ਐੱਫ. ਡੀ. ਦੇ ਨਾਂ ''ਤੇ ਨਿਜੀ ਕੰਪਨੀ ਨੇ ਕੀਤੀ ਲੋਕਾਂ ਨਾਲ 50 ਲੱਖ ਦੀ ਧੋਖਾਧੜੀ

01/29/2020 11:38:30 AM

ਰੂਪਨਗਰ (ਸੱਜਣ ਸੈਣੀ)— ਆਪਣੇ ਭਵਿੱਖ ਲਈ ਦਿਨ ਰਾਤ ਮਿਹਨਤ ਕਰਕੇ ਜੋੜੇ ਪੈਸਿਆਂ ਨੂੰ ਇਕ ਨਿਜੀ ਕੰਪਨੀ 'ਚ ਲਗਾਉਣ ਵਾਲੇ ਲੋਕੀ ਹੁਣ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਜਿਹੜੇ ਲੋਕਾਂ ਨੇ ਵਿਆਜ ਲੈਣ ਲਈ ਕੰਪਨੀ 'ਚ ਐੱਫ. ਡੀ. ਕਰਵਾਈਆਂ ਸਨ, ਹੁਣ ਐੱਫ. ਡੀ. ਦੀ ਮਿਆਦ ਪੁਰੀ ਹੋਏ ਸਾਲ ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਕੰਪਨੀ ਪ੍ਰਬੰਧਕ ਪੈਸੇ ਦੇਣ ਦਾ ਨਾਂ ਨਹੀਂ ਲੈ ਰਹੇ ਅਤੇ ਨਾ ਹੀ ਮਨ੍ਹਾ ਕਰ ਰਹੇ ਹਨ। ਹੁਣ ਇਹ ਮਾਮਲਾ ਪੁਲਸ ਕੋਲ ਪਹੁੰਚ ਗਿਆ ਹੈ ਸ਼ਿਕਾਇਤਕਰਤਾ ਰਿਸ਼ੀ ਗੋਇਲ ਵਾਸੀ ਰੂਪਨਗਰ, ਮਨਜੀਤ ਸਿੰਘ ਤੰਬੜ, ਮਨਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਕਰੀਬ ਇਕ ਸਾਲ ਪਹਿਲਾਂ ਰੂਪਨਗਰ 'ਚ ਗੈਸਟ ਕੰਪਨੀ ਦੇ ਨਾਂ 'ਤੇ ਖੁੱਲ੍ਹੇ ਸਮਾਲ ਸੇਵਿੰਗ ਬੈਂਕ ਵੱਲੋਂ ਪਹਿਲਾਂ ਤਾਂ ਜਨਤਾ ਨੂੰ ਬੜੇ ਸਬਜਬਾਗ ਦਿਖਾਏ। ਲੋਕਾਂ ਦਾ ਪੈਸਾ ਦੁੱਗਣਾ ਕਰਨ ਦੀਆਂ ਕਈ ਲੁਭਾਵਣੀਆਂ ਸਕੀਮਾਂ ਦਾ ਪ੍ਰਚਾਰ ਕਰਕੇ

ਸੈਂਕੜੇ ਲੋਕਾਂ ਦੇ ਲੱਖਾਂ ਰੁਪਏ ਕੰਪਨੀ 'ਚ ਐੱਫ. ਡੀ. ਨਾਮ 'ਤੇ ਜਮਾ ਕਰਵਾ ਲਏ ਪਰ ਜਦੋਂ ਹੁਣ ਐੱਫ. ਡੀ. ਦੀ ਮਿਆਦ ਪੁਰੀ ਹੋਣ 'ਤੇ ਲੋਕਾਂ ਵੱਲੋਂ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕੀਤੇ ਤਾਂ ਕੰਪਨੀ ਨੇ ਠੇਗਾ ਦਿਖਾ ਦਿੱਤਾ। ਹੁਣ ਲੋਕੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।
ਇਨ੍ਹਾਂ ਲੋਕਾਂ ਦਾ ਦੋਸ਼ ਹੈ ਕਿ ਇਨ੍ਹਾਂ ਨੇ 'ਦਿ ਗੈਸਟ ਅਰਬਨ ਕਰੈਡਿਟ ਕੌਪਰੇਟਿਵ ਸੋਸਾਇਟੀ ਲਿਮ. 'ਚ ਡੇਲੀ ਡਿਪੋਜਿਟ ਸਕੀਮ ਤਹਿਤ ਐੱਫ. ਡੀ. ਕਰਵਾਈਆਂ ਸਨ ਪਰ ਐੱਫ. ਡੀ. ਦੀ ਮਿਆਦ ਕਰੀਬ ਇਕ ਸਾਲ ਪਹਿਲਾਂ ਖਤਮ ਹੋ ਚੁੱਕੀ ਹੈ ਅਤੇ ਕੰਪਨੀ ਵਾਪਸ ਕਰਨ ਦੀ ਵਜਾਏ ਲਾਰੇ ਲੱਪੇ ਲਗਾ ਰਹੀ ਹੈ। ਪੀੜਤ ਲੋਕਾਂ ਨੇ ਦੱਸਿਆ ਕਿ ਇਸ ਤਰ੍ਹਾਂ ਕੰਪਨੀ ਨੇ ਜ਼ਿਲੇ ਭਰ ਦੇ ਲੋਕਾਂ ਦੇ ਪੈਸੇ ਦੱਬੇ ਹੋਏ ਹਨ, ਜੋ ਵਾਪਸ ਨਹੀਂ ਕੀਤੇ ਜਾ ਰਹੇ। ਪੀੜਤਾਂ ਨੇ ਕੰਪਨੀ 'ਤੇ ਧੋਖਾਧੜੀ ਦੇ ਦੋਸ਼ ਲਗਾਉਂਦੇ ਹੋਏ ਰੂਪਨਗਰ ਪੁਲਸ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਗੈਸਟ ਕੰਪਨੀ 'ਚ ਬਤੌਰ ਬਰਾਂਚ ਮੈਨੇਜਰ ਵਜੋਂ ਕੰਮ ਕਰ ਚੁੱਕੇ ਬਿਕਰਮਜੀਤ ਸਿੰਘ ਨੇ ਦੱਸਿਆ ਕੰਪਨੀ ਨੇ ਜਿੱਥੇ ਆਮ ਲੋਕਾਂ ਦੇ ਪੈਸੇ ਦੱਬੇ ਹੋਏ ਹਨ, ਉਥੇ ਹੀ ਉਸ ਦੇ ਖੁਦ ਦੇ ਪੈਸੇ ਵੀ ਨਹੀਂ ਦਿੱਤੇ ਜਾ ਰਹੇ ਅਤੇ ਨਾ ਹੀ ਕੰਪਨੀ ਵੱਲੋਂ ਉਸ ਦੀ ਤਨਖਾਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਰੂਪਨਗਰ ਜ਼ਿਲੇ ਦੇ ਕਰੀਬ 50 ਲੱਖ ਰੁਪਏ ਕੰਪਨੀ ਦੱਬੀ ਬੈਠੀ ਹੈ।

ਕੀ ਕਹਿਣਾ ਹੈ ਕੰਪਨੀ ਦੇ ਅਧਿਕਾਰੀਆਂ ਦਾ
ਦੂਜੇ ਪਾਸੇ ਜਦੋਂ ਕੰਪਨੀ ਦੇ ਅਧਿਕਾਰੀ ਨਿਤਿਨ ਤਤਿਆਲ ਨਾਲ ਗੱਲ ਕੀਤੀ ਤਾਂ ਪਹਿਲਾ ਤਾਂ ਉਨ੍ਹਾਂ ਨੇ ਗੱਲ ਕਰਨੋ ਮਨ੍ਹਾ ਕਰ ਦਿੱਤਾ। ਜਦੋਂ ਪੀੜਤ ਲੋਕਾਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ ਤਾਂ ਉਨ੍ਹਾਂ ਕਿਹਾ ਕਿ ਉਹ ਸਵਾ ਚਾਰ ਕਰੋੜ ਰੁਪਏ ਲੋਕਾਂ ਦੇ ਪੈਸੇ ਜਮ੍ਹਾ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਪੈਸੇ 100 ਫੀਸਦੀ ਵਾਪਸ ਕੀਤੇ ਜਾਣਗੇ ਜਦੋਂ ਉਨ੍ਹਾਂ ਨੂੰ ਪੁਛਿਆ ਕਿ ਪੈਸੇ ਕਦੋਂ ਤੱਕ ਪੈਸੇ ਵਾਪਸ ਕੀਤੇ  ਜਾਣਗੇ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ ਇਸ ਦਾ ਕੋਈ ਜਵਾਬ ਨਹੀਂ... ਮੇਰੀ ਕੰਪਨੀ ਤਾਂ ਆਪ ਬੰਦ ਪਈ ਏ।

ਕੀ ਕਹਿਣਾ ਹੈ ਪੁਲਸ ਅਧਿਕਾਰੀਆਂ ਦਾ
ਮਾਮਲੇ ਦੀ ਜਾਂਚ ਕਰ ਰਹੇ ਡੀ. ਐੱਸ. ਪੀ. ਕੰਟਰੋਲ ਰੂਮ ਰਸ਼ਪਾਲ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਨੂੰ ਬੁਲਾਇਆ ਗਿਆ ਸੀ, ਜਿਸ 'ਤੇ ਕੰਪਨੀ ਦੇ ਅਧਿਕਾਰੀ ਨਿਤਿਨ ਤਤਿਆਲ ਵੱਲੋਂ ਪੂਰੇ ਦਸਤਾਵੇਜ਼ ਪੇਸ਼ ਨਹੀਂ ਕੀਤੇ ਗਏ ਅਤੇ ਦਸਤਾਵੇਜ਼ ਪੇਸ਼ ਕਰਨ ਲਈ ਉਸ ਨੂੰ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਦੋਸ਼ੀ ਪਾਏ ਜਾਣ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਵੱਧ ਵਿਆਜ ਕਮਾਉਣ ਦੇ ਚੱਕਰ 'ਚ ਪਹਿਲਾ ਤਾਂ ਜਨਤਾ ਬਿਨ੍ਹਾਂ ਕਿਸੇ ਜਾਂਚ ਦੇ ਅੱਖ ਬੰਦ ਕਰ ਨਿੱਜੀ ਕੰਪਨੀਆਂ 'ਚ ਲੱਖਾਂ ਰੁਪਏ ਇਨਵੈਸਟ ਕਰ ਦਿੰਦੀ ਹੈ। ਜਦੋਂ ਬਾਅਦ 'ਚ ਕੰਪਨੀਆਂ ਧੋਖਾਧੜੀ ਕਰ ਲੈਦੀਆਂ ਹਨ ਅਤੇ ਫੇਰ ਸਭ ਹੱਥ ਮਲਦੇ ਰਹਿ ਜਾਂਦੇ ਹਨ। ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਹੋਣ ਦੀ ਲੋੜ ਹੈ।


shivani attri

Content Editor

Related News