ਫਰਨੀਚਰ ਹਾਊਸ ਦੇ ਗੋਦਾਮ ''ਚ ਲੱਗੀ ਭਿਆਨਕ ਅੱਗ

10/28/2019 5:58:45 PM

ਹੁਸ਼ਿਆਰਪੁਰ (ਘੁੰਮਣ)— ਦੀਵਾਲੀ ਦੀ ਰਾਤ ਜ਼ਿਲਾ ਭਰ 'ਚ ਅੱਗ ਲੱਗਣ ਦੀਆਂ ਅਨੇਕ ਘਟਨਾਵਾਂ 'ਚ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਬੀਤੀ ਰਾਤ 8.30 ਵਜੇ ਦੇ ਕਰੀਬ ਸ਼ਹਿਰ ਦੇ ਸੈਸ਼ਨ ਚੌਕ ਨੇੜੇ ਫਹਿਗੜ੍ਹ ਰੋਡ 'ਤੇ ਚਾਵਲਾ ਫਰਨੀਚਰਜ਼ ਦੇ ਸ਼ੋਅਰੂਮ ਦੇ ਨਾਲ ਉਨ੍ਹਾਂ ਦੇ ਗੋਦਾਮ 'ਚ ਆ ਕੇ ਡਿੱਗੀ ਆਤਿਸ਼ਬਾਜੀ ਕਾਰਨ ਤੇਜੀ ਨਾਲ ਅੱਗ ਭੜਕ ਉੱਠੀ । ਇਸ ਤੋਂ ਬਾਅਦ ਗੁਆਡੀਆਂ ਨੇ ਇਸ ਦੀ ਸੂਚਨਾ ਗੋਦਾਮ ਮਾਲਕਾਂ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਸਬ-ਫਾਇਰ ਅਫਸਰ ਵਿਨੋਦ ਕੁਮਾਰ ਅਤੇ ਮਾਨ ਸਿੰਘ ਦੀ ਅਗਵਾਈ 'ਚ ਫਾਇਰ ਕਰਮਚਾਰੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ । ਹਾਲਾਂਕਿ ਗੋਦਾਮ 'ਚ ਥੋੜ੍ਹਾ ਬਹੁਤਾ ਮਟੀਰੀਅਲ ਪਿਆ ਸੀ ਪਰ ਉੱਥੇ ਖੜ੍ਹੀ ਫਾਰਚਿਊਨਰ ਗੱਡੀ, ਐਕਟਿਵਾ ਸਕੂਟਰ, ਮੋਟਰਸਾਈਕਲ ਅਤੇ ਟਾਟਾ ਐੱਸ ਅਗਨੀਭੇਂਟ ਚੜ੍ਹ ਗਏ ਜਦੋਂ ਕਿ ਇਨੋਵਾ ਗੱਡੀ ਵੀ ਨੁਕਸਾਨੀ ਗਈ। ਗੋਦਾਮ ਮਾਲਕ ਲਾਲਾ ਸੁਭਾਸ਼ ਚੰਦਰ ਚਾਵਲਾ, ਹਰਸ਼ ਚਾਵਲਾ ਅਤੇ ਰਘੁ ਚਾਵਲਾ ਨੇ ਦੱਸਿਆ ਕਿ ਫਾਇਰ ਕਰਮਚਾਰੀਆਂ ਦੀ ਫੌਰੀ ਕਾਰਵਾਈ ਨਾਅ ਇਕ ਬਹੁਤ ਵੱਡਾ ਹਾਦਸਾ ਟਲ ਗਿਆ, ਕਿਉਂਕਿ ਨਾਲ ਲੱਗਦੇ ਮੇਨ ਸ਼ੋਅਰੂਮ 'ਚ ਕਰੋੜਾਂ ਦਾ ਸਟਾਕ ਪਿਆ ਸੀ । ਹਾਲਾਂਕਿ ਵਾਹਨ ਜਲ ਜਾਣ ਨਾਲ ਵੀ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ।


ਇਸ ਵਿੱਚ ਗਊਸ਼ਾਲਾ ਬਾਜ਼ਾਰ ਸਥਿਤ ਇੱਕ ਮੋਬਾਇਲ ਡੀਲਰ ਦੇ ਬਾਹਰ ਪਿਆ ਕਾਊਂਟਰ ਤੇ ਊਨਾ ਰੋਡ 'ਤੇ ਇੱਕ ਖਾਲੀ ਪਲਾਟ ਵਿੱਚ ਵੀ ਅੱਗ ਲੱਗਣ ਨਾਲ ਸਨਸਨੀ ਫੈਲੀ । ਅੱਜ ਤੜਕੇ 4.30 ਵਜੇ ਦੇ ਕਰੀਬ ਟਾਂਡਾ ਵਿੱਚ ਇੱਕ ਲੱਕੜੀ ਦੇ ਟਾਲ ਨੂੰ ਲੱਗੀ ਭਿਆਨਕ ਅੱਗ ਦੇ ਕਾਰਨ ਲੱਖਾਂ ਰੁਪਏ ਦਾ ਸਟਾਕ ਅੱਗ ਦੀ ਭੇਂਟ ਚੜ੍ਹ ਗਿਆ। ਅੱਗ ਲੱਗਦੇ ਹੀ ਟਾਂਡਾ ਅਤੇ ਦਸੂਹਾ ਤੋਂ ਆਏ ਫਾਇਰ ਟੈਂਡਰਾਂ ਨੇ ਅੱਗ ਬੁਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਅੱਗ ਰੁੱਕਣ ਦੀ ਬਜਾਏ ਵਿਕਰਾਲ ਰੂਪ ਧਾਰਨ ਕਰ ਰਹੀ ਸੀ। ਇਸ ਉਪਰੰਤ ਹੁਸ਼ਿਆਰਪੁਰ ਤੋਂ ਪੁੱਜੇ ਫਾਇਰ ਕਰਮਚਾਰੀਆਂ ਨੇ ਟਾਂਡਾ ਅਤੇ ਦਸੂਹਾ ਦੇ ਫਾਇਰ ਕਰਮਚਾਰੀਆਂ ਨਾਲ ਮਿਲ ਕੇ ਜਦੋਂ ਸੰਯੁਕਤ ਰੂਪ 'ਚ ਜੱਦੋ ਜਹਿਦ ਸ਼ੁਰੂ ਕੀਤੀ ਤਾਂ ਕਰੀਬ 5 ਘੰਟੇ ਦੀ ਕੜੀ ਮੁਸ਼ਕਿਲ ਦੇ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ ।


ਨਗਰ ਨਿਗਮ ਕਮਿਸ਼ਨਰ ਬਲਬੀਰ ਰਾਜ ਸਿੰਘ ਦੇ ਅਨੁਸਾਰ ਦੀਵਾਲੀ ਦੇ ਮੌਕੇ 'ਤੇ ਅੱਗ ਲੱਗਣ ਦੀ ਸੰਭਾਵਿਕ ਘਟਨਾਵਾਂ ਦੇ ਦ੍ਰਿਸ਼ਟੀਮਾਨ ਪਹਿਲਾਂ ਤੋਂ ਹੀ ਬਚਾਅ ਲਈ ਇੰਤਜਾਮ ਕੀਤੇ ਗਏ ਸਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਰੇਲਵੇ ਰੋਡ ਹੈਡਕਵਾਟਰ ਤੋਂ ਬਾਹਰ ਖੁੱਲੀਆਂ ਸੜਕਾਂ 'ਤੇ ਰਾਮਲੀਲਾ ਗਰਾਊਂਡ ਅਤੇ ਅੱਡਾ ਮਾਹਿਲਪੁਰ 'ਚ ਖੜੀ ਕੀਤੀ ਗਈ ਸੀ ਤਾਂਕਿ ਅੱਗ ਲੱਗਣ ਦੀ ਕਿਸੇ ਵੀ ਘਟਨਾ ਦਾ ਬਿਨ੍ਹਾਂ ਕਿਸੇ ਦੇਰੀ ਤੋਂ ਸਾਹਮਣਾ ਕੀਤਾ ਜਾ ਸਕੇ।

shivani attri

This news is Content Editor shivani attri