ਫਰਜ਼ੀ ਨਾਂ ''ਤੇ ਦੂਜਾ ਪਾਸਪੋਰਟ ਹਾਸਲ ਕਰਨ ''ਤੇ ਮਾਮਲਾ ਦਰਜ

04/23/2019 1:29:31 PM

ਕਪੂਰਥਲਾ (ਭੂਸ਼ਣ)-ਰਿਜਨਲ ਪਾਸਪੋਰਟ ਦਫਤਰ ਜਲੰਧਰ ਤੋਂ ਫਰਜ਼ੀ ਨਾਂ 'ਤੇ ਦੂਜਾ ਪਾਸਪੋਰਟ ਲੈਣ ਦੇ ਮਾਮਲੇ 'ਚ ਪਾਸਪੋਰਟ ਦਫ਼ਤਰ ਦੇ ਸੀਨੀਅਰ ਸੁਪਰਡੈਂਟ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਮੁਲਜ਼ਮ ਦੇ ਖਿਲਾਫ ਧਾਰਾ 419, 420, 465, 467, 468, 471, 12 ਪਾਸਪੋਰਟ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਜਾਣਕਾਰੀ ਅਨੁਸਾਰ ਰਿਜਨਲ ਪਾਸਪੋਰਟ ਦਫਤਰ ਜਲੰਧਰ ਦੇ ਸੀਨੀਅਰ ਸੁਪਰਡੈਂਟ ਨੇ ਐੱਸ. ਐੱਸ. ਪੀ. ਸਤਿੰਦਰ ਸਿੰਘ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਨ੍ਹਾਂ ਦੇ ਦਫਤਰ 'ਚ ਸਰਤਾਜ ਸਿੰਘ ਪੁੱਤਰ ਦਿਲਬਾਗ ਸਿੰਘ ਨਿਵਾਸੀ ਬਾਬਾ ਦੀਪ ਸਿੰਘ ਨਗਰ ਕਪੂਰਥਲਾ ਨੇ ਸਾਲ 1992 'ਚ ਆਪਣੇ ਅਸਲੀ ਨਾਂ ਸਰਤਾਜ ਸਿੰਘ ਦੇ ਨਾਂ 'ਤੇ ਪਾਸਪੋਰਟ ਅਪਲਾਈ ਕੀਤਾ ਸੀ, ਜਿਸ ਦੇ ਆਧਾਰ 'ਤੇ ਸਰਤਾਜ ਸਿੰਘ 14 ਮਾਰਚ 1992 ਨੂੰ ਪਾਸਪੋਰਟ ਜਾਰੀ ਕਰ ਦਿੱਤੇ ਗਏ ਸਨ, ਜਿਸ ਦੇ ਦੌਰਾਨ ਸਰਤਾਜ ਸਿੰਘ ਸਾਲ 1993 'ਚ ਜਰਮਨੀ ਚਲਾ ਗਿਆ ਸੀ। ਜਿੱਥੇ ਸਾਲ 1996 'ਚ ਸਰਤਾਜ ਸਿੰਘ ਨੇ ਪਾਸਪੋਰਟ ਗੁੰਮ ਹੋ ਜਾਣ ਨੂੰ ਲੈ ਕੇ ਭਾਰਤੀ ਅੰਬੈਸੀ ਫਰੈਂਕਫਰਟ ਜਰਮਨੀ ਨੂੰ ਸੂਚਨਾ ਦਿੱਤੀ ਸੀ। ਜਿਸ ਦੇ ਆਧਾਰ 'ਤੇ ਉਸ ਨੂੰ 5 ਜੂਨ 1996 ਨੂੰ ਐਮਰਜੈਂਸੀ ਪਾਸਪੋਰਟ ਸਲਿਪ ਜਾਰੀ ਕਰ ਦਿੱਤੀ ਗਈ ਸੀ, ਜਿਸ ਦੇ ਆਧਾਰ 'ਤੇ ਸਰਤਾਜ ਸਿੰਘ ਭਾਰਤ ਆ ਗਿਆ ਸੀ।
ਸਾਲ 1996 'ਚ ਸਰਤਾਜ ਸਿੰਘ ਨੇ ਦੂਜੇ ਜਾਣ ਜਾਂਦੇ ਨਾਂ ਹਰਤਾਜ ਸਿੰਘ ਦੇ ਨਾਂ 'ਤੇ ਪਾਸਪੋਰਟ ਅਪਲਾਈ ਕੀਤਾ ਤਾਂ ਉਸ ਨੂੰ 7 ਅਕਤੂਬਰ 1996 'ਚ ਜਾਰੀ ਕਰ ਦਿੱਤਾ ਗਿਆ। ਇਸ ਪਾਸਪੋਰਟ 'ਤੇ ਵੀ ਸਰਤਾਜ ਸਿੰਘ ਉਰਫ ਹਰਤਾਜ ਸਿੰਘ ਨੇ ਵਿਦੇਸ਼ ਯਾਤਰਾ ਕੀਤੀ। ਇਸ ਦੌਰਾਨ ਸਾਲ 2005 'ਚ ਉਸ ਦੇ ਪਾਸਪੋਰਟ ਦੀ ਸਮਾਂ ਸੀਮਾ ਖਤਮ ਹੋ ਗਈ ਅਤੇ ਉਸ ਨੇ 19 ਅਕਤੂਬਰ 2005 ਨੂੰ 2015 ਤਕ ਲਈ ਪਾਸਪੋਰਟ ਜਾਰੀ ਹੋ ਗਿਆ।
18 ਅਕਤੂਬਰ 2015 'ਚ ਪਾਸਪੋਰਟ ਦੀ ਸਮਾਂ ਸੀਮਾ ਖਤਮ ਹੋਣ 'ਤੇ ਜਦੋਂ ਜਲੰਧਰ ਪਾਸਪੋਰਟ ਦਫਤਰ 'ਚ ਪਾਸਪੋਰਟ ਲਈ ਅਪਲਾਈ ਕੀਤਾ ਤਾਂ ਜਾਂਚ ਦੌਰਾਨ ਮੁਲਜ਼ਮ ਵੱਲੋਂ ਸਰਤਾਜ ਸਿੰਘ ਉਰਫ ਹਰਤਾਜ ਸਿੰਘ ਦੇ ਨਾਵਾਂ 'ਤੇ ਪਾਸਪੋਰਟ ਬਣਵਾਉਣਾ ਪਾਇਆ ਗਿਆ। ਜਿਸ 'ਤੇ ਜਦੋਂ ਪਾਸਪੋਰਟ ਦਫਤਰ ਨੇ ਸਰਤਾਜ ਸਿੰਘ ਉਰਫ ਹਰਤਾਜ ਸਿੰਘ ਤੋਂ ਦਸਤਾਵੇਜ਼ਾਂ ਦੀ ਮੰਗ ਕੀਤੀ ਤਾਂ ਉਕਤ ਮੁਲਜ਼ਮ ਵੱਲੋਂ ਦਿੱਤੇ ਗਏ ਦਸਤਾਵੇਜ਼ਾਂ ਤੋਂ ਸਾਬਤ ਹੋ ਗਿਆ। ਸਰਤਾਜ ਸਿੰਘ ਅਤੇ ਹਰਤਾਜ ਸਿੰਘ ਇਕ ਹੀ ਵਿਅਕਤੀ ਹਨ ਜੋ ਕਿ 2 ਨਾਵਾਂ ਤੋਂ ਜਾਣਿਆ ਜਾਂਦਾ ਸੀ ਪਰ ਉਸ ਨੇ ਜਰਮਨੀ ਤੋਂ ਆਉਂਦੇ ਹੀ 1996 ਵਿਚ ਸਰਤਾਜ ਸਿੰਘ ਦੀ ਜਗ੍ਹਾ ਹਰਤਾਜ ਸਿੰਘ ਦੇ ਨਾਂ ਦਾ ਪਾਸਪੋਰਟ ਅਪਲਾਈ ਕਰ ਦਿੱਤਾ।
ਐੱਸ. ਐੱਸ. ਪੀ. ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਨੂੰ ਜਾਂਚ ਦੇ ਹੁਕਮ ਦਿੱਤੇ ਜਾਂਚ ਦੌਰਾਨ ਮੁਲਜ਼ਮ ਹਰਤਾਜ ਸਿੰਘ 'ਤੇ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ। ਜਿਸ ਦੇ ਆਧਾਰ 'ਤੇ ਡੀ. ਏ. ਲੀਗਲ ਦੀ ਰਾਏ ਲੈ ਕੇ ਮੁਲਜ਼ਮ ਸਰਤਾਜ ਸਿੰਘ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ।

shivani attri

This news is Content Editor shivani attri