ਫਿਰ ਚਰਚਾ ''ਚ ਗਾਂਧੀ ਵਨਿਤਾ ਆਸ਼ਰਮ, ਕੁੜੀਆਂ ਲਈ ਪ੍ਰਸ਼ਾਸਨ ਨੇ ਚੁੱਕਿਆ ਅਹਿਮ ਕਦਮ

09/19/2019 1:47:58 PM

ਜਲੰਧਰ (ਸੋਨੂੰ)— ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲਾ ਜਲੰਧਰ ਦਾ ਗਾਂਧੀ ਵਨਿਤਾ ਆਸ਼ਰਮ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਿਆ ਹੈ। ਇਸ ਵਾਰ ਜ਼ਿਲਾ ਪ੍ਰਸ਼ਾਸਨ ਅਤੇ ਪ੍ਰਾਈਵੇਟ ਸਕੂਲਾਂ ਨੇ ਮਿਲ ਕੇ ਇਕ ਅਨੋਖੀ ਕੋਸ਼ਿਸ਼ ਕੀਤੀ ਹੈ। ਗਾਂਧੀ ਵਨਿਤਾ ਆਸ਼ਰਮ 'ਚ ਹੁਣ ਸਿਰਫ 55 ਕੁੜੀਆਂ ਰਹਿ ਗਈਆਂ ਹਨ।

ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਪ੍ਰਾਈਵੇਟ ਦੇ ਸਕੂਲਾਂ ਦੇ ਸਹਿਯੋਗ ਨਾਲ ਲਗਭਗ 25 ਕੁੜੀਆਂ ਨੂੰ ਵੱਡੇ ਸਕੂਲਾਂ 'ਚ ਪੜ੍ਹਨ ਲਈ ਭੇਜਿਆ ਹੈ ਤਾਂਕਿ ਉਨ੍ਹਾਂ ਕੁੜੀਆਂ ਦਾ ਭਵਿੱਖ ਵਧੀਆ ਹੋ ਸਕੇ। ਇਸ ਦੇ ਨਾਲ ਹੀ 20 ਕੁੜੀਆਂ ਆਸ਼ਰਮ ਦੇ ਅੰਦਰ ਰਹਿ ਕੇ ਪੜ੍ਹਾਈ ਕਰਨਗੀਆਂ। 10 ਕੁੜੀਆਂ ਜੋ ਮਾਨਸਿਕ ਤੌਰ 'ਤੇ ਅਜੇ ਠੀਕ ਨਹੀਂ ਹਨ, ਉਨ੍ਹਾਂ ਦੇ ਲਈ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਜਲਦੀ ਠੀਕ ਹੋਣ ਅਤੇ ਕੁਝ ਕਰਨ ਦੇ ਯੋਗ ਬਣਨ। 


ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਉਹ ਪਿਛਲੇ ਲਗਭਗ 1 ਮਹੀਨੇ ਤੋਂ ਖਾਸ ਧਿਆਨ ਰੱਖ ਰਹੇ ਹਨ ਤਾਂਕਿ ਇਨ੍ਹਾਂ ਬੱਚਿਆਂ ਨੂੰ ਕੋਈ ਮੁਸ਼ਕਿਲ ਨਾ ਆਵੇ। ਕੁੜੀਆਂ ਲਿਜਾਣ ਅਤੇ ਵਾਪਸ ਲੈ ਕੇ ਆਉਣ ਲਈ ਵੀ ਸਕੂਲ ਮੈਨੇਜਮੈਂਟ ਵੱਲੋਂ ਆਪਣੇ ਤੌਰ 'ਤੇ ਯੋਗਦਾਨ ਦਿੱਤਾ ਜਾਵੇਗਾ ਅਤੇ ਜੋ ਸਰਕਾਰੀ ਫੰਡ ਇਨ੍ਹਾਂ ਬੱਚਿਆਂ ਲਈ ਆਏ ਹਨ, ਉਹ ਵੀ ਸਹੀ ਢੰਗ ਨਾਲ ਇਨ੍ਹਾਂ 'ਤੇ ਖਰਚ ਕੀਤਾ ਜਾਵੇਗਾ। ਦੱਸ ਦੇਈਏ ਕਿ ਗਾਂਧੀ ਵਨਿਤਾ ਆਸ਼ਰਮ ਦੀ ਇਮਾਰਤ 'ਚੋਂ ਬੀਤੇ ਦਿਨੀਂ ਇਕ ਕੁੜੀ ਅਚਾਨਕ ਡਿੱਗ ਗਈ ਸੀ। ਇਸ ਤੋਂ ਪਹਿਲਾਂ ਵੀ ਇਥੋਂ 4 ਕੁੜੀਆਂ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।

shivani attri

This news is Content Editor shivani attri