ਕਾਂਗਰਸ ਦੇ ਰਾਜ ''ਚ ਹੋਏ ਸਮਾਰਟ ਸਿਟੀ ਦੇ ਸਾਰੇ ