ਬਦਮਾਸ਼ ਆਪਣੀ ਡੱਬ ''ਚ ਦਾਤਰ ਲਾ ਕੇ ਰਿਹਾ ਸੀ ਘੁੰਮ, ਚੜ੍ਹਿਆ ਅੜਿੱਕੇ

02/08/2020 12:46:58 PM

ਜਲੰਧਰ (ਸ਼ੋਰੀ)— ਥਾਣਾ ਨੰਬਰ-5 ਦੀ ਪੁਲਸ ਨੇ 2 ਕੇਸਾਂ 'ਚ ਭਗੌੜੇ ਹੋ ਚੁੱਕੇ ਬਦਮਾਸ਼ ਅਮਨਦੀਪ ਸਿੰਘ ਉਰਫ ਅਮਨੀ ਪੁੱਤਰ ਅਵਤਾਰ ਸਿੰਘ ਨਿਵਾਸੀ ਬਸਤੀ ਦਾਨਿਸ਼ਮੰਦਾਂ ਨੂੰ ਕਾਬੂ ਕਰ ਲਿਆ ਹੈ। ਪੁਲਸ ਨੇ ਉਸ ਨੂੰ ਉਸ ਸਮੇਂ ਕਾਬੂ ਕੀਤਾ, ਜਦੋਂ ਉਹ ਆਪਣੇ ਸਹੁਰੇ ਦੇ ਘਰ ਦੇ ਬਾਹਰ ਖੜ੍ਹਾ ਸੀ। ਇਸ ਦੇ ਨਾਲ ਹੀ ਪੁਲਸ ਨੇ ਉਸ ਕੋਲੋਂ ਦਾਤਰ ਬਰਾਮਦ ਕੀਤਾ ਹੈ, ਜੋ ਉਹ ਡੱਬ 'ਚ ਲਾ ਕੇ ਘੁੰਮ ਰਿਹਾ ਸੀ। ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਦੱਸਿਆ ਕਿ ਅਮਨੀ ਨੇ ਲਗਭਗ 1 ਸਾਲ ਪਹਿਲਾਂ ਜਸਕਰਨ ਸਿੰਘ ਨਿਵਾਸੀ ਨਾਹਲਾ 'ਤੇ ਆਪਣੇ ਸਾਥੀ ਆਲੂ ਨਿਵਾਸੀ ਬਸਤੀ ਦਾਨਿਸ਼ਮੰਦਾਂ ਨਾਲ ਮਿਲ ਕੇ ਹਮਲਾ ਕੀਤਾ ਸੀ।

ਜਸਕਰਨ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਪੁਲਸ ਨੇ ਹੱਤਿਆ ਦੀ ਕੋਸ਼ਿਸ਼ ਤਹਿਤ ਕੇਸ ਦਰਜ ਕੀਤਾ ਸੀ। ਇਸ ਮਾਮਲੇ 'ਚ ਅਮਨੀ ਲੋੜੀਂਦਾ ਸੀ, ਜਿਸ ਨੂੰ ਉਸ ਦੇ ਸਹੁਰੇ ਘਰ ਰਸੀਲਾ ਨਗਰ 'ਚੋਂ ਗ੍ਰਿਫਤਾਰ ਕਰ ਲਿਆ ਗਿਆ। ਇਸ ਦੇ ਨਾਲ ਦੂਜਾ ਮੁਲਜ਼ਮ ਆਲੂ ਪੁਲਸ ਨੂੰ ਲੋੜੀਂਦਾ ਹੈ, ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।


shivani attri

Content Editor

Related News