3.50 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਸਾਬਕਾ SHO ਖਿਲਾਫ ਮਾਮਲਾ ਦਰਜ

01/07/2020 3:50:06 PM

ਨਵਾਂਸ਼ਹਿਰ/ਬਲਾਚੌਰ/ਪੋਜੇਵਾਲ (ਤ੍ਰਿਪਾਠੀ/ਮਨੋਰੰਜਨ, ਤਰਸੇਮ ਕਟਾਰੀਆ) — ਜ਼ਿਲਾ ਪੁਲਸ ਨੇ ਚੋਰੀ ਕੀਤੀ ਕਾਰ ਰਿਲੀਜ਼ ਕਰਨ ਦੇ ਏਵਜ਼ 'ਚ 3.50 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਥਾਣਾ ਪੋਜੇਵਾਲ ਦੇ ਸਾਬਕਾ ਐੱਸ. ਐੱਚ. ਓ. ਅਤੇ ਔਰਤ ਸਣੇ 4 ਵਿਅਕਤੀਆਂ ਦੇ ਖਿਲਾਫ ਰਿਸ਼ਵਤ ਦਾ ਮਾਮਲਾ ਦਰਜ ਕੀਤਾ ਹੈ। ਡੀ. ਐੱਸ. ਪੀ. ਬਲਾਚੌਰ ਅਤੇ ਏ. ਐੱਸ. ਆਈ. ਅਵਤਾਰ ਸਿੰÎਘ ਐੱਸ. ਐੱਚ. ਓ. ਪੋਜੇਵਾਲ ਨੇ ਦੱਸਿਆ ਕਿ ਪੁਲਸ ਦੇ ਇਕ ਮੁਖਬਰ ਵਿਸ਼ੇਸ਼ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਅਕਤੂਬਰ 2019 'ਚ ਜਦੋਂ ਥਾਣਾ ਪੋਜੇਵਾਲ ਵਿਚ ਇੰਸਪੈਕਟਰ ਜਾਗਰ ਸਿੰਘ ਬਤੌਰ ਐੱਸ. ਐੱਚ. ਓ. ਤਾਇਨਾਤ ਸਨ, ਨੇ ਪ੍ਰਦੀਪ ਕੁਮਾਰ ਉਰਫ ਵਿੱਕੀ ਭੰਡ ਪੁੱਤਰ ਜਗਦੀਸ਼ ਰਾਮ ਵਾਸੀ ਮਾਲੇਵਾਲ ਅਤੇ ਯੋਗੇਸ਼ ਕੁਮਾਰ ਉਰਫ ਕਾਕੂ ਪੁੱਤਰ ਧਰਮਪਾਲ ਵਾਸੀ ਮੰਗੂਪੁਰ ਤੋਂ ਇਕ ਸਵਿਫਟ ਕਾਰ ਬਰਾਮਦ ਕੀਤੀ ਸੀ। ਇਸ ਕਾਰ 'ਤੇ ਜਾਅਲੀ ਨੰਬਰ ਲਾਇਆ ਗਿਆ ਸੀ।

ਦੋਵਾਂ ਲੁਟੇਰਿਆਂ ਨੇ ਉਕਤ ਕਾਰ ਗੜ੍ਹਸ਼ੰਕਰ ਤੋਂ 3 ਅਕਤੂਬਰ 2019 ਨੂੰ ਰਾਕੇਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਹੁਸ਼ਿਆਰਪੁਰ ਦੀ ਚੋਰੀ ਕੀਤੀ ਸੀ ਅਤੇ ਕਾਰ 'ਚ ਸੋਨਾ ਅਤੇ ਨਕਦੀ ਵੀ ਪਈ ਸੀ, ਦੇ ਸਬੰਧ 'ਚ ਥਾਣਾ ਗੜ੍ਹਸ਼ੰਕਰ ਦੀ ਪੁਲਸ ਵੱਲੋਂ ਧਾਰਾ 420,379 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਉਸ ਸਮੇਂ ਦੇ ਥਾਣਾ ਪੋਜੇਵਾਲ ਦੇ ਐੱਸ. ਐੱਚ. ਓ. ਇੰਸਪੈਕਟਰ ਜਾਗਰ ਸਿੰਘ ਨੇ ਉਕਤ ਦੋਵਾਂ ਮੁਲਜ਼ਮਾਂ ਨੂੰ ਕਾਰ ਸਣੇ ਕਾਬੂ ਕਰ ਲਿਆ ਸੀ। ਐੱਸ. ਐੱਚ. ਓ. ਨੂੰ ਮਾਮਲੇ ਦੀ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਐੱਸ. ਐੱਚ. ਓ. ਨੇ 3.50 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਉਕਤ ਮਾਮਲੇ ਨੂੰ ਰਫਾ-ਦਫਾ ਕਰਨ ਦੀ ਸੈਟਲਮੈਂਟ ਕੀਤੀ।

