ਪਿਗ ਫਾਰਮਸ ''ਚ ਪੂੰਜੀ ਨਿਵੇਸ਼ ਕਰਨ ਦਾ ਝਾਂਸਾ ਦੇ ਕੇ ਕੀਤੀ ਕਰੋੜਾਂ ਦੀ ਠੱਗੀ

06/25/2020 11:53:57 AM

ਜਲੰਧਰ (ਧਵਨ)— ਪਿਗ ਫਾਰਮਸ 'ਚ ਪੂੰਜੀ ਨਿਵੇਸ਼ ਦਾ ਝਾਂਸਾ ਦੇ ਕੇ ਫਿਰੋਜ਼ਪੁਰ ਦੇ ਕੁਝ ਦੋਸ਼ੀਆਂ ਵੱਲੋਂ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ ਹੈ। ਦਿੱਲੀ ਪੁਲਸ ਪਹਿਲਾਂ ਹੀ 15 ਦੋਸ਼ੀਆਂ ਖ਼ਿਲਾਫ਼ ਧਾਰਾ 420, 406, 120-ਬੀ, ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਚੁੱਕੀ ਹੈ। ਦਿੱਲੀ ਪੁਲਸ ਵੱਲੋਂ ਦਰਜ ਐੱਫ. ਆਈ. ਆਰ. 'ਚ ਦੱਸਿਆ ਗਿਆ ਹੈ ਕਿ ਸਾਰੇ ਦੋਸ਼ੀ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ ਅਤੇ ਹੁਣ ਉਹ ਕੇਸ ਦਰਜ ਹੋਣ ਤੋਂ ਬਾਅਦ ਪਿਛਲੇ ਕੁਝ ਸਮੇਂ ਤੋਂ ਅੰਡਰਗਰਾਊਂਡ ਹੋ ਗਏ ਹਨ। ਇਨ੍ਹਾਂ ਦੋਸ਼ੀਆਂ ਨੇ ਸੂਬੇ ਦੇ ਮਾਸੂਮ ਲੋਕਾਂ ਨੂੰ ਝਾਂਸਾ ਦਿੱਤਾ ਸੀ ਕਿ ਜੇ ਉਹ ਉਨ੍ਹਾਂ ਦੀ ਕੰਪਨੀ 'ਚ ਨਿਵੇਸ਼ ਕਰਦੇ ਹਨ ਤਾਂ ਉਹ 30 ਹਫਤੇ ਦੇ ਅੰਦਰ ਉਨ੍ਹਾਂ ਨੂੰ 50 ਫੀਸਦੀ ਦਾ ਰਿਟਰਨ ਦੇਣਗੇ। ਇਸ ਤੋਂ ਬਾਅਦ ਉਨ੍ਹਾਂ ਦੇ ਪ੍ਰਾਜੈਕਟ 'ਚ ਹਜ਼ਾਰਾਂ ਲੋਕਾਂ ਨੇ ਆਪਣਾ ਪੈਸਾ ਨਿਵੇਸ਼ ਕੀਤਾ। ਇਹ ਵੀ ਦੱਸਿਆ ਗਿਆ ਹੈ ਕਿ ਲੋਕਾਂ ਨਾਲ ਧੋਖਾਦੇਹੀ ਕਰਨ ਤੋਂ ਬਾਅਦ ਇਕ ਦੋਸ਼ੀ ਭਾਰਤ ਤੋਂ ਮਲੇਸ਼ੀਆ ਰਵਾਨਾ ਹੋ ਗਿਆ। ਦੋਸ਼ੀ ਨਾਲ ਉਸ ਦੀ ਪਤਨੀ, ਪੁੱਤਰ ਅਤੇ ਪੁੱਤਰੀ ਵੀ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਕੁਝ ਵੀ ਪਤਾ ਨਹੀਂ ਲੱਗਾ।

