ਦੀਪਾ ਦੇ ਭਰਾ ''ਤੇ ਹਮਲਾ ਕਰਨਾ ਚਾਹੁੰਦਾ ਸੀ CIA ਸਟਾਫ ਵੱਲੋਂ ਕਾਬੂ ਗੈਂਗਸਟਰ ਜੱਗਾ

01/29/2020 2:07:50 PM

ਜਲੰਧਰ (ਸ਼ੋਰੀ)— ਹਾਲ ਹੀ 'ਚ ਸੀ. ਆਈ. ਏ. ਸਟਾਫ ਦਿਹਾਤੀ ਵੱਲੋਂ ਕਪੂਰਥਲਾ 'ਚ ਫਾਇਨਾਂਸਰ ਦੀਪਾ 'ਤੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰਨ ਵਾਲੇ ਗੈਂਗਸਟਰ ਜਗਜੀਤ ਸਿੰਘ ਉਰਫ ਜੱਗਾ ਵਾਸੀ ਪਿੰਡ ਚਖਿਆਰਾ ਨੂੰ ਪੁਲਸ ਨੇ ਪਿਸਤੌਲ ਅਤੇ ਕਾਰਤੂਸ ਨਾਲ ਸੂਚਨਾ ਦੇ ਆਧਾਰ 'ਤੇ ਕਾਬੂ ਕੀਤਾ ਸੀ। ਸੀ. ਆਈ. ਏ. ਸਟਾਫ ਦੀ ਪੁੱਛਗਿੱਛ ਦੌਰਾਨ ਜੱਗਾ ਨੇ ਮੰਨਿਆ ਕਿ ਉਸ ਨੇ ਕਪੂਰਥਲਾ 'ਚ ਦੀਪਾ ਦੀ ਹੱਤਿਆ ਕੀਤੀ ਅਤੇ ਉਹ ਇਸ ਤੋਂ ਬਾਅਦ ਭੱਜ ਗਿਆ ਸੀ। ਹੁਣ ਪਿਸਤੌਲ ਲੈ ਕੇ ਉਹ ਦਹਿਸ਼ਤ ਫੈਲਾਉਣ ਆਇਆ ਸੀ ਅਤੇ ਮ੍ਰਿਤਕ ਦੀਪਾ ਦੇ ਭਰਾ ਮੱਖਣ ਜੋ ਕਿ ਹੱਤਿਆ ਦੇ ਕੇਸ 'ਚ ਗਵਾਹ ਹੈ, ਉਸ 'ਤੇ ਹਮਲਾ ਕਰ ਕੇ ਉਸ ਦੇ ਹੱਥ-ਪੈਰ ਤੋੜਣ ਦੀ ਤਾਕ 'ਚ ਘੁੰਮ ਰਿਹਾ ਸੀ।

ਸੀ. ਆਈ. ਏ. ਇੰਚਾਰਜ ਸ਼ਿਵ ਕੁਮਾਰ ਨੇ ਦੱਸਿਆ ਕਿ ਹੱਤਿਆ 'ਚ ਸ਼ਾਮਲ ਮਾਮਾ ਕਾਲਾ ਅਤੇ ਉਸ ਦੇ ਕੁਝ ਸਾਥੀ ਪਹਿਲਾਂ ਹੀ ਜੇਲ 'ਚ ਬੰਦ ਹਨ। ਉਥੇ ਹੀ ਦੀਪਾ ਦੇ ਪਰਿਵਾਰ ਵਾਲਿਆਂ ਨੇ ਜਗ ਬਾਣੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਦਰਅਸਲ ਦੀਪਾ ਦੀ ਫਾਈਨਾਂਸ ਦੇ ਪੈਸਿਆਂ ਨੂੰ ਲੈ ਕੇ ਮਾਮਾ ਕਾਲਾ ਨਾਲ ਅਣਬਣ ਹੋਣੀ ਹੋਵੇਗੀ ਅਤੇ ਮਾਮਾ ਕਾਲਾ ਨੇ ਉਸ ਦੀ ਹੱਤਿਆ ਦੀ ਸੁਪਾਰੀ ਦਿੱਤੀ। ਜਦਕਿ ਦੀਪਾ ਸਾਫ ਛਵੀ ਕਿਸਮ ਦਾ ਵਿਅਕਤੀ ਸੀ। ਜੋ ਕਿ ਹਰ ਕਿਸੇ ਦੁੱਖ-ਸੁੱਖ 'ਚ ਸ਼ਾਮਲ ਰਹਿੰਦਾ ਸੀ। ਦੀਪਾ ਫਾਈਨਾਂਸ 'ਤੇ ਪੈਸੇ ਦਿੰਦਾ ਸੀ ਅਤੇ ਮਾਮਾ ਕਾਲਾ ਉਸ ਨੂੰ ਪਸੰਦ ਨਹੀਂ ਸੀ ਕਰਦਾ ਕਿਉਂਕਿ ਦੀਪਾ ਨਸ਼ੇ ਦਾ ਕੰਮ ਕਰਨ ਵਾਲਿਆਂ ਵਿਰੁੱਧ ਸੀ। ਇਸ ਦੇ ਨਾਲ ਮ੍ਰਿਤਕ ਦੀਪਾ ਦੇ ਪਰਿਵਾਰ ਵਾਲਿਆਂ ਨੇ ਦੇਹਾਤ ਪੁਲਸ ਦਾ ਧੰਨਵਾਦ ਕੀਤਾ ਅਤੇ ਮੰਗ ਕੀਤੀ ਹੈ ਕਿ ਛੇਤੀ ਹੀ ਦੀਪਾ ਦੇ ਬਾਕੀ ਰਹਿੰਦੇ ਕਾਤਲਾਂ ਨੂੰ ਪੁਲਸ ਗ੍ਰਿਫਤਾਰ ਕਰੇ।


shivani attri

Content Editor

Related News