾਵਾਂ ਨੂੰ ਦੂਜੀ ਜਗ੍ਹਾ ਸ਼ਿਫਟ ਕਰਨ ਦੀ ਜੋ ਯੋਜਨਾ ਬਣਾਈ ਸੀ, ਉਸ ਤਹਿਤ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਸਾਹਮਣੇ ਵਾਲੇ ਡੰਪ ਨੂੰ ਸੀਵਰੇਜ ਬੋਰਡ ਦੇ ਰੈਸਟ ਹਾਊਸ ਨੇੜੇ ਖਾਲੀ ਪਈ ਜਗ੍ਹਾ ’ਤੇ ਸ਼ਿਫਟ ਕਰਨ ਦਾ ਪ੍ਰੋਗਰਾਮ ਸੀ। ਇਸ ਬਾਰੇ ਪਤਾ ਲੱਗਦੇ ਹੀ ਕੌਂਸਲਰ ਅਰੁਣਾ ਅਰੋੜਾ ਆਦਿ ਨੇ ਇਸ ਦਾ ਜ਼ਬਰਦਸਤ ਵਿਰੋਧ ਸ਼ੁਰੂ ਕਰ ਦਿੱਤਾ।

ਉਸ ਤੋਂ ਬਾਅਦ ਜੀ. ਟੀ. ਬੀ. ਨਗਰ ਵੈੱਲਫੇਅਰ ਸੋਸਾਇਟੀ ਵੀ ਡੰਪ ਦੇ ਵਿਰੋਧ ਵਿਚ ਉਤਰ ਆਈ ਅਤੇ ਜੀ. ਟੀ. ਬੀ. ਨਗਰ ਦੀ ਮੇਨ ਰੋਡ ਦੇ ਸੁੰਦਰੀਕਰਨ ਦਾ ਕੰਟਰੈਕਟ ਲੈਣ ਵਾਲੀ ਰੀਅਲ ਅਸਟੇਟ ਫਰਮ ਲੈਂਡਮਾਰਕ ਕਾਲੋਨਾਈਜ਼ਰਜ਼ ਗਰੁੱਪ ਨੇ ਵੀ ਡੰਪ ਦਾ ਵਿਰੋਧ ਕਰਦਿਆਂ ਮੇਅਰ ਕੋਲੋਂ ਇਸ ਮਾਮਲੇ ਵਿਚ ਦਖਲ ਦੇਣ ਦੀ ਮੰਗ ਕੀਤੀ ਸੀ।

ਹੁਣ ਮੇਅਰ ਜਗਦੀਸ਼ ਰਾਜਾ ਤੋਂ ਇਲਾਵਾ ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਨੇ ਵੀ ਸੋਸਾਇਟੀ ਤੇ ਹੋਰਨਾਂ ਨੂੰ ਭਰੋਸਾ ਦਿੱਤਾ ਹੈ ਕਿ ਇਥੇ ਡੰਪ ਨੂੰ ਸ਼ਿਫਟ ਨਹੀਂ ਕੀਤਾ ਜਾਵੇਗਾ ਅਤੇ ਕਿਸੇ ਹੋਰ ਜਗ੍ਹਾ ਦੀ ਭਾਲ ਕੀਤੀ ਜਾਵੇਗੀ। ਇਸ ਦੌਰਾਨ ਮਾਡਲ ਟਾਊਨ ਨਿਵਾਸੀ ਲਾਇਨ ਜੇ. ਬੀ. ਸਿੰਘ ਚੌਧਰੀ ਨੇ ਵੀ ਪ੍ਰਸਤਾਵਿਤ ਡੰਪ ਦਾ ਜ਼ੋਰਦਾਰ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਉਥੇ ਡੰਪ ਬਣਾਇਆ ਗਿਆ ਤਾਂ ਉਸ ਦਾ ਹਰ ਪੱਧਰ ’ਤੇ ਵਿਰੋਧ ਕੀਤਾ ਜਾਵੇਗਾ।


Harinder Kaur

Content Editor

Related News