ਡੇਅਰੀ ਮਾਲਕ ਦੇ ਪਸ਼ੂ ਵੇਚ ਕੇ 68 ਲੱਖ ਰੁਪਏ ਠੱਗ ਚੁੱਕੇ ਨੇ ਪਿਓ-ਪੁੱਤ

12/28/2019 12:44:38 PM

ਜਲੰਧਰ (ਵਰੁਣ/ਕਮਲੇਸ਼)— ਵਿਦੇਸ਼ ਭੇਜਣ ਦੇ ਨਾਂ 'ਤੇ ਪਤੀ-ਪਤਨੀ ਸਮੇਤ ਤਿੰਨ ਲੋਕਾਂ ਤੋਂ 42.65 ਲੱਖ ਦੀ ਠੱਗੀ ਦੇ ਮਾਮਲੇ 'ਚ ਗ੍ਰਿਫਤਾਰ ਹੋਏ ਠੱਗ ਪਿਓ-ਪੁੱਤ ਨੇ 80 ਸਾਲ ਦੇ ਡੇਅਰੀ ਮਾਲਕ ਨਾਲ ਵੀ 68 ਲੱਖ ਰੁਪਏ ਦੀ ਠੱਗੀ ਮਾਰੀ ਹੈ। ਥਾਣਾ ਨਵੀਂ ਬਾਰਾਂਦਰੀ 'ਚ ਫਰਾਡ ਪ੍ਰਦੀਪ ਸੂਰੀ ਅਤੇ ਉਸ ਦੇ ਬੇਟੇ ਵਿਕਰਮ ਸੂਰੀ ਖਿਲਾਫ ਵੀਰਵਾਰ ਨੂੰ ਫਰਾਡ ਦਾ ਕੇਸ ਦਰਜ ਕਰ ਲਿਆ ਗਿਆ, ਜਦਕਿ ਉਨ੍ਹਾਂ ਖਿਲਾਫ ਹੋਰ ਵੀ ਸ਼ਿਕਾਇਤਾਂ ਆ ਰਹੀਆਂ ਹਨ। ਅਗਸਤ 2019 'ਚ ਮਾਡਲ ਟਾਊਨ ਦੇ ਗੁਰੂ ਨਗਰ 'ਚ ਰਹਿਣ ਵਾਲੇ ਪ੍ਰਦੀਪ ਸੂਰੀ ਪੁੱਤਰ ਪਿਆਰੇ ਲਾਲ ਅਤੇ ਉਸ ਦੇ ਬੇਟੇ ਵਿਕਰਮ ਸੂਰੀ ਨੇ ਮਾ. ਤਾਰਾ ਸਿੰਘ ਨਗਰ ਵਾਸੀ ਡੇਅਰੀ ਮਾਲਕ ਮੋਹਨ ਸਿੰਘ ਪੁੱਤਰ ਗੁਰਬਚਨ ਸਿੰਘ ਨਾਲ 68 ਲੱਖ ਰੁਪਏ ਦਾ ਫਰਾਡ ਕੀਤਾ ਸੀ।

ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮੋਹਨ ਸਿੰਘ ਨੇ ਕਿਹਾ ਕਿ 80 ਸਾਲ ਦੀ ਉਮਰ ਹੋਣ ਕਾਰਨ ਉਸ ਨੇ ਆਪਣਾ ਡੇਅਰੀ ਦਾ ਕੰਮ ਬੰਦ ਕਰਕੇ ਕੋਈ ਹੋਰ ਕੰਮ ਸ਼ੁਰੂ ਕਰਨ ਦੀ ਸੋਚੀ ਸੀ। ਉਮਰ ਦੇ ਹਿਸਾਬ ਨਾਲ ਉਹ ਡੇਅਰੀ ਦਾ ਕੰਮ ਨਹੀਂ ਕਰ ਪਾ ਰਹੇ ਹਨ, ਜਿਸ ਕਾਰਨ ਉਸ ਨੇ ਪਸ਼ੂਆਂ ਦੀ ਖਰੀਦੋ ਫਰੋਖਤ ਦਾ ਕੰਮ ਕਰਨ ਵਾਲੇ ਪ੍ਰਦੀਪ ਸੂਰੀ ਅਤੇ ਉਸ ਦੇ ਬੇਟੇ ਵਿਕਰਮ ਸੂਰੀ ਨੂੰ ਆਪਣੇ 103 ਪਸ਼ੂ (80 ਮੱਝਾਂ, 23 ਗਾਵਾਂ) ਵੇਚਣ ਦਾ ਫੈਸਲਾ ਕੀਤਾ। ਮੋਹਨ ਸਿੰਘ ਨੇ ਕਿਹਾ ਕਿ ਉਹ ਦੋਵੇਂ ਉਸ ਨੂੰ 25 ਸਾਲਾਂ ਤੋਂ ਜਾਣਦੇ ਸਨ ਕਿਉਂਕਿ ਪਹਿਲਾਂ ਵੀ ਉਸ ਨੇ ਉਕਤ ਲੋਕਾਂ ਤੋਂ ਪਸ਼ੂ ਖਰੀਦੇ ਸਨ। 20 ਅਗਸਤ ਨੂੰ ਸਾਰੇ ਪਸ਼ੂ 70 ਲੱਖ ਰੁਪਏ 'ਚ ਵੇਚਣ ਦਾ ਸੌਦਾ ਤੈਅ ਹੋਇਆ ਅਤੇ ਬਾਪ-ਬੇਟੇ ਨੇ ਉਸ ਨੂੰ ਅਡਵਾਂਸ 'ਚ 2 ਲੱਖ ਰੁਪਏ ਵੀ ਦੇ ਦਿੱਤੇ।