ਚੋਰੀ ਦੀ ਕਾਰ 'ਚੋਂ ਮਿਲੇ ਸੋਨੇ ਨੂੰ ਵੇਚ ਕੇ ਐੱਸ.ਐੱਚ.ਓ. ਨੂੰ ਦਿੱਤੀ ਸੀ ਰਿਸ਼ਵਤ
ਡੀ. ਐੱਸ. ਪੀ. ਬਲਾਚੌਰ ਨੇ ਦੱਸਿਆ ਕਿ ਇਸ ਮਾਮਲੇ 'ਚ ਪ੍ਰਦੀਪ ਕੁਮਾਰ ਦੀ ਇਕ ਰਿਸ਼ਤੇਦਾਰ ਅਮਰਜੀਤ ਕੌਰ ਵਾਸੀ ਹੁਸ਼ਿਆਰਪੁਰ ਨੇ ਇੰਸਪੈਕਟਰ ਜਾਗਰ ਸਿੰਘ ਨਾਲ ਸੌਦੇਬਾਜ਼ੀ ਕਰਕੇ 50 ਹਜ਼ਾਰ ਰੁਪਏ ਦੇ ਦਿੱਤੇ ਸਨ ਜਦੋਂਕਿ ਬਾਕੀ ਰਾਸ਼ੀ ਬਾਅਦ 'ਚ ਦੇਣ ਦਾ ਵਾਅਦਾ ਕੀਤਾ ਸੀ। ਪੁਲਸ ਨੇ ਦੱਸਿਆ ਕਿ ਥਾਣੇਦਾਰ ਜਾਗਰ ਸਿੰਘ ਨੇ ਸੌਦਾ ਹੋਣ 'ਤੇ ਬਰਾਮਦ ਚੋਰੀ ਦੀ ਕਾਰ ਨੂੰ 207 ਮੋਟਰ ਵਹੀਕਲ ਐਕਟ ਦੇ ਤਹਿਤ ਬੰਦ ਕਰ ਦਿੱਤਾ ਅਤੇ ਜਾਅਲੀ ਨੰਬਰ 'ਤੇ ਕਾਰ ਨੂੰ ਰਿਲੀਜ਼ ਕਰਵਾ ਦਿੱਤਾ ਅਤੇ ਇਕ ਮੁਲਜ਼ਮ ਨੂੰ 110 ਸੀ. ਆਰ. ਪੀ. ਸੀ. ਅਧੀਨ ਬੰਦ ਕਰ ਕੇ ਅਗਲੇ ਦਿਨ ਜੇਲ ਭੇਜ ਦਿੱਤਾ ਜਦੋਂ ਕਿ ਦੂਜੇ ਮੁਲਜ਼ਮ ਨੂੰ ਬਿਨਾਂ ਕਾਰਵਾਈ ਕੀਤੇ ਛੱਡ ਦਿੱਤਾ ਸੀ।
ਡੀ. ਐੱਸ. ਪੀ. ਬਲਾਚੌਰ ਨੇ ਦੱਸਿਆ ਕਿ ਉਕਤ ਕਾਰ 'ਚੋਂ ਮਿਲੇ ਸੋਨੇ ਨੂੰ ਪੋਜੇਵਾਲ ਦੇ ਇਕ ਲੋਕਲ ਸੁਨਿਆਰ ਰਾਕੇਸ਼ ਕੁਮਾਰ ਪੁੱਤਰ ਸ਼ਾਦੀ ਲਾਲ ਵਾਸੀ ਸੜੋਆ ਕੋਲ 7 ਲੱਖ 'ਚ ਵੇਚਿਆ ਸੀ ਜਿਸ ਵਿਚੋਂ 3 ਲੱਖ ਰੁਪਏ ਉਸ ਸਮੇਂ ਦੇ ਐੱਸ. ਐੱਚ. ਓ. ਜਾਗਰ ਸਿੰਘ ਨੂੰ ਦਿੱਤੇ ਗਏ ਸੀ। ਪੁਲਸ ਨੇ ਮੁਖਬਰ ਤੋਂ ਮਿਲੀ ਅਹਿਮ ਜਾਣਕਾਰੀ ਦੇ ਆਧਾਰ 'ਤੇ 3.50 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਐੱਸ. ਐੱਚ. ਓ. ਇੰਸਪੈਕਟਰ ਜਾਗਰ ਸਿੰਘ ਅਤੇ ਰਿਸ਼ਵਤ ਦੇਣ ਵਾਲੇ ਅਮਰਜੀਤ ਕੌਰ, ਪ੍ਰਦੀਪ ਕੁਮਾਰ ਅਤੇ ਜੋਗੇਸ਼ ਕੁਮਾਰ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਸ਼ਿਕਾਇਤਾਂ ਦੇ ਬਾਅਦ ਐੱਸ. ਐੱਚ. ਓ. ਨੂੰ ਕੀਤਾ ਲਾਈਨ ਹਾਜ਼ਰ
ਇਸ ਸਬੰਧ 'ਚ ਜਦੋਂ ਐੱਸ. ਐੱਸ. ਪੀ. ਅਲਕਾ ਮੀਨਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਇੰਸਪੈਕਟਰ ਦੀ ਤਾਇਨਾਤੀ ਜ਼ਿਲੇ 'ਚ ਇਸ ਰੈਂਕ ਦੇ ਘੱਟ ਅਧਿਕਾਰੀ ਹੋਣ ਕਰ ਕੇ ਉਕਤ ਥਾਣੇ 'ਚ ਹੋਈ ਸੀ। ਐੱਸ. ਐੱਚ. ਓ. ਦੇ ਕੰਮਕਾਜ ਸਬੰਧੀ ਛੋਟੀਆਂ-ਛੋਟੀਆਂ ਸ਼ਿਕਾਇਤਾਂ ਉਨ੍ਹਾਂ ਦੇ ਕੋਲ ਆ ਰਹੀਆਂ ਸਨ ਜਿਸ ਕਰਕੇ ਉਕਤ ਐੱਸ. ਐੱਚ. ਓ. ਨੂੰ ਅਹੁਦੇ ਤੋਂ ਮੁਕਤ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਸੀ। ਐੱਸ. ਐੱਚ. ਓ. ਜਾਗਰ ਸਿੰਘ ਵੱਲੋਂ ਅਪਰਾਧੀਆਂ ਨੂੰ ਲਾਭ ਦੇਣ ਲਈ ਰਿਸ਼ਵਤ ਲੈਣ ਦਾ ਖੁਲਾਸਾ ਹੋਣ 'ਤੇ ਉਕਤ ਅਧਿਕਾਰੀ ਦੇ ਖਿਲਾਫ ਰਿਸ਼ਵਤ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਲੇ 'ਚ ਕਿਸੇ ਵੀ ਪੁਲਸ ਅਧਿਕਾਰੀ ਨੂੰ ਡਿਊਟੀ 'ਚ ਲਾਪ੍ਰਵਾਹੀ ਕਰਨ ਅਤੇ ਰਿਸ਼ਵਤ ਜਿਹੇ ਸੰਗੀਨ ਜੁਰਮ ਕਰਨ ਦੇ ਮਾਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

shivani attri

This news is Content Editor shivani attri