ਨੌਸਰਬਾਜ਼ ਵਿਅਕਤੀ ਨੂੰ ਆਪਣੇ ਵੱਸ ਕਰਕੇ 9 ਤੋਲੇ ਸੋਨੇ ਦੇ ਗਹਿਣੇ ਲੈ ਕੇ ਫਰਾਰ

01/12/2020 4:43:10 PM

ਨਕੋਦਰ (ਜ.ਬ.)— ਮੁਹੱਲਾ ਸੁੰਦਰ ਨਗਰ 'ਚ ਸ਼ਨੀਵਾਰ ਨੂੰ ਬਾਅਦ ਦੁਪਹਿਰ 12.30 ਵਜੇ ਦੇ ਕਰੀਬ ਨੌਸਰਬਾਜ਼ ਧਾਰਮਿਕ ਸਥਾਨ ਦਾ ਰਸਤਾ ਪੁੱਛਣ ਦੇ ਬਹਾਨੇ ਇਕ ਵਿਅਕਤੀ ਨੂੰ ਆਪਣੇ ਵੱਸ 'ਚ ਕਰਦੇ ਹੋਏ ਉਸ ਦੇ ਹੱਥ 'ਚ ਪਾਈ ਹੋਈ ਸੋਨੇ ਦੀ ਅੰਗੂਠੀ ਅਤੇ ਇਕ ਸੋਨੇ ਦਾ ਕੜਾ ਲੈ ਕੇ ਫਰਾਰ ਹੋ ਗਿਆ। ਵਿਅਕਤੀ ਨੂੰ ਠੱਗੀ ਦਾ ਉਸ ਸਮੇਂ ਪਤਾ ਲਗਾ ਜਦੋਂ ਨੌਸਰਬਾਜ਼ ਵੱਲੋਂ ਦਿੱਤੇ ਗਏ ਰੁਮਾਲ ਨੂੰ ਘਰ ਜਾ ਕੇ ਖੋਲ੍ਹਿਆ ਤਾਂ ਦੇਖਿਆ ਕਿ ਰੁਮਾਲ 'ਚ ਛੋਟੇ ਛੋਟੇ ਪੱਥਰ ਸਨ। ਇਸ ਸਬੰਧੀ ਪੀੜਤ ਵਿਅਕਤੀ ਨੇ ਲਿਖਤੀ ਸ਼ਿਕਾਇਤ ਸਿਟੀ ਪੁਲਸ ਨੂੰ ਦਿੱਤੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮੁਹੱਲਾ ਸੁੰਦਰ ਨਗਰ ਦੇ ਰਹਿਣ ਵਾਲੇ ਵਿਕਰਮ ਸਿੰਘ ਪੁੱਤਰ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਤਹਿਸੀਲ ਬਾਜ਼ਾਰ 'ਚ ਥਿੰਦ ਸਵੀਟ ਸ਼ਾਪ ਨਾਮਕ ਦੁਕਾਨ ਹੈ। ਪਿਤਾ ਜਰਨੈਲ ਸਿੰਘ ਨਿੱਕੂ ਪਿਛਲੇ ਕੁਝ ਸਮੇਂ ਤੋਂ ਉਹ ਬੀਮਾਰ ਹਨ ਅਤੇ ਘਰ ਹੀ ਰਹਿੰਦੇ ਹਨ। ਬੀਤੀ ਦੁਪਹਿਰ 12.30 ਵਜੇ ਦੇ ਕਰੀਬ ਘਰ ਬਾਹਰ ਗਲੀ 'ਚ ਟਹਿਲ ਰਹੇ ਸਨ।

ਇਸ ਦੌਰਾਨ ਇਕ ਨੌਜਵਾਨ ਆਇਆ ਅਤੇ ਉਨ੍ਹਾਂ ਨੂੰ ਧਾਰਮਿਕ ਸਥਾਨ ਦਾ ਰਾਹ ਪੁੱਛਣ ਲੱਗਾ। ਰਸਤਾ ਦੱਸਣ ਤੋਂ ਬਾਅਦ ਉਹ ਆਪਣੇ ਘਰ ਵੱਲ ਆ ਗਿਆ। ਇਸ ਦੌਰਾਨ ਇਕ ਮੋਟਰਸਾਈਕਲ 'ਤੇ ਸਵਾਰ 20 ਸਾਲ ਦਾ ਲੜਕਾ ਅਤੇ 40 ਸਾਲ ਦੀ ਇਕ ਔਰਤ ਨੇ ਉਨ੍ਹਾਂ ਕੋਲ ਆ ਕੇ ਕਿਹਾ ਕਿ ਜਿਸ ਵਿਅਕਤੀ ਨਾਲ ਤੁਸੀਂ ਗੱਲਬਾਤ ਕਰ ਰਹੇ ਸੀ ਉਹ ਬਹੁਤ ਪਹੁੰਚੇ ਹੋਏ ਮਹਾਪੁਰਖ ਹਨ। ਉਨ੍ਹਾਂ ਨਾਲ ਸਾਡੀ ਗੱਲਬਾਤ ਬੰਦ ਹੈ। ਕ੍ਰਿਪਾ ਤੁਸੀਂ ਉਨ੍ਹਾਂ ਨਾਲ ਸਾਡੀ ਗੱਲਬਾਤ ਕਰਵਾ ਦਿਓ। ਇੰਨ੍ਹੇ 'ਚ ਉਹ ਵਿਅਕਤੀ ਖੁਦ ਹੀ ਉਨ੍ਹਾਂ ਕੋਲ ਆਇਆ ਅਤੇ ਉਨ੍ਹਾਂ ਦੇ ਸਿਰ 'ਤੇ ਹੱਥ ਫੇਰਦੇ ਹੋਏ ਕਿਹਾ ਕਿ ਮੈਂ ਤੁਹਾਡੀਆਂ ਸਾਰੀਆਂ ਦੁੱਖ ਤਕਲੀਫਾਂ ਦੂਰ ਕਰ ਦੇਵਾਂਗਾ।