ਪ੍ਰਦੀਪ ਸੂਰੀ ਅਤੇ ਉਸ ਦੇ ਬੇਟੇ ਵਿਕਰਮ ਨੇ ਭਰੋਸਾ ਦਿੱਤਾ ਸੀ ਕਿ ਇਕ ਮਹੀਨੇ ਦੇ ਅੰਦਰ ਜਿਉਂ ਹੀ ਪਸ਼ੂ ਵਿਕਦੇ ਜਾਣਗੇ ਉਦੋਂ ਹੀ ਉਹ ਪੈਸੇ ਵੀ ਉਨ੍ਹਾਂ ਦੇ ਬੈਂਕ ਖਾਤੇ 'ਚ ਟਰਾਂਸਫਰ ਕਰਦੇ ਰਹਿਣਗੇ। ਮੋਹਨ ਸਿੰਘ ਨੇ ਕਿਹਾ ਕਿ ਇਕ ਮਹੀਨਾ ਲੰਘ ਜਾਣ ਤੋਂ ਬਾਅਦ ਵੀ ਪ੍ਰਦੀਪ ਸੂਰੀ ਅਤੇ ਵਿਕਰਮ ਸੂਰੀ ਨੇ ਉਨ੍ਹਾਂ ਨੂੰ ਬਾਕੀ ਦੇ 68 ਲੱਖ ਰੁਪਏ ਨਹੀਂ ਦਿੱਤੇ। ਫੋਨ ਬੰਦ ਹੋਣ ਕਾਰਨ ਜਦੋਂ ਉਕਤ ਲੋਕਾਂ ਦੇ ਗੁਰੂ ਨਗਰ ਸਥਿਤ ਘਰ ਗਏ ਤਾਂ ਪਤਾ ਲੱਗਾ ਕਿ ਉਹ ਆਪਣੇ ਪਰਿਵਾਰ ਨਾਲ ਫਰਾਰ ਹੋ ਚੁੱਕੇ ਹਨ। 68 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਪੁਲਸ ਕੋਲ ਪਹੁੰਚਿਆ ਤਾਂ ਪੁਲਸ ਨੇ ਉਕਤ ਬਾਪ-ਬੇਟੇ ਖਿਲਾਫ ਵੀਰਵਾਰ ਨੂੰ ਧੋਖਾਦੇਹੀ ਦਾ ਕੇਸ ਦਰਜ ਕਰ ਲਿਆ। ਫਿਲਹਾਲ ਮੁਲਜ਼ਮ ਥਾਣਾ ਨੰ.7 ਦੀ ਪੁਲਸ ਦੀ ਕਸਟਡੀ 'ਚ ਹਨ।