ਪੰਜਾਬ ਅਤੇ ਦਿੱਲੀ 'ਚ ਦੋਸ਼ੀਆਂ ਖ਼ਿਲਾਫ਼ ਕਈ ਐੱਫ. ਆਈ. ਆਰ. ਦਰਜ ਹੋਈਆਂ ਹਨ ਕਿਉਂਕਿ ਇਨ੍ਹਾਂ ਸੂਬਿਆਂ 'ਚ ਦੋਸ਼ੀਆਂ ਦੇ ਏਜੰਟ ਕਾਫੀ ਸਰਗਰਮ ਸਨ ਅਤੇ ਉਹ ਲੋਕਾਂ ਨੂੰ ਉਨ੍ਹਾਂ ਦੀ ਕੰਪਨੀ 'ਚ ਨਿਵੇਸ਼ ਕਰਨ ਲਈ ਬੁਲਾ ਰਹੇ ਸਨ। ਹੁਣ ਇਹ ਮੰਗ ਕੀਤੀ ਜਾ ਰਹੀ ਹੈ ਪੰਜਾਬ ਪੁਲਸ ਅਤੇ ਹੋਰ ਸੂਬਿਆਂ ਦੀ ਪੁਲਸ ਨੂੰ ਦੋਸ਼ੀਆਂ ਖ਼ਿਲਾਫ਼ ਲੁਕ-ਆਉਟ ਨੋਟਿਸ ਜਾਰੀ ਕਰ ਦੇਣੇ ਚਾਹੀਦੇ ਹਨ। ਮੁੱਖ ਦੋਸ਼ੀ ਦਾ ਨਾਂ ਮੰਗਤ ਰਾਮ ਮੈਨੀ ਵਾਸੀ ਫਿਰੋਜ਼ਪੁਰ ਐੱਫ. ਆਈ. ਆਰ. 'ਚ ਦੱਸਿਆ ਗਿਆ ਹੈ।

ਇਹ ਵੀ ਪੜ੍ਹ੍ਰੋ: ਜਲੰਧਰ 'ਚ ਮਾਰੂ ਹੋਇਆ 'ਕੋਰੋਨਾ', ਇਕ ਹੋਰ ਮਰੀਜ਼ ਦੀ ਗਈ ਜਾਨ

ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਅਨੇਕਾਂ ਗਰੀਬ ਕਿਸਾਨਾਂ ਅਤੇ ਫੌਜ ਨਾਲ ਸਬੰਧਤ ਕਰਮਚਾਰੀਆਂ ਨੇ ਇਸ ਕੰਪਨੀ 'ਚ ਲੱਖਾਂ ਰੁਪਏ ਦੀ ਰਾਸ਼ੀ ਨਿਵੇਸ਼ ਕਰ ਦਿੱਤੀ ਸੀ। ਕਈਆਂ ਨੇ ਤਾਂ ਆਪਣੀ ਜਾਇਦਾਦ ਗਹਿਣੇ ਰੱਖ ਕੇ ਆਪਣਾ ਪੈਸਾ ਕੰਪਨੀ 'ਚ ਲਗਾ ਦਿੱਤੀ ਸੀ। ਹੁਣ ਉਹ ਆਪਣਾ ਸਭ ਕੁਝ ਗਵਾ ਚੁੱਕੇ ਹਨ ਅਤੇ ਕਰਜ਼ਿਆਂ ਦੇ ਜੰਜਾਲ 'ਚ ਫਸ ਚੁੱਕੇ ਹਨ।
ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਤਾਂ ਹੁਣ ਐਮਰਜੈਂਸੀ ਹਾਲਾਤ 'ਚ ਮੈਡੀਕਲ 'ਤੇ ਖਰਚ ਕਰਨ ਲਈ ਵੀ ਧਨਰਾਸ਼ੀ ਨਹੀਂ ਬਚੀ ਹੈ। ਕਈ ਪਰਿਵਾਰ ਤਾਂ ਡੂੰਘੇ ਸਦਮੇ 'ਚ ਚਲੇ ਗਏ ਹਨ। ਉਨ੍ਹਾਂ ਦੇ ਪਰਿਵਾਰ ਆਪਣਾ ਪੇਟ ਵੀ ਭਰਨ ਦੀ ਸਥਿਤੀ 'ਚ ਨਹੀਂ ਹੈ। ਇਹ ਵੀ ਮੰਦਭਾਗੀ ਗੱਲ ਹੈ ਕਿ ਦੇਸ਼ ਦੀ ਸੁਰੱਖਿਆ ਕਰਨ ਵਾਲੇ ਫੌਜੀ ਕਾਮਿਆਂ ਨੂੰ ਵੀ ਦੋਸ਼ੀਆਂ ਨੇ ਨਹੀਂ ਛੱਡਿਆ ਹੈ। ਇਸੇ ਤਰ੍ਹਾਂ ਜੋ ਕਿਸਾਨ ਸਾਡਾ ਪੇਟ ਭਰਦੇ ਹਨ, ਉਨ੍ਹਾਂ ਨੂੰ ਵੀ ਸ਼ਿਕਾਰ ਬਣਾ ਦਿੱਤਾ ਗਿਆ। ਹੁਣ ਇਹ ਲੋਕ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਉਠਾਉਣ ਦੀ ਸਥਿਤੀ 'ਚ ਨਹੀਂ ਹਨ।
ਸ਼ਿਕਾਇਤਕਰਤਾਵਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਉਹ ਦੋਸ਼ੀਆਂ ਦੀ ਛੇਤੀ ਤੋਂ ਛੇਤੀ ਗ੍ਰਿਫਤਾਰੀ ਦਾ ਰਸਤਾ ਸਪੱਸ਼ਟ ਕਰਨ ਅਤੇ ਪੁਲਸ ਨੂੰ ਵਿਦੇਸ਼ੀ ਸਰਕਾਰਾਂ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਜਾਰੀ ਕਰਨ ਤਾਂ ਕਿ ਕਿਸਾਨਾਂ, ਗਰੀਬਾਂ ਅਤੇ ਫ਼ੌਜੀ ਕਾਮਿਆਂ ਨੂੰ ਇਨਸਾਫ ਦਿਵਾਇਆ ਜਾ ਸਕੇ।

