ਪੁਰਤਗਲ ਭੇਜਣ ਦੇ ਨਾਂ ’ਤੇ ਕੀਤੀ 8.80 ਲੱਖ ਰੁਪਏ ਦੀ ਠੱਗੀ, ਦੋ ਖ਼ਿਲਾਫ਼ ਮਾਮਲਾ ਦਰਜ

05/18/2022 5:02:24 PM

ਨਵਾਂਸ਼ਹਿਰ (ਤ੍ਰਿਪਾਠੀ)- ਪੁਰਤਗਲ ਭੇਜਣ ਦੇ ਨਾਂ ’ਤੇ 8.80 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ’ਚ ਪੁਲਸ ਨੇ ਮਹਿਲਾ ਸਮੇਤ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਰਛਪਾਲ ਸਿੰਘ ਪੁੱਤਰ ਤਰਸੇਮ ਲਾਲ ਵਾਸੀ ਕੌਲਗੜ੍ਹ ਤਹਿਸੀਲ ਬਲਾਚੌਰ ਨੇ ਦੱਸਿਆ ਕਿ ਪਿੰਡ ਰੁੜ੍ਹਕੀ ਖ਼ੁਰਦ ਵਿਖੇ ਇਕ ਘਰ ’ਚ ਸਥਿਤ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਲਈ ਜਾਂਦਾ ਸੀ। ਉਸ ਨੇ ਦੱਸਿਆ ਕਿ ਘਰ ਦੀ ਮਾਲਕਣ ਨੂੰ ਉਸ ਨੇ ਆਪਣੇ ਬੇਰੋਜ਼ਗਾਰ ਹੋਣ ਅਤੇ ਉਸ ਦਾ ਕੰਮ ਨਾ ਬਣਨ ਸਬੰਧੀ ਗੱਲ ਸਾਂਝੀ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੀ ਰਿਸ਼ਤੇਦਾਰ ਕੁੜੀ ਵਿਦੇਸ਼ ਵਿਚ ਟਰੈਵਲ ਏਜੰਟ ਹੈ, ਉਹ ਉਸ ਦਾ ਫੋਨ ਨੰਬਰ ਉਸ ਨੂੰ ਭੇਜ ਰਹੀ ਹੈ, ਜੋ ਉਸ ਦਾ ਵਿਦੇਸ਼ ਦਾ ਕੰਮ ਕਰਵਾ ਸਕਦੀ ਹੈ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਮਹਿਲਾ ਦੀ ਰਿਸ਼ਤੇਦਾਰ ਨਾਲ ਫੋਨ ’ਤੇ ਪੁਰਤਗਾਲ ਭੇਜਣ ਦਾ ਸੌਦਾ 8 ਲੱਖ ਰੁਪਏ ’ਚ ਕੀਤਾ ਗਿਆ, ਜਿਸ ਵਿਚ ਉਸ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਤਿੰਨ ਮਹੀਨੇ ਦੁਬਈ ਰਹਿਣਾ ਪਵੇਗਾ। ਉਸ ਨੇ ਦੱਸਿਆ ਕਿ ਵੱਖ-ਵੱਖ ਖ਼ਾਤਿਆਂ ’ਚ ਰਕਮ ਟਰਾਂਸਫ਼ਰ ਕਰਵਾਉਣ ਉਪਰੰਤ ਉਸ ਦਾ ਦੁਬਈ ਦਾ ਪਾਸਪੋਰਟ ਅਤੇ 2 ਸਾਲ ਦਾ ਵੀਜ਼ਾ ਲਗਵਾ ਦਿੱਤਾ ਗਿਆ। ਉਸ ਨੇ ਦੱਸਿਆ ਕਿ 7 ਮਹੀਨੇ ਬੀਤ ਜਾਣ ’ਤੇ ਵੀ ਉਸ ਨੂੰ ਪੁਰਤਗਲ ਨਹੀਂ ਭੇਜਿਆ ਗਿਆ। ਇਸ ਦੌਰਾਨ ਵੀ ਉਸ ਨੂੰ ਘਰੋਂ ਖ਼ਰਚਾ ਮੰਗਵਾ ਕੇ ਰਹਿਣਾ ਪਿਆ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਵਾਪਸ ਇੰਡੀਆ ਆਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਚ ਕਈ ਮੁਸ਼ਕਿਲਾਂ ਪੈਦਾ ਕੀਤੀਆਂ ਅਤੇ ਕਾਨੂੰਨੀ ਲੜ੍ਹਾਈ ਅਤੇ ਕੰਪਨੀ ਨੂੰ ਜੁਰਮਾਨਾ ਦੇਣ ਤੋਂ ਬਾਅਦ ਹੀ ਉਹ ਵਾਪਸ ਇੰਡੀਆ ਆ ਸਕਿਆ।

ਇਹ ਵੀ ਪੜ੍ਹੋ: ਹੁਣ ਬੱਸਾਂ ’ਤੇ ‘ਟਰੈਕਿੰਗ ਸਿਸਟਮ’ ਜ਼ਰੀਏ ਰਹੇਗੀ ‘ਤਿੱਖੀ ਨਜ਼ਰ’, ਟਰਾਂਸਪੋਰਟ ਮਹਿਕਮੇ ਵੱਲੋਂ ਹਿਦਾਇਤਾਂ ਜਾਰੀ

ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਆਪਣੀ ਪੂਰੀ ਰਕਮ ਵਾਪਸ ਕਰਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਦੇ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਆਲਾ ਅਧਿਕਾਰੀ ਵੱਲੋਂ ਕਰਨ ਅਤੇ ਡੀ. ਏ. ਲੀਗਲ ਦੀ ਸਲਾਹ ਲੈਣ ਉਪਰੰਤ ਥਾਣਾ ਸਿਟੀ ਬਲਾਚੌਰ ਦੀ ਪੁਲਸ ਨੇ ਸਿਮਰਨਜੀਤ ਕੌਰ ਅਤੇ ਬਚਿੱਤਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਆਖਿਰ ਖ਼ੁਦ ’ਤੇ ਆਈ ਤਾਂ ਸੁਨੀਲ ਜਾਖੜ ਦਾ ਕਾਂਗਰਸ ਦੇ ‘ਹਿੰਦੂ ਵਿਰੋਧੀ’ ਹੋਣ ਦਾ ਦਰਦ ਛਲਕਿਆ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri