ਮੈਡੀਕਲ ਕਾਲਜ ''ਚ ਦਾਖਲਾ ਦਿਵਾਉਣ ਦੇ ਨਾਂ ''ਤੇ ਕਿਸਾਨ ਨਾਲ 5 ਲੱਖ ਰੁਪਏ ਦੀ ਠੱਗੀ

12/31/2019 5:17:37 PM

ਜਲੰਧਰ (ਕਮਲੇਸ਼)— ਮੁਕੇਰੀਆਂ ਦੇ ਇਕ ਪਿੰਡ 'ਚ ਰਹਿਣ ਵਾਲੇ ਕਿਸਾਨ ਦੇ ਬੇਟੇ ਨੂੰ ਮੈਡੀਕਲ ਕਾਲਜ 'ਚ ਐਡਮਿਸ਼ਨ ਦਿਵਾਉਣ ਦੇ ਨਾਂ 'ਤੇ 5 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਸਿਵਲ ਹਸਪਤਾਲ ਮੋਹਾਲੀ ਦੀ ਸਟਾਫ ਨਰਸ ਖਿਲਾਫ ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਨਰਸ ਨੇ ਐਡਮਿਸ਼ਨ ਲਈ ਕੁਲ 20 ਲੱਖ ਰੁਪਏ ਦੀ ਮੰਗ ਕੀਤੀ ਸੀ, ਜਦੋਂਕਿ 5 ਲੱਖ ਰੁਪਏ ਕਿਸਾਨ ਨੇ ਆਪਣੀ ਜ਼ਮੀਨ ਵੇਚ ਕੇ ਐਡਵਾਂਸ 'ਚ ਦਿੱਤੇ ਸਨ।

ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਸਾਨ ਮਲਕੀਤ ਸਿੰਘ ਪੁੱਤਰ ਮੰਗਾ ਰਾਮ ਵਾਸੀ ਧਰਮਪੁਰਾ ਪਿੰਡ ਮੁਕੇਰੀਆਂ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਅਤਿੰਦਰਪਾਲ ਸਿੰਘ ਨੂੰ ਮੈਡੀਕਲ ਕਾਲਜ 'ਚ ਐਡਮਿਸ਼ਨ ਦਿਵਾਉਣ ਲਈ ਆਪਣੇ ਜਾਣਕਾਰ ਨਾਲ ਗੱਲ ਕੀਤੀ ਸੀ। ਜਾਣਕਾਰ ਨੇ ਉਸ ਨੂੰ ਦੱਸਿਆ ਕਿ ਮੋਹਾਲੀ ਸਥਿਤ ਸਿਵਲ ਹਸਪਤਾਲ 'ਚ ਤਾਇਨਾਤ ਸਟਾਫ ਨਰਸ ਸੀਮਾ ਅਰੋੜਾ ਪਤਨੀ ਪ੍ਰੀਤਮ ਸਿੰਘ ਅਰੋੜਾ ਉਨ੍ਹਾਂ ਦਾ ਕੰਮ ਕਰਵਾ ਦੇਵੇਗੀ। ਉਨ੍ਹਾਂ ਸੀਮਾ ਨਾਲ ਸੰਪਰਕ ਕਰ ਕੇ ਸਾਰੀ ਗੱਲ ਕੀਤੀ ਤਾਂ ਸੀਮਾ ਅਰੋੜਾ ਨੇ ਐਡਮਿਸ਼ਨ ਲਈ 20 ਲੱਖ ਰੁਪਏ ਦੀ ਮੰਗ ਕੀਤੀ। ਸਾਰੀ ਡੀਲ ਹੋਣ ਤੋਂ ਬਾਅਦ ਸੀਮਾ ਨੇ 5 ਲੱਖ ਰੁਪਏ ਐਡਵਾਂਸ ਦੀ ਮੰਗ ਕੀਤੀ।

ਮਲਕੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਹੁਸ਼ਿਆਰਪੁਰ ਕੋਲ ਦੁਗਰੀ ਰਾਜਪੂਤਾਂ ਸਥਿਤ ਆਪਣੀ ਜ਼ਮੀਨ 'ਚੋਂ 14 ਮਰਲੇ ਕੱਟ ਕੇ ਵੇਚ ਦਿੱਤੇ ਅਤੇ ਉਸ ਵਿਚੋਂ 5 ਲੱਖ ਰੁਪਏ ਸੀਮਾ ਅਰੋੜਾ ਨੂੰ ਜਲੰਧਰ ਦੇ ਬੱਸ ਸਟੈਂਡ ਕੋਲ ਸਥਿਤ ਇਕ ਹੋਟਲ 'ਚ ਬੁਲਾ ਕੇ ਐਡਵਾਂਸ ਵਿਚ ਦਿੱਤੇ। ਦੋਸ਼ ਹੈ ਕਿ ਐਡਵਾਂਸ ਪੈਸੇ ਲੈਣ ਤੋਂ ਬਾਅਦ ਵੀ ਕਾਫੀ ਸਮੇਂ ਤੱਕ ਸੀਮਾ ਨੇ ਐਡਮਿਸ਼ਨ ਨਹੀਂ ਕਰਵਾਈ। ਜਦੋਂ ਉਨ੍ਹਾਂ ਕੰਮ ਨਾ ਹੋਣ ਤੋਂ ਬਾਅਦ ਸੀਮਾ ਕੋਲੋਂ ਪੈਸੇ ਮੰਗੇ ਤਾਂ ਉਸ ਨੇ ਆਪਣੇ ਪਤੀ ਅਤੇ ਆਪਣੇ ਨਾਂ ਨਾਲ 2 ਚੈੱਕ ਦੇ ਦਿੱਤੇ ਅਤੇ ਜਲਦੀ ਹੀ ਪੈਸੇ ਮੋੜਨ ਦਾ ਭਰੋਸਾ ਦਿੱਤਾ। ਕਿਸਾਨ ਦਾ ਦੋਸ਼ ਹੈ ਕਿ ਦੱਸੇ ਹੋਏ ਸਮੇਂ ਤੋਂ ਬਾਅਦ ਦੁਬਾਰਾ ਉਨ੍ਹਾਂ ਪੈਸੇ ਮੰਗੇ ਤਾਂ ਸੀਮਾ ਨੇ ਗਾਲੀ-ਗਲੋਚ ਕਰਦਿਆਂ ਉਨ੍ਹਾਂ ਨੂੰ ਧਮਕੀ ਵੀ ਦਿੱਤੀ। ਮਾਮਲਾ ਜਲੰਧਰ ਪੁਲਸ ਕੋਲ ਆਇਆ ਤਾਂ ਜਾਂਚ ਤੋਂ ਬਾਅਦ ਪੁਲਸ ਨੇ ਸਟਾਫ ਨਰਸ ਸੀਮਾ ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕਰ ਲਿਆ ਹੈ। ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਸੀਮਾ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


shivani attri

Content Editor

Related News