ਨੌਸਰਬਾਜ਼ਾਂ ਮਨੀ ਚੇਂਜਰ ਕੋਲੋਂ ਠੱਗੇ 900 ਡਾਲਰ

07/18/2018 3:47:42 PM

ਦਸੂਹਾ (ਝਾਵਰ)— ਦਸੂਹਾ ਦੇ ਮੁੱਖ ਬਾਜ਼ਾਰ ਬੈਂਕ ਰੋਡ ਵਿਖੇ ਸਥਿਤ ਇਕ ਮਨੀ ਚੇਂਜਰ ਦੀ ਦੁਕਾਨ ਵਾਲੇ ਨਾਲ 3 ਨੌਸਰਬਾਜ਼ਾਂ ਵੱਲੋਂ 4 ਦਿਨ ਪਹਿਲਾਂ 900 ਡਾਲਰ ਦੀ ਠੱਗੀ ਮਾਰਨ ਦੀ ਖਬਰ ਮਿਲੀ ਹੈ, ਜਦਕਿ ਇਸ ਸਬੰਧੀ ਉਪਰੋਕਤ ਮਨੀ-ਚੇਂਜਰ ਵੱਲੋਂ ਪਹਿਲਾਂ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ। ਨੌਸਰਬਾਜ਼ਾਂ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈਆਂ ਸਨ। ਉਸ ਨੇ ਬੀਤੇ ਦਿਨ ਥਾਣਾ ਦਸੂਹਾ ਵਿਖੇ ਇਸ ਸਬੰਧੀ ਸੂਚਿਤ ਕੀਤਾ।
ਪਤਾ ਲੱਗਾ ਹੈ ਕਿ ਰਾਸ਼ਟਰੀ ਰਾਜ ਮਾਰਗ 'ਤੇ ਟੋਲ ਪਲਾਜ਼ਾ ਚੌਲਾਂਗ ਨਜ਼ਦੀਕ 3 ਵਿਅਕਤੀਆਂ ਨੂੰ ਪੁਲਸ ਨੇ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ਕੋਲੋਂ ਥਾਣਾ ਟਾਂਡਾ ਵਿਖੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਜਦੋਂ ਇਸ ਸਬੰਧੀ ਥਾਣਾ ਦਸੂਹਾ ਵਿਖੇ ਐੱਸ. ਐੱਚ. ਓ. ਜਗਦੀਸ਼ ਰਾਜ ਅਤਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬੀਤੇ ਦਿਨ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਸੀ। ਪਤਾ ਲੱਗਾ ਹੈ ਕਿ ਫੜੇ ਗਏ ਵਿਅਕਤੀ ਈਰਾਨ ਦੇ ਹਨ। ਮਨੀ-ਚੇਂਜਰ ਨੇ ਆਪਣਾ ਨਾਂ ਦੱਸਣ ਤੋਂ ਇਨਕਾਰ ਕੀਤਾ ਹੈ।