10 ਕਰੋੜ ਦੀ ਠੱਗੀ ''ਚ ਨਾਮਜ਼ਦ 2 ਮੁਲਜ਼ਮ ਗ੍ਰਿਫਤਾਰ

02/08/2020 3:00:39 PM

ਨਵਾਂਸ਼ਹਿਰ (ਮਨੋਰੰਜਨ)— ਥਾਣਾ ਸਿਟੀ ਨਵਾਂਸ਼ਹਿਰ ਪੁਲਸ ਨੇ ਪਿਛਲੇ ਸਾਲ ਮਾਰਚ 'ਚ 10 ਕਰੋੜ 2 ਲੱਖ 75 ਹਜ਼ਾਰ ਰੁਪਏ ਦੀ ਠੱਗੀ 'ਚ ਨਾਮਜ਼ਦ 2 ਕਥਿਤ ਮੁਲਜ਼ਮਾਂ ਨੂੰ ਪੁਲਸ ਨੇ ਬੀਤੇ ਦਿਨ ਗ੍ਰਿਫਤਾਰ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ 7 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਇਸ ਮਾਮਲੇ 'ਚ ਕੁਲ 12 ਲੋਕ ਨਾਮਜ਼ਦ ਕੀਤੇ ਗਏ। 10 ਮੁਲਜ਼ਮ ਅਜੇ ਵੀ ਪੁਲਸ ਦੀ ਪਹੁੰਚ ਤੋਂ ਦੂਰ ਹਨ।

ਮਾਮਲੇ ਦੇ ਜਾਂਚ ਅਧਿਕਾਰੀ ਸਬ-ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਲਵਦੀਪ ਪਰਾਸ਼ਰ ਅਤੇ ਦਿੱਲੀ ਦੇ ਰਾਜਿੰਦਰ ਸਿੰਘ ਅਤੇ ਰਾਜੇਸ਼ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਇਕ ਵਿਅਕਤੀ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਕਿਹਾ ਕਿ ਮੁੰਬਈ ਦੀ ਫਰਮ ਦਾ ਮਾਲਕ ਸਿੰਗਾਪੁਰ 'ਚ ਰਹਿੰਦਾ ਹੈ।

ਉਨ੍ਹਾਂ ਕੋਲ ਰੇਡੀਓ ਐਕਟਿਵ ਪਦਾਰਥ (ਕਾਪਰ ਪਲੇਟ) ਹੈ, ਜਿਸ ਦੀ ਕੀਮਤ ਕਈ ਹਜ਼ਾਰ ਕਰੋੜ ਹੈ ਪਰ ਆਰਥਿਕ ਮੰਦੀ 'ਚ ਲੰਘਣ ਕਾਰਨ ਉਹ ਇਸ ਨੂੰ ਵੇਚਣਾ ਚਾਹੁੰਦੇ ਹਨ। ਉਕਤ ਵਿਅਕਤੀ ਨੇ ਇਨ੍ਹਾਂ ਤਿੰਨਾਂ ਲੋਕਾਂ ਨੂੰ ਕਿਹਾ ਕਿ ਉਹ ਬਹੁਤ ਸਸਤੇ 'ਚ ਉਨ੍ਹਾਂ ਨੂੰ ਦਿਵਾ ਦੇਵੇਗਾ। ਉਨ੍ਹਾਂ ਕੋਲ ਇਸ ਰੇਡੀਓ ਐਕਟਿਵ ਪਦਾਰਥ ਦੇ ਡੀ. ਆਰ. ਡੀ. ਓ. ਦੇ ਕਾਗਜ਼ਾਤ ਵੀ ਹਨ। ਇਸ ਦੇ ਇਲਾਵਾ ਇਸ ਪਦਾਰਥ ਦੀ ਟੈਸਟਿਗ ਅਤੇ ਪੈਕਿੰਗ ਸਬੰਧੀ ਕਾਗਜ਼ਾਤ ਵੀ ਹਨ। ਲਵਦੀਪ ਪਰਾਸ਼ਰ, ਰਾਜੇਸ਼ ਕੁਮਾਰ ਅਤੇ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਇਸ ਰੇਡੀਓ ਐਕਟਿਵ ਪਦਾਰਥ ਦੀ ਟੈਸਟਿੰਗ ਦੇ ਲਈ ਉਕਤ ਲੋਕਾਂ ਦੀ ਮੁੰਬਈ ਸਥਿਤ ਕੰਪਨੀ ਦੇ ਮੈਨੇਜਰ ਕਥਿਤ ਮੁਲਜ਼ਮ ਗਣੇਸ਼ ਅਤੇ ਅਮਿਤ ਨੂੰ 97 ਲੱਖ ਰੁਪਏ ਦਾ ਡਰਾਫਟ ਦਿੱਤਾ। ਇਸ ਦੇ ਬਾਅਦ ਉਹ ਇਸ ਪਦਾਰਥ ਦੀ ਚੈਕਿੰਗ ਦੀ ਏਵਜ਼ ਵਿਚ ਉਨ੍ਹਾਂ ਚਾਰ ਅਲੱਗ-ਅਲੱਗ ਮੌਕਿਆਂ 'ਤੇ 10 ਕਰੋੜ 2 ਲੱਖ 75 ਹਜ਼ਾਰ ਰੁਪਏ ਉਨ੍ਹਾਂ ਤੋਂ ਲਏ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਬਾਅਦ ਮੁਲਜ਼ਮ ਰੂਪੋਸ਼ ਹੋ ਗਏ, ਨਾ ਹੀ ਉਨ੍ਹਾਂ ਨੂੰ ਰੇਡੀਓ ਕਾਪਰ ਪਦਾਰਥ ਦਿੱਤਾ ਨਾ ਹੀ ਪੈਸੇ ਵਾਪਸ ਕੀਤੇ। ਨਵਾਂਸ਼ਹਿਰ ਪੁਲਸ ਨੇ ਸ਼ਿਕਾਇਤ ਦੀ ਜਾਂਚ ਕਰਨ ਦੇ ਬਾਅਦ ਇਸ ਮਾਮਲੇ ਵਿਚ 12 ਲੋਕਾਂ ਨੂੰ ਨਾਮਜ਼ਦ ਕੀਤਾ। ਇਸੇ ਦੌਰਾਨ ਰਾਜਸਥਾਨ ਪੁਲਸ ਨੇ ਦੋ ਕਥਿਤ ਮੁਲਜ਼ਮਾਂ ਗਣੇਸ਼ ਅਤੇ ਅਮਿਤ ਨੂੰ ਗ੍ਰਿਫਤਾਰ ਕਰ ਲਿਆ। ਅੱਜ ਰਾਜਸਥਾਨ ਪੁਲਸ ਨੇ ਪ੍ਰੋਡਕਸ਼ਨ ਵਾਰੰਟ 'ਤੇ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕੀਤਾ। ਇਸ ਦੇ ਬਾਅਦ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਦੀ ਮੰਗ ਕੀਤੀ। ਜਿੱਥੇ ਅਦਾਲਤ ਨੇ ਉਨ੍ਹਾਂ ਨੂੰ 7 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪੁਲਸ ਰਿਮਾਂਡ ਦੌਰਾਨ ਮਾਮਲੇ 'ਚ ਨਾਮਜ਼ਦ ਹੋਰ ਮੁਲਜ਼ਮਾਂ ਤੱਕ ਪੁਲਸ ਜਲਦ ਪਹੁੰਚ ਸਕਦੀ ਹੈ।

 


shivani attri

Content Editor

Related News