ਗਾਂਧੀ ਨਗਰ ਨਿਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ

07/17/2019 1:46:51 AM

ਬੰਗਾ,(ਚਮਨ ਲਾਲ/ਰਾਕੇਸ਼)- ਸਥਾਨਕ ਗਾਂਧੀ ਨਗਰ ਨਿਵਾਸੀ ਇਕ ਵਾਰ ਫਿਰ ਤੋਂ ਗੰਦਾ ਪਾਣੀ ਪੀਣ ਤੇ ਹੋਰ ਕੰਮਾਂ ਲਈ ਵਰਤਣ ਲਈ ਮਜਬੂਰ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਗਾਂਧੀ ਨਗਰ ਨਿਵਾਸੀ ਕੁਝ ਔਰਤਾਂ ਤੇ ਪੁਰਸ਼ਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਪਿਛਲੇ ਲੱਗਭਗ ਕਈ ਦਿਨਾਂ ਤੋਂ ਆਉਣ ਵਾਲੀ ਸਰਕਾਰੀ ਪਾਣੀ ਦੀ ਸਪਲਾਈ ਬਹੁਤ ਹੀ ਗੰਦੀ ਹੈ। ਜਿਸ ਸਬੰਧੀ ਉਨ੍ਹਾਂ ਨੇ ਸਥਾਨਕ ਨਗਰ ਕੌਂਸਲ ਕੋਲ ਵੀ ਸ਼ਿਕਾਇਤ ਕੀਤੀ ਸੀ ਤੇ ਸਬੰਧਤ ਵਿਭਾਗ ਦੇ ਦਫਤਰ ਵਿਚ ਵੀ ਸ਼ਿਕਾਇਤ ਕੀਤੀ ਹੈ ਪਰ ਹੁਣ ਤੱਕ ਇਸ ਦਾ ਕੋਈ ਵੀ ਹੱਲ ਨਹੀਂ ਹੋਇਆ। ਸਥਾਨਕ ਨਿਵਾਸੀ ਜਤਿੰਦਰ ਸਿੰਘ, ਵਿਨੋਦ ਕੁਮਾਰ ਨੇ ਦੱਸਿਆ ਕਿ ਉਪਰੋਕਤ ਗੰਦੇ ਪਾਣੀ ਦੀ ਸਪਲਾਈ ਨਾਲ ਪੀਣ ਵਾਲੇ ਪਾਣੀ ਦੇ ਨਾਲ-ਨਾਲ ਨਹਾਉਣ ਵੇਲੇ ਵੀ ਕਾਫੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਘਰ ਵਿਚ ਅੱਜ ਆਏ ਪਾਣੀ ਦੀ ਸਪਲਾਈ ਦਿਖਾਉਂਦਿਆਂ ਦੱਸਿਆ ਕਿ ਉਪਰੋਕਤ ਪਾਣੀ ਤੋਂ ਇੰਝ ਲੱਗ ਰਿਹਾ ਹੈ ਜਿਵੇਂ ਸੀਵਰੇਜ ਦਾ ਪਾਣੀ ਮਿਕਸ ਹੋਵੇ। ਉਕਤ ਮੁਹੱਲੇ ਵਿਚ ਪਿਛਲੇ ਕਈ ਸਾਲਾਂ ਤੋਂ ਪਾਣੀ ਦੀ ਸਮੱਸਿਆ ਆ ਰਹੀ ਹੈ ਪਰ ਨਾ ਤਾਂ ਇਸ ਪ੍ਰਤੀ ਸਥਾਨਕ ਨਗਰ ਕੌਂਸਲ ਕੋਈ ਠੋਸ ਕਦਮ ਚੁੱਕ ਰਹੀ ਹੈ ਤੇ ਨਾ ਹੀ ਸਰਕਾਰ।

ਕੀ ਕਹਿਣੈ ਸਿਹਤ ਮਾਹਿਰਾਂ ਦਾ-

ਜਦੋਂ ਆਉਣ ਵਾਲੀ ਗੰਦੇ ਪਾਣੀ ਦੀ ਸਪਲਾਈ ਬਾਰੇ ਵੱਖ-ਵੱਖ ਸਿਹਤ ਮਾਹਿਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਪਾਣੀ ’ਚ ਸੀਵਰੇਜ ਦਾ ਪਾਣੀ ਮਿਕਸ ਹੈ ਜੇ ਜਲਦ ਇਸ ਦਾ ਪੁਖਤਾ ਹੱਲ ਨਾ ਹੋਇਆ ਤਾਂ ਸਥਾਨਕ ਨਿਵਾਸੀ ਜਿਥੇ ਪੀਲੀਆ ਰੋਗ ਨਾਲ ਪੀਡ਼ਤ ਹੋ ਸਕਦੇ ਹਨ ਉਥੇ ਹੀ ਕਈ ਤਰ੍ਹਾਂ ਦੀਆਂ ਪੇਟ ਦੀਆਂ ਅਤੇ ਗੰਭੀਰ ਬੀਮਾਰੀਆਂ ਦੀ ਲਪੇਟ ਵਿਚ ਆ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਪਾਣੀ ਚੰਗੇ ਤਰੀਕੇ ਨਾਲ ਉਬਾਲ ਕੇੇ ਪੀਣ ਦੀ ਸਲਾਹ ਦਿੱਤੀ।

ਕੀ ਕਹਿਣੈ ਵਿਭਾਗ ਦੇ ਜੇ. ਈ. ਦਾ –

ਜਦੋਂ ਗੰਦੇ ਪਾਣੀ ਦੀ ਆ ਰਹੀ ਸਪਲਾਈ ਬਾਰੇ ਸੀਵਰੇਜ ਵਿਭਾਗ ਦੇ ਜੇ. ਈ. ਬਲਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਗੰਦੇ ਪਾਣੀ ਦੀ ਆ ਰਹੀ ਸਪਲਾਈ ਬਾਰੇ ਕੋਈ ਸ਼ਿਕਾਇਤ ਨਹੀਂ ਆਈ। ਜੇਕਰ ਪਾਣੀ ਦੀ ਸਪਲਾਈ ਗੰਦੀ ਆ ਰਹੀ ਹੈ ਤਾਂ ਉਹ ਸਵੇਰੇ ਹੀ ਕਰਮਚਾਰੀਆਂ ਨੂੰ ਨਾਲ ਲੈ ਕੇ ਸਪਲਾਈ ਨੂੰ ਚੈੱਕ ਕਰਨਗੇ ਤੇ ਜਲਦ ਹੀ ਪਾਣੀ ਦੀ ਸਪਲਾਈ ਨੂੰ ਦੁਰੱਸਤ ਕਰ ਦਿੱਤਾ ਜਾਵੇਗਾ।

Bharat Thapa

This news is Content Editor Bharat Thapa