ਮੀਡੀਆ ਬਿਜ਼ਨੈੱਸ ''ਚ ਲਾਭ ਦੇ ਸੁਪਨੇ ਦਿਖਾ ਕੇ ਸਾਬਕਾ ਕੌਂਸਲਰ ਨਾਲ ਕੀਤੀ 50 ਲੱਖ ਦੀ ਠੱਗੀ

01/05/2020 10:41:44 AM

ਜਲੰਧਰ (ਕਮਲੇਸ਼)— ਮੀਡੀਆ ਬਿਜ਼ਨੈੱਸ 'ਚ ਲਾਭ ਦੇ ਸੁਪਨੇ ਦਿਖਾ ਕੇ ਸਾਬਕਾ ਕੌਂਸਲਰ ਅਮਿਤ ਢੱਲ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਅਰਵਿੰਦ ਨਾਲ 2 ਮੁਲਜ਼ਮਾਂ ਵੱਲੋਂ 50 ਲੱਖ ਦੀ ਠੱਗੀ ਦੇ ਮਾਮਲੇ 'ਚ ਬਾਰਾਦਰੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਅਮਿਤ ਢੱਲ ਅਤੇ ਅਰਵਿੰਦ ਕੁਮਾਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਮੁਲਜ਼ਮ ਖੁਦ ਨੂੰ ਇਕ ਚੈਨਲ ਦਾ ਪ੍ਰਮੋਟਰ ਦੱਸਦੇ ਸਨ ਅਤੇ ਇਸ ਕਾਰਨ ਅਮਿਤ ਢੱਲ ਮੁਲਜ਼ਮਾਂ ਨੂੰ ਪਿਛਲੇ ਕਰੀਬ 3 ਸਾਲਾਂ ਤੋਂ ਜਾਣਦੇ ਸਨ।

ਇਸ ਦੌਰਾਨ ਮੁਲਜ਼ਮਾਂ ਨੇ ਅਮਿਤ ਨੂੰ ਕਿਹਾ ਕਿ ਉਹ ਇਕ ਚੈਨਲ ਦੇ ਪ੍ਰਮੋਟਰ ਹਨ ਅਤੇ ਇਹ ਇਕ ਚੰਗਾ ਬਿਜ਼ਨੈੱਸ ਹੈ, ਜਿਸ 'ਚ ਲਾਭ ਕਮਾਇਆ ਜਾ ਸਕਦਾ ਹੈ। ਮੁਲਜ਼ਮਾਂ ਦੀਆਂ ਗੱਲਾਂ 'ਚ ਆ ਕੇ ਉਹ ਬਿਜ਼ਨੈੱਸ 'ਚ ਪੈਸੇ ਲਾਉਣ ਨੂੰ ਲੈ ਕੇ ਰਾਜ਼ੀ ਹੋ ਗਏ ਅਤੇ ਅਮਿਤ ਨੇ ਆਪਣੇ ਰਿਸ਼ਤੇਦਾਰ ਅਰਵਿੰਦ ਨੂੰ ਵੀ ਬਿਜ਼ਨੈੱਸ 'ਚ ਪੈਸੇ ਲਾਉਣ ਲਈ ਰਾਜ਼ੀ ਕਰ ਲਿਆ। ਦੋਵਾਂ ਪੀੜਤਾਂ ਨੇ ਮੁਲਜ਼ਮਾਂ ਨੂੰ ਆਰ. ਟੀ. ਜੀ. ਐੱਸ. ਰਾਹੀਂ ਅਤੇ ਕੈਸ਼ 50 ਲੱਖ ਦੇ ਕਰੀਬ ਇਨਵੈਸਟਮੈਂਟ ਲਈ ਦਿੱਤੇ। ਪੈਸੇ ਇਨਵੈਸਟ ਕਰਨ ਤੋਂ ਬਾਅਦ 3 ਮਹੀਨੇ ਤੱਕ ਬਿਜ਼ਨੈੱਸ ਠੀਕ ਤਰੀਕੇ ਨਾਲ ਚੱਲਦਾ ਰਿਹਾ। ਇਸ ਤੋਂ ਬਾਅਦ ਮੁਲਜ਼ਮ ਕਹਿਣ ਲੱਗੇ ਕਿ ਉਹ ਹੁਣ ਪੰਜਾਬ 'ਚ ਬਿਜ਼ਨੈੱਸ ਨਹੀਂ ਕਰਨਾ ਚਾਹੁੰਦੇ ਅਤੇ ਜਲਦੀ ਹੀ ਅਮਿਤ ਅਤੇ ਅਰਵਿੰਦ ਵੱਲੋਂ ਇਨਵੈਸਟ ਕੀਤੇ ਗਏ ਪੈਸਿਆਂ ਨੂੰ ਵਾਪਸ ਕਰ ਦੇਣਗੇ। ਕੁਝ ਦਿਨਾਂ 'ਚ ਮੁਲਜ਼ਮਾਂ ਨੇ ਅਮਿਤ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਅਮਿਤ ਅਤੇ ਅਰਵਿੰਦ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਬਾਰਾਦਰੀ ਪੁਲਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਮੁਲਜ਼ਮ ਸੰਜੇ ਗੁਪਤਾ ਵਾਸੀ ਕਰੋਲ ਬਾਗ ਅਤੇ ਨਰਪਾਲ ਚੀਮਾ ਵਾਸੀ ਸੈਕਟਰ 8 ਪੰਚਕੂਲਾ ਖਿਲਾਫ ਧਾਰਾ 420, 406 ਅਤੇ 34 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮਾਮਲੇ 'ਚ ਅਗਲੀ ਕਾਰਵਾਈ ਕਰ ਰਹੀ ਹੈ।


shivani attri

Content Editor

Related News