ਦੁਬਈ ''ਚ ਲੇਬਰ ਦਾ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਮਾਰੀ ਠੱਗੀ

03/07/2020 4:32:06 PM

ਨਵਾਂਸ਼ਹਿਰ (ਤ੍ਰਿਪਾਠੀ)— ਦੁਬਈ ਵਿਖੇ ਲੇਬਰ ਦਾ ਕੰਮ ਦਿਵਾਉਣ ਦਾ ਝਾਂਸਾ ਦੇ ਕੇ 70 ਹਜ਼ਾਰ ਰੁਪਏ ਦੀ ਠੱਗੀ ਕਰਨ ਵਾਲੇ ਏਜੰਟ ਦੇ ਖਿਲਾਫ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।

ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਸੁਨੀਲ ਵਾਸੀ ਨਵਾਂਸ਼ਹਿਰ ਨੇ ਦੱਸਿਆ ਕਿ ਉਸ ਨੇ ਲੇਬਰ ਦੇ ਕੰਮ ਲਈ ਦੁਬਈ ਜਾਣ ਦੀ ਗੱਲ ਨਵਾਂਸ਼ਹਿਰ ਦੇ ਗੁੱਜਰਪੁਰ ਰੋਡ 'ਤੇ ਟਰੈਵਲ ਏਜੰਟੀ ਦਾ ਕੰਮ ਕਰਨ ਵਾਲੇ ਏਜੰਟ ਗੌਰਵ ਨਾਲ ਕੀਤੀ ਸੀ ਅਤੇ 70 ਹਜ਼ਾਰ ਰੁਪਏ 'ਚ ਸੌਦਾ ਤੈਅ ਹੋਇਆ ਸੀ। ਉਪਰੋਕਤ ਏਜੰਟ ਨੇ ਪੈਸੇ ਲੈਣ ਦੇ ਕੁਝ ਦਿਨਾਂ ਉਪਰੰਤ ਉਸ ਨੂੰ ਵੀਜ਼ਾ ਅਤੇ ਟਿਕਟ ਦੇ ਕੇ ਦੁਬਈ ਭੇਜ ਦਿੱਤਾ ਪਰ ਦੁਬਈ ਪੁੱਜਣ ਉਪਰੰਤ ਉਸ ਨੂੰ ਕੰਪਨੀ 'ਚ ਨਾ ਭੇਜ ਕੇ ਇਕ ਕਮਰੇ 'ਚ ਰੱਖਿਆ ਗਿਆ ਪਰ 6 ਦਿਨ ਬਾਅਦ ਉਸ ਨੂੰ ਬਿਨਾਂ ਕਿਸੇ ਕਾਰਨ ਉੱਥੋਂ ਕੱਢ ਦਿੱਤਾ ਗਿਆ।

ਇਹ ਵੀ ਪੜ੍ਹੋ:  ਨਹੀਂ ਭੁਲਾ ਪਾ ਰਹੇ ਹਨ ਦੁਬਈ 'ਚ ਗੁਜ਼ਾਰੇ ਦੁੱਖ ਭਰੇ ਦਿਨ ਤੇ ਰਾਤਾਂ, ਨੌਜਵਾਨਾਂ ਨੇ ਸੁਣਾਈ ਦਾਸਤਾਨ

ਇਸ ਬਾਰੇ ਉਸ ਨੇ ਏਜੰਟ ਨੂੰ ਫੋਨ 'ਤੇ ਜਾਣਕਾਰੀ ਦਿੱਤੀ ਪਰ ਉਸ ਨੇ ਕੋਈ ਮਦਦ ਨਹੀਂ ਕੀਤੀ। ਦੁਬਈ 'ਚ ਉਸ ਨੇ ਆਪਣੇ ਤੌਰ 'ਤੇ ਕੰਮ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਸਫਲਤਾ ਨਹੀਂ ਮਿਲੀ, ਜਿਸ ਕਰਕੇ ਕਰੀਬ 25 ਦਿਨਾਂ ਉਪਰੰਤ ਉਹ ਵਾਪਸ ਇੰਡੀਆ ਆ ਗਿਆ। ਏਜੰਟ ਨਾਲ ਮਿਲ ਕੇ ਜਦੋਂ ਉਸ ਨੇ ਆਪਣੇ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਨੇ ਪੈਸੇ ਵਾਪਸ ਨਹੀਂ ਕੀਤੇ, ਸਗੋਂ ਉਸ ਨੂੰ ਦੁਬਈ ਭੇਜਣ ਲਈ ਹੋਰ 25 ਹਜ਼ਾਰ ਰੁਪਏ ਦੀ ਮੰਗ ਕੀਤੀ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਉਸ ਨੇ ਆਪਣੇ ਪੈਸੇ ਵਾਪਸ ਕਰਵਾਉਣ ਅਤੇ ਉਪਰੋਕਤ ਏਜੰਟ ਖਿਲਾਫ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਉਪਰੋਕਤ ਸ਼ਿਕਾਇਤ ਦੀ ਜਾਂਚ ਆਰਥਿਕ ਅਪਰਾਧ ਵਿੰਗ ਦੇ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਵੱਲੋਂ ਕਰਨ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ 'ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਏਜੰਟ ਗੌਰਵ ਦੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਲਿਬਨਾਨ ਭੇਜਣ ਦੇ ਨਾਂ 'ਤੇ ਕੀਤੀ ਸਵਾ ਤਿੰਨ ਲੱਖ ਦੀ ਠੱਗੀ

shivani attri

This news is Content Editor shivani attri