ਇਸ ਤੋਂ ਬਾਅਦ ਉਨ੍ਹਾਂ ਨੂੰ ਹੋਸ਼ ਨਹੀਂ ਰਿਹਾ। ਉਸ ਵਿਅਕਤੀ ਨੇ ਕਿਹਾ ਕਿ ਆਪਣੇ ਹੱਥਾਂ 'ਚ ਪਾਈ ਹੋਈ ਅੰਗੂਠੀਆਂ ਅਤੇ ਕੜਾ ਉਤਾਰ ਦਿਓ। ਮੈਂ ਇਸ ਨੂੰ ਸਿੱਧ ਕੇ ਇਕ ਰੁਮਾਲ 'ਚ ਬੰਨ੍ਹ ਕੇ ਤੁਹਾਨੂੰ ਦੇਵਾਂਗਾ। ਜਦੋਂ ਇਸ ਨੂੰ ਘਰ ਜਾ ਕੇ ਖੋਲ੍ਹੋਗੇ ਤਾਂ ਇਹ ਡਬਲ ਹੋ ਜਾਣਗੇ। ਇਸ ਤੋਂ ਬਾਅਦ ਉਨ੍ਹਾਂ ਨੇ ਸੋਨੇ ਦਾ ਸਾਰਾ ਸਾਮਾਨ ਉਤਾਰ ਕੇ ਉਨ੍ਹਾਂ ਨੂੰ ਦੇ ਦਿੱਤਾ। ਨੌਜਵਾਨ ਵੱਲੋਂ ਇਕ ਰੁਮਾਲ ਦੇ ਕੇ ਚਲੇ ਜਾਣ ਦੇ ਕੁਝ ਸਮੇਂ ਬਾਅਦ ਉਨ੍ਹਾਂ ਨੇ ਘਰ ਜਾ ਕੇ ਰੁਮਾਲ ਨੂੰ ਖੋਲ੍ਹਿਆ ਤਾਂ ਦੇਖਿਆ ਕਿ ਰੁਮਾਲ 'ਚ ਛੋਟੇ-ਛੋਟੇ ਪੱਥਰ ਸਨ। ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਥਾਣਾ ਸਿਟੀ ਪੁਲਸ ਅਧਿਕਾਰੀ ਐੱਸ. ਆਈ. ਇਕਬਾਲ ਸਿੰਘ ਮੌਕੇ 'ਤੇ ਪਹੁੰਚੇ। ਇਸ ਸਬੰਧੀ ਪੀੜਤ ਨੇ ਦੱਸਿਆ ਕਿ ਉਨ੍ਹਾਂ ਦਾ ਕੁੱਲ ਕਰੀਬ 3.50 ਲੱਖ ਦਾ ਨੁਕਸਾਨ ਹੋਇਆ ਹੈ, ਜਿਨ੍ਹਾਂ 'ਚ 3 ਸੋਨੇ ਦੀਆਂ ਅੰਗੂਠੀਆਂ ਅਤੇ 5 ਤੋਲੇ ਦਾ ਕੜਾ ਸੀ। ਜਾਂਚ ਅਧਿਕਾਰੀ ਐੱਸ. ਆਈ. ਇਕਬਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨੌਸਰਬਾਜ਼ ਵੱਲੋਂ ਠੱਗੀ ਕਰਨ ਦੀ ਸ਼ਿਕਾਇਤ ਉਨ੍ਹਾਂ ਨੂੰ ਮਿਲ ਗਈ ਹੈ ਅਤੇ ਜਾਂਚ ਜਾਰੀ ਹੈ ਅਤੇ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ।


shivani attri

Content Editor

Related News