ਨਹੀਂ ਰੁਕ ਰਿਹਾ ਸ਼ਿਕਾਇਤਾਂ ਆਉਣ ਦਾ ਸਿਲਸਿਲਾ
ਥਾਣਾ ਨੰ. 7 'ਚ ਪ੍ਰਦੀਪ ਸੂਰੀ ਅਤੇ ਵਿਕਰਮ ਸੂਰੀ ਖਿਲਾਫ ਲਗਾਤਾਰ ਠੱਗੀ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਥਾਣਾ ਨੰ 7 ਦੇ ਮੁਖੀ ਨਵੀਨ ਪਾਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਈ ਲੋਕਾਂ ਨਾਲ ਠੱਗੀ ਕੀਤੀ ਹੋਈ ਹੈ। ਉਹ ਲਗਾਤਾਰ ਉਨ੍ਹਾਂ ਕੋਲ ਥਾਣੇ ਆ ਕੇ ਸ਼ਿਕਾਇਤਾਂ ਦੇ ਰਹੇ ਹਨ। ਹੁਣ ਸਾਰੇ ਲੋਕ ਇਕੱਠੇ ਹੋ ਕੇ ਜਲਦੀ ਹੀ ਪੁਲਸ ਕਮਿਸ਼ਨਰ ਨੂੰ ਮਿਲਣਗੇ। ਇੰਸਪੈਕਟਰ ਨਵੀਨ ਪਾਲ ਦਾ ਕਹਿਣਾ ਹੈ ਕਿ ਉਕਤ ਲੋਕਾਂ ਨੇ ਕਈ ਲੋਕਾਂ ਨਾਲ ਕਮੇਟੀਆਂ ਦੇ ਨਾਂ 'ਤੇ ਵੀ ਕਰੋੜਾਂ ਰੁਪਏ ਦੀ ਠੱਗੀ ਕੀਤੀ ਹੋਈ ਹੈ। ਸ਼ਨੀਵਾਰ ਨੂੰ ਉਕਤ ਮੁਲਜ਼ਮਾਂ ਦਾ ਦੋ ਦਿਨ ਦਾ ਰਿਮਾਂਡ ਖਤਮ ਹੋਵੇਗਾ, ਜਿਨ੍ਹਾਂ ਨੂੰ ਦੁਬਾਰਾ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਉਸ ਬਾਪ-ਬੇਟੇ ਨੇ ਗੌਰਵ ਕਟਾਰੀਆ, ਉਸ ਦੀ ਪਤਨੀ ਅਤੇ ਦੋਸਤ ਨੂੰ ਅਮਰੀਕਾ ਭੇਜਣ ਲਈ 42.65 ਲੱਖ ਰੁਪਏ ਲਏ ਸਨ ਪਰ ਉਨ੍ਹਾਂ ਨੂੰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਹ ਮੁਲਜ਼ਮ ਘਰ ਨੂੰ ਤਾਲਾ ਲਗਾ ਕੇ ਫਰਾਰ ਹੋ ਗਏ ਸਨ, ਜਿਨ੍ਹਾਂ ਨੂੰ ਥਾਣਾ ਨੰ. 7 ਦੀ ਪੁਲਸ ਨੇ ਹਰਿਆਣਾ 'ਚ ਛਾਪੇਮਾਰੀ ਕਰ ਕੇ ਗ੍ਰਿਫਤਾਰ ਕੀਤਾ ਸੀ ।

ਪ੍ਰੋਡਕਸ਼ਨ ਵਾਰੰਟ 'ਤੇ ਲਵੇਗੀ ਥਾਣਾ ਨਵੀਂ ਬਾਰਾਂਦਰੀ ਦੀ ਪੁਲਸ
ਵੀਰਵਾਰ ਨੂੰ ਮੁਲਜ਼ਮਾਂ ਖਿਲਾਫ ਕੇਸ ਦਰਜ ਹੋਣ ਤੋਂ ਬਾਅਦ ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਦੋਵਾਂ ਨੂੰ ਹੁਣ ਪ੍ਰੋਡਕਸ਼ਨ ਵਾਰੰਟ 'ਤੇ ਲਵੇਗੀ। ਥਾਣਾ ਮੁਖੀ ਜੀਵਨ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਥਾਣਾ ਨੰ. 7 ਦੀ ਪੁਲਸ ਮੁਲਜ਼ਮਾਂ ਨੂੰ ਜੇਲ ਭੇਜੇਗੀ ਉਹ ਕੋਰਟ 'ਚ ਉਨ੍ਹਾਂ ਦੇ ਪ੍ਰੋਡਕਸ਼ਨ ਵਾਰੰਟ ਦੀ ਅਰਜ਼ੀ ਦੇਣਗੇ।


shivani attri

Content Editor

Related News