10000 ਦੀ ਰਾਸ਼ੀ ਦਾ ਨਿਵੇਸ਼ ਕਰਨ 'ਤੇ 30 ਹਫਤੇ 'ਚ 15000 ਰੁਪਏ ਵਾਪਸ ਮਿਲਣਗੇ
ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਸਬੰਧਤ ਕੰਪਨੀ ਨੇ ਲੋਕਾਂ ਨੂੰ ਇਹ ਝਾਂਸਾ ਦਿੱਤਾ ਸੀ ਕਿ ਜੇ ਉਹ ਘੱਟ ਤੋਂ ਘੱਟ 10000 ਰੁਪਏ ਦੀ ਰਾਸ਼ੀ ਦਾ ਨਿਵੇਸ਼ ਕਰਦੇ ਹਨ ਤਾਂ 30 ਹਫਤੇ ਬਾਅਦ ਉਨ੍ਹਾਂ ਨੂੰ 15000 ਰੁਪਏ ਦੀ ਰਾਸ਼ੀ ਵਾਪਸ ਮਿਲੇਗੀ। ਇਸ ਕਾਰਨ ਕਈ ਲੋਕ ਝਾਂਸੇ 'ਚ ਆ ਗਏ। ਕਿਸੇ ਨੇ 3 ਲੱਖ, ਕਿਸੇ ਨੇ ਡੇਢ ਲੱਖ, ਕਿਸੇ ਨੇ 11 ਲੱਖ, ਕਿਸੇ ਨੇ 25 ਲੱਖ, ਕਿਸੇ ਨੇ 99 ਲੱਖ ਅਤੇ ਕਿਸੇ ਨੇ ਇਸ ਤੋਂ ਵੱਧ ਦੀ ਧਨਰਾਸ਼ੀ ਕੰਪਨੀ 'ਚ ਪੂੰਜੀ ਨਿਵੇਸ਼ ਕੀਤੀ। ਇਹ ਰਾਸ਼ੀ ਚੈੱਕ ਰਾਹੀਂ ਕੰਪਨੀ ਨੂੰ ਦਿੱਤੀ ਗਈ ਅਤਕੇ ਸ਼ੈਯੋਰ ਗੇਨ ਸਲਿਊਸ਼ਨ ਨੇ ਇਸ ਦੀਆਂ ਰਸੀਦਾਂ ਵੀ ਬਕਾਇਦਾ ਜਾਰੀ ਕੀਤੀਆਂ ਸਨ।

ਰਾਜਸਥਾਨ 'ਚ ਵੀ ਦਰਜ ਹਨ ਕਈ ਮਾਮਲੇ
ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਨਾ ਸਿਰਫ ਪੰਜਾਬ ਅਤੇ ਦਿੱਲੀ ਸਗੋਂ ਰਾਜਸਥਖਾਨ 'ਚ ਵੀ ਦੋਸ਼ੀਆਂ ਖ਼ਿਲਾਫ਼ ਕਈ ਮਾਮਲੇ ਦਰਜ ਹਨ, ਇਸ ਲਈ ਤਿੰਨਾਂ ਸੂਬਿਆਂ ਦੀ ਪੁਲਸ ਨੂੰ ਮਿਲ ਕੇ ਆਪਸ 'ਚ ਤਾਲਮੇਲ ਕਰਦੇ ਹੋਏ ਦੋਸ਼ੀਆਂ ਦੀ ਗ੍ਰਿਫਤਾਰੀ ਕਰਨੀ ਚਾਹੀਦੀ ਹੈ।


shivani attri

Content Editor

Related News