ਬਿਜ਼ਨੈੱਸਮੈਨ ਦੇ ਬੈਂਕ ਖਾਤੇ ''ਚੋਂ ਧੋਖੇ ਨਾਲ ਕਢਵਾਏ 50 ਹਜ਼ਾਰ ਰੁਪਏ

01/09/2020 11:47:18 AM

ਹੁਸ਼ਿਆਰਪੁਰ (ਅਮਰਿੰਦਰ) - ਥਾਣਾ ਸਿਟੀ ਦੀ ਪੁਲਸ ਨੇ ਹੁਸ਼ਿਆਰਪੁਰ ਦੇ ਮੁਹੱਲਾ ਜਗਤਪੁਰਾ ਦੇ ਰਹਿਣ ਵਾਲੇ ਕਟਕ (ਓਡਿਸ਼ਾ) ਦੇ ਬਿਜ਼ਨੈੱਸਮੈਨ ਦੀ ਸ਼ਿਕਾਇਤ 'ਤੇ ਉਸ ਦੇ ਖਾਤੇ 'ਚੋਂ ਮੁੰਬਈ ਦੇ ਏ.ਟੀ.ਐੱਮ. ਰਾਹੀਂ 50 ਹਜ਼ਾਰ ਕਢਵਾਉਣ ਦੇ ਮਾਮਲੇ 'ਚ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਕੋਲ ਦਰਜ ਸ਼ਿਕਾਇਤ 'ਚ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਕਟਕ ਦੇ ਕਲਿਆਣੀ ਨਗਰ 'ਚ ਰਹਿੰਦੇ ਹਨ, ਜਿੱਥੇ ਉਨ੍ਹਾਂ ਨੇ ਪੰਜਾਬ ਐਂਡ ਸਿੰਧ ਬੈਂਕ ਦਾ ਏ. ਟੀ. ਐੱਮ. ਕਾਰਡ ਲੈ ਰੱਖਿਆ ਹੈ। 30 ਨਵੰਬਰ ਤੋਂ ਉਹ ਕਟਕ ਤੋਂ ਹੁਸ਼ਿਆਰਪੁਰ ਆਇਆ ਹੋਇਆ ਹੈ। ਇਸ ਦੌਰਾਨ ਮੋਬਾਇਲ 'ਤੇ ਮੈਸੇਜ ਆਇਆ ਕਿ ਉਸ ਦੇ ਬੈਂਕ ਖਾਤੇ 'ਚੋਂ 25 ਹਜ਼ਾਰ ਰੁਪਏ ਕਢਵੇ ਗਏ। ਉਨ੍ਹਾਂ ਸਵਾਲ ਉਠਾਇਆ ਕਿ ਏ. ਟੀ. ਐੱਮ. ਕਾਰਡ ਤਾਂ ਮੇਰੇ ਕੋਲ ਹੈ, ਫਿਰ ਪੈਸੇ ਕਿੰਝ ਨਿਕਲ ਗਏ। ਉਨ੍ਹਾਂ ਇਸ ਸਬੰਧੀ ਸੂਚਨਾ ਬੈਂਕ ਨੂੰ ਦਿੱਤੀ, ਜਿਸ ਦੇ ਬਾਵਜੂਦ 28 ਦਸੰਬਰ 2019 ਨੂੰ ਫਿਰ ਉਸ ਦੇ ਖਾਤੇ 'ਚੋਂ 25 ਹਜ਼ਾਰ ਰੁਪਏ ਨਿਕਲ ਗਏ। ਥਾਣਾ ਸਿਟੀ ਪੁਲਸ ਨੇ ਅਣਪਛਾਤੇ ਦੋਸ਼ੀ ਖਿਲਾਫ਼ ਕੇਸ ਦਰਜ ਕਰ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

ਜਾਅਲਸਾਜ਼ ਏ. ਟੀ. ਐੱਮ. ਕਾਰਡ ਦੀ ਕਲੋਨਿੰਗ ਕਰ ਕੇ ਦਿੰਦੇ ਨੇ ਵਾਰਦਾਤ ਨੂੰ ਅੰਜਾਮ
ਵਰਣਨਯੋਗ ਹੈ ਕਿ ਰੋਜ਼ਾਨਾ ਏ. ਟੀ. ਐੱਮ. ਕਾਰਡ ਜ਼ਰੀਏ ਧੋਖਾਦੇਹੀ ਦੇ ਕਈ ਮਾਮਲੇ ਸਾਹਮਣੇ ਆਉਣ ਮਗਰੋਂ ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮਾਹਰ ਮੁਤਾਬਕਏ. ਟੀ. ਐੱਮ. ਕਾਰਡ ਨੂੰ ਵਰਤਣ ਮੌਕੇ ਸਾਵਧਾਨੀ ਨਾ ਵਰਤਣ ਨਾਲ ਲੋਕਾਂ ਦੇ ਬੈਂਕ ਖਾਤਿਆਂ ਵਿਚੋਂ ਧੋਖੇ ਨਾਲ ਪੈਸੇ ਨਿਕਲ ਰਹੇ ਹਨ। ਜਾਅਲਸਾਜ਼ ਕਾਰਡ ਕਲੋਨਿੰਗ ਜ਼ਰੀਏ ਏ. ਟੀ. ਐੱਮ. ਕਾਰਡ ਤੱਕ ਆਪਣੀ ਪਹੁੰਚ ਬਣਾ ਰਹੇ ਹਨ, ਜਿਸ ਤੋਂ ਬਾਅਦ ਤੁਹਾਨੂੰ ਠੱਗਣਾ ਉਨ੍ਹਾਂ ਲਈ ਖੱਬੇ ਹੱਥ ਦੀ ਖੇਡ ਹੈ। ਇਸ ਲਈ ਏ. ਟੀ. ਐੱਮ. ਵਿਚੋਂ ਪੈਸੇ ਕਢਵਾਉਣ ਅਤੇ ਕਾਰਡ ਨਾਲ ਪੇਮੈਂਟ ਕਰਨ ਸਮੇਂ ਤੁਹਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ।

ਕਿਵੇਂ ਜਾਅਲਸਾਜ਼ ਦਿੰਦੇ ਹਨ ਅਜਿਹੀ ਵਾਰਦਾਤ ਨੂੰ ਅੰਜਾਮ
ਮਾਹਰ ਦੱਸਦੇ ਹਨ ਕਿ ਕਈ ਤਰ੍ਹਾਂ ਦੀਆਂ ਕਾਰਡ ਸਕਿਮਰ ਡਿਵਾਈਸ ਹੁੰਦੀਆਂ ਹਨ, ਜਿਨ੍ਹਾਂ ਅੰਦਰ ਕਰੈਡਿਟ-ਡੈਬਿਟ ਕਾਰਡ ਸਵਾਈਪ ਕਰਨ 'ਤੇ ਉਸ ਕਾਰਡ ਦੀ ਸਾਰੀ ਜਾਣਕਾਰੀ ਤੁਹਾਡੇ ਕੰਪਿਊਟਰ ਜਾਂ ਲੈਪਟਾਪ ਵਿਚ ਆ ਜਾਂਦੀ ਹੈ। ਇਸ ਤੋਂ ਬਾਅਦ ਇਕ ਖਾਲੀ ਕਾਰਡ ਲਿਆ ਜਾਂਦਾ ਹੈ ਅਤੇ ਐਡਵਾਂਸਡ ਤਰ੍ਹਾਂ ਦੇ ਪ੍ਰਿੰਟਰ ਜ਼ਰੀਏ ਕਲੋਨ ਕੀਤੇ ਗਏ ਕਾਰਡ ਦੀ ਸਾਰੀ ਜਾਣਕਾਰੀ ਉਸ ਕਾਰਡ ਵਿਚ ਪ੍ਰਿੰਟ ਕਰ ਦਿੱਤੀ ਜਾਂਦੀ ਹੈ। ਕਈ ਵਾਰ ਤਾਂ ਹੂ-ਬਹੂ ਓਰਿਜਨਲ ਕਾਰਡ ਵਰਗਾ ਡੁਪਲੀਕੇਟ ਜਾਂ ਕਲੋਨ ਕਰੈਡਿਟ-ਡੈਬਿਟ ਕਾਰਡ ਤਿਆਰ ਕਰ ਲਿਆ ਜਾਂਦਾ ਹੈ।
 

rajwinder kaur

This news is Content Editor rajwinder kaur