ਸਸਤੇ ਆਈਫੋਨ ਦਿਵਾਉਣ ਦੇ ਨਾਂ ''ਤੇ 20 ਹਜ਼ਾਰ ਦੀ ਠੱਗੀ

03/28/2018 12:16:14 PM

ਜਲੰਧਰ (ਰਾਜੇਸ਼, ਮਾਹੀ)— ਕੋਟਲਾ ਪਿੰਡ ਦੇ ਸਰਪੰਚ ਦੇ ਬੇਟੇ ਨੂੰ ਸਸਤਾ ਆਈਫੋਨ ਦਿਵਾਉਣ ਦਾ ਝਾਂਸਾ ਦੇ ਕੇ 20 ਹਜ਼ਾਰ ਠੱਗਣ ਵਾਲੇ ਨੌਜਵਾਨ (ਨਕਲੀ ਪੱਤਰਕਾਰ) ਨੂੰ ਲੋਕਾਂ ਨੇ ਕਾਬੂ ਕਰਕੇ ਥਾਣਾ ਮਕਸੂਦਾਂ ਦੀ ਪੁਲਸ ਹਵਾਲੇ ਕਰ ਦਿੱਤਾ। ਉਕਤ ਠੱਗ ਨੌਜਵਾਨ ਦੇ ਮੋਟਰਸਾਈਕਲ 'ਤੇ ਪ੍ਰੈੱਸ ਵੀ ਲਿਖਿਆ ਹੋਇਆ ਸੀ, ਜੋ ਸਰਪੰਚ ਦੇ ਬੇਟੇ ਨੂੰ ਕਹਿ ਰਿਹਾ ਸੀ ਕਿ ਉਹ ਇਕ ਨਿੱਜੀ ਚੈਨਲ ਦਾ ਪੱਤਰਕਾਰ ਹੈ। ਮੁਲਜ਼ਮ ਨੇ ਉਨ੍ਹਾਂ ਕੋਲੋਂ ਆਈਫੋਨ ਸਸਤੇ ਰੇਟ 'ਤੇ ਦਿਵਾਉਣ ਦੇ ਨਾਂ 'ਤੇ 20 ਹਜ਼ਾਰ ਰੁਪਏ ਠੱਗ ਲਏ ਪਰ ਜਦੋਂ ਉਨ੍ਹਾਂ ਨੂੰ ਨੌਜਵਾਨ 'ਤੇ ਸ਼ੱਕ ਹੋਇਆ ਤਾਂ ਮੁਲਜ਼ਮ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਉਪਰੰਤ ਮੁਲਜ਼ਮ ਨੇ ਥਾਣੇ 'ਚ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਤੇ ਮੁਆਫੀ ਮੰਗ ਕੇ ਜਾਨ ਛੁਡਵਾਈ। ਫੜਿਆ ਗਿਆ ਨੌਜਵਾਨ ਕੋਟ ਮੁਹੱਲਾ ਬਸਤੀ ਸ਼ੇਖ ਦਾ ਦੱਸਿਆ ਜਾ ਰਿਹਾ ਹੈ। ਉਸ ਕੋਲੋਂ ਪੁਲਸ ਨੇ ਪ੍ਰੈੱਸ ਲਿਖਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ, ਜੋ ਪੁਲਸ ਨੇ ਕਬਜ਼ੇ 'ਚ ਲੈ ਲਿਆ। ਨਕਲੀ ਪੱਤਰਕਾਰ ਨੇ ਦੱਸਿਆ ਕਿ ਉਸ ਦੇ ਕੋਲ ਪ੍ਰੈੱਸ ਦਾ ਕਾਰਡ ਹੈ, ਜੋ ਉਸ ਨੇ ਕਿਸੇ ਨੂੰ 1000 ਰੁਪਏ ਦੇ ਕੇ ਬਣਵਾਇਆ ਸੀ।