ਔਰਤਾਂ ਲਈ ‘ਜੀਅ ਦਾ ਜੰਜਾਲ’ ਬਣ ਰਹੀ ਮੁਫ਼ਤ ਸਫ਼ਰ ਦੀ ਸਹੂਲਤ, ਦਰਵਾਜ਼ੇ ਬੰਦ ਕਰ ਰਹੇ ਚਾਲਕ ਦਲ

07/18/2022 3:46:22 PM

ਜਲੰਧਰ (ਪੁਨੀਤ)–ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਜੋ ਸਹੂਲਤ ਦਿੱਤੀ ਜਾ ਰਹੀ ਹੈ, ਉਹ ਜੀਅ ਦਾ ਜੰਜਾਲ ਬਣ ਰਹੀ ਹੈ ਕਿਉਂਕਿ ਔਰਤਾਂ ਨੂੰ ਆਸਾਨੀ ਨਾਲ ਸਰਕਾਰੀ ਬੱਸਾਂ ’ਚ ਸਫ਼ਰ ਕਰਨਾ ਨਸੀਬ ਨਹੀਂ ਹੋ ਰਿਹਾ, ਜਿਸ ਕਾਰਨ ਉਹ ਸਰਕਾਰ ਦੀਆਂ ਨੀਤੀਆਂ ਨੂੰ ਨਿੰਦ ਰਹੀਆਂ ਹਨ। ਸਰਕਾਰ ਵੱਲੋਂ ਚਾਲਕ ਦਲਾਂ ਦੀ ਭਰਤੀ ਨਾ ਕੀਤੇ ਜਾਣ ਕਾਰਨ ਡਿਪੂਆਂ ’ਚ 500 ਤੋਂ ਵੱਧ ਬੱਸਾਂ ਧੂੜ ਫੱਕ ਰਹੀਆਂ ਹਨ ਅਤੇ ਕਾਊਂਟਰਾਂ ’ਤੇ ਸਰਕਾਰੀ ਬੱਸਾਂ ਦੀ ਘਾਟ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਿਤੀ ਇਹ ਹੈ ਕਿ ਪਿੱਛਿਓਂ ਭਰ ਕੇ ਸਥਾਨਕ ਡਿਪੂ ਵਿਚ ਪਹੁੰਚਣ ਵਾਲੀਆਂ ਬੱਸਾਂ ਦੇ ਦਰਵਾਜ਼ੇ ਆਦਿ ਵੀ ਬੰਦ ਕਰ ਦਿੱਤੇ ਜਾਂਦੇ ਹਨ, ਜਿਸ ਕਾਰਨ ਕਈ ਵਾਰ ਬੱਸ ਅੱਡੇ ਵਿਚ ਤਣਾਅਪੂਰਨ ਸਥਿਤੀ ਵੀ ਪੈਦਾ ਹੋ ਚੁੱਕੀ ਹੈ।

PunjabKesari

ਬੱਸ ਅੱਡੇ ’ਚ ਕਾਊਂਟਰਾਂ ’ਤੇ ਲੱਗਣ ਵਾਲੀਆਂ ਬੱਸਾਂ ’ਚ ਔਰਤਾਂ ਨੂੰ ਬਿਠਾਉਣ ਤੋਂ ਨਜ਼ਰਅੰਦਾਜ਼ ਕਰਨਾ ਆਮ ਗੱਲ ਹੋ ਚੁੱਕੀ ਹੈ। ਉਥੇ ਹੀ, ਜੇਕਰ ਰਸਤੇ ’ਚ ਕਿਸੇ ਵੀ ਮੁੱਖ ਪੁਆਇੰਟ ’ਤੇ ਔਰਤਾਂ ਖੜ੍ਹੀਆਂ ਪਾਈਆਂ ਜਾਂਦੀਆਂ ਹਨ ਤਾਂ ਚਾਲਕ ਦਲਾਂ ਵੱਲੋਂ ਉਥੇ ਬੱਸਾਂ ਰੋਕਣ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰ ਦਿੱਤਾ ਜਾਂਦਾ ਹੈ, ਇਸ ਕਾਰਨ ਔਰਤਾਂ ਆਟੋ ਆਦਿ ਜਾਂ ਹੋਰ ਵਾਹਨ ਦਾ ਸਹਾਰਾ ਲੈ ਕੇ ਬੱਸ ਸਟੈਂਡ ਤੱਕ ਪਹੁੰਚਦੀਆਂ ਹਨ। ਸਰਕਾਰ ਵੱਲੋਂ ਜਦੋਂ 842 ਨਵੀਆਂ ਬੱਸਾਂ ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਫਲੀਟ ’ਚ ਪਾਈਆਂ ਗਈਆਂ ਸਨ ਤਾਂ ਉਸ ਸਮੇਂ ਚਾਲਕ ਦਲਾਂ ਦੀ ਭਰਤੀ ਨਹੀਂ ਹੋ ਸਕੀ। ਇਸ ਕਾਰਨ ਅਜੇ ਵੀ 500 ਤੋਂ ਵੱਧ ਬੱਸਾਂ ਦਾ ਚੱਲ ਸਕਣਾ ਸੰਭਵ ਨਹੀਂ ਹੋ ਪਾ ਰਿਹਾ। ਔਰਤਾਂ ਦੀ ਟਿਕਟ ਨਹੀਂ ਲੱਗਦੀ, ਜਿਸ ਕਾਰਨ ਸਰਕਾਰੀ ਬੱਸਾਂ ’ਚ ਵਧੇਰੇ ਔਰਤਾਂ ਹੀ ਸਫਰ ਕਰਦੀਆਂ ਨਜ਼ਰ ਆਉਂਦੀਆਂ ਹਨ।

ਪੰਜਾਬ ਤੋਂ ਬਾਹਰ ਜਾਣ ਲਈ ਕਿਰਾਇਆ ਲੱਗਦਾ ਹੈ, ਜਿਸ ਕਾਰਨ ਕਈ ਔਰਤਾਂ ਵੱਲੋਂ ਜੇਕਰ ਦਿੱਲੀ ਜਾਣ ਦੀ ਗੱਲ ਕਹਿ ਕੇ ਬੱਸ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਅਜਿਹੇ ਹਾਲਾਤ ’ਚ ਉਨ੍ਹਾਂ ਤੋਂ ਪਹਿਲਾਂ ਟਿਕਟ ਦੀ ਮੰਗ ਰੱਖੀ ਜਾਂਦੀ ਹੈ। ਇਸ ਪੂਰੇ ਘਟਨਾਕ੍ਰਮ ਕਾਰਨ ਔਰਤਾਂ ਨੂੰ ਬਹੁਤ ਦਿੱਕਤਾਂ ਪੇਸ਼ ਆ ਰਹੀਆਂ ਹਨ। ਯਾਤਰੀਆਂਦੀ ਮੰਗ ਹੈ ਕਿ ਸਰਕਾਰ ਚਾਲਕ ਦਲਾਂ ਦਾ ਪ੍ਰਬੰਧ ਕਰ ਕੇ ਡਿਪੂ ਵਿਚ ਖੜ੍ਹੀਆਂ ਬੱਸਾਂ ਨੂੰ ਰੂਟਾਂ ’ਤੇ ਚਲਾਵੇ ਤਾਂ ਕਿ ਕਾਊਂਟਰਾਂ ’ਤੇ ਸਰਕਾਰੀ ਬੱਸਾਂ ਦੀ ਗਿਣਤੀ ਵਿਚ ਇਜ਼ਾਫਾ ਹੋਵੇ।

ਹਾਦਸੇ ਦਾ ਸ਼ਿਕਾਰ ਹੋਣ ਦਾ ਬਣਿਆ ਰਹਿੰਦਾ ਹੈ ਖਤਰਾ

ਦੇਖਣ ’ਚ ਆ ਰਿਹਾ ਹੈ ਕਿ ਔਰਤਾਂ ਵੱਲੋਂ ਬੱਸਾਂ ’ਚ ਚੜ੍ਹਨ ਲਈ ਮੁਸ਼ੱਕਤ ਕੀਤੀ ਜਾਂਦੀ ਹੈ ਅਤੇ ਕਈ ਵਾਰ ਹਾਲਾਤ ਬਹਿਸਬਾਜ਼ੀ ਤੱਕ ਪਹੁੰਚ ਜਾਂਦੇ ਹਨ। ਬੱਸਾਂ ਭਰੀਆਂ ਹੋਣ ਕਾਰਨ ਔਰਤਾਂ ਖਿੜਕੀਆਂ ਦੇ ਸਹਾਰੇ ਖੜ੍ਹੀਆਂ ਹੋ ਕੇ ਸਫਰ ’ਤੇ ਨਿਕਲ ਪੈਂਦੀਆਂ ਹਨ, ਜਿਸ ਕਾਰਨ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੈ। ਸਰਕਾਰੀ ਬੱਸਾਂ ’ਚ ਅਜਿਹਾ ਰੋਜ਼ਾਨਾ ਦੇਖਣ ਨੂੰ ਮਿਲ ਰਿਹਾ ਹੈ। ਔਰਤਾਂ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਤਾਂ ਕਿ ਉਹ ਕਿਸੇ ਵੀ ਮੰਦਭਾਗੀ ਘਟਨਾ ਤੋਂ ਬਚ ਸਕਣ।

ਮਰਦ ਯਾਤਰੀਆਂ ਲਈ ਵਧ ਰਹੀ ਪ੍ਰੇਸ਼ਾਨੀ

ਕਈ ਅਜਿਹੇ ਦੂਰ-ਦੁਰਾਡੇ ਦੇ ਰੂਟ ਹਨ, ਜਿਥੇ ਪ੍ਰਾਈਵੇਟ ਬੱਸਾਂ ਦੀ ਆਵਾਜਾਈ ਸਰਕਾਰੀ ਦੇ ਮੁਕਾਬਲੇ ਨਾਂਹ ਦੇ ਬਰਾਬਰ ਹੈ। ਡੇਲੀ ਪੈਸੰਜਰ ਇਨ੍ਹਾਂ ਬੱਸਾਂ ’ਚ ਸਫਰ ਕਰ ਕੇ ਸ਼ਾਮ ਨੂੰ ਆਪਣੇ ਘਰਾਂ ਵੱਲ ਰਵਾਨਾ ਹੁੰਦੇ ਹਨ ਪਰ ਜਦੋਂ ਇਨ੍ਹਾਂ ਬੱਸਾਂ ’ਚ ਸੀਟਾਂ ਭਰ ਜਾਂਦੀਆਂ ਹਨ ਅਤੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ ਤਾਂ ਮਰਦ ਯਾਤਰੀਆਂ ਨੂੰ ਆਪਣੇ ਘਰਾਂ ਵੱਲ ਜਾਣ ਲਈ ਆਸਾਨੀ ਨਾਲ ਵਾਹਨ ਉਪਲੱਬਧ ਨਹੀਂ ਹੁੰਦਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਟਿਕਟ ਖਰੀਦ ਕੇ ਸਫਰ ਕਰਦੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਸਫਰ ਨਸੀਬ ਨਹੀਂ ਹੁੰਦਾ।

ਸਰਕਾਰੀ ਬੱਸਾਂ ਦੀ ਘਾਟ ਦਾ ਪ੍ਰਾਈਵੇਟ ਨੂੰ ਹੋ ਰਿਹਾ ਲਾਭ

ਔਰਤਾਂ ਨੂੰ ਸਰਕਾਰੀ ਬੱਸਾਂ ’ਚ ਮੁਫਤ ਸਫਰ ਦੀ ਸਹੂਲਤ ਦੇਣ ਤੋਂ ਬਾਅਦ ਪ੍ਰਾਈਵੇਟ ਬੱਸਾਂ ’ਚ ਸਵਾਰੀਆਂ ਦੀ ਗਿਣਤੀ ’ਚ ਭਾਰੀ ਗਿਰਾਵਟ ਦਰਜ ਹੋਈ ਹੈ, ਪਰ ਜਦੋਂ ਸਰਕਾਰੀ ਬੱਸਾਂ ’ਚ ਸੀਟਾਂ ਨਹੀਂ ਮਿਲਦੀਆਂ ਤਾਂ ਸਵਾਰੀਆਂ ਨੂੰ ਮਜਬੂਰੀ ’ਚ ਪ੍ਰਾਈਵੇਟ ਬੱਸਾਂ ’ਚ ਸਫਰ ਕਰਨਾ ਪੈਂਦਾ ਹੈ। ਅਜਿਹੇ ’ਚ ਖਾਸ ਤੌਰ ’ਤੇ ਸ਼ਾਮ ਸਮੇਂ ਪ੍ਰਾਈਵੇਟ ਬੱਸਾਂ ਨੂੰ ਕੁਝ ਲਾਭ ਹੋ ਜਾਂਦਾ ਹੈ।

PunjabKesari

ਔਰਤਾਂ ਸਹਿਯੋਗ ਕਰਨ, ਚਾਲਕ ਦਲ ਭੁਗਤ ਰਹੇ ਪ੍ਰੇਸ਼ਾਨੀ : ਯੂਨੀਅਨ

ਰੋਡਵੇਜ਼-ਪਨਬਸ, ਪੀ. ਆਰ. ਟੀ. ਸੀ. ਯੂਨੀਅਨ ਦੇ ਡਿਪੂ-1 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਕਈ ਵਾਰ ਦੇਖਣ ’ਚ ਆਉਂਦਾ ਹੈ ਕਿ 52 ਸੀਟਾਂ ਵਾਲੀ ਬੱਸ ’ਚ 80 ਦੇ ਲਗਭਗ ਸਵਾਰੀਆਂ ਚੜ੍ਹ ਜਾਂਦੀਆਂ ਹਨ। ਅਜਿਹੇ ’ਚ ਕਈ ਵਾਰ ਕੁਝ ਸਵਾਰੀਆਂ ਦੀ ਟਿਕਟ ਕੱਟਣੀ ਵੀ ਰਹਿ ਜਾਂਦੀ ਹੈ। ਅਜਿਹੇ ’ਚ ਜਦੋਂ ਚੈਕਿੰਗ ਆਦਿ ਹੋ ਜਾਵੇ ਤਾਂ ਚਾਲਕ ਦਲ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਨੂੰ ਨਿਯਮ ਬਣਾਉਣਾ ਚਾਹੀਦਾ ਕਿ ਬੱਸ ’ਚ ਜਿੰਨੀਆਂ ਸੀਟਾਂ ਹਨ, ਓਨੀਆਂ ਸਵਾਰੀਆਂ ਨੂੰ ਬੈਠਣ ਦਾ ਅਧਿਕਾਰ ਦਿੱਤਾ ਜਾਵੇ।


Manoj

Content Editor

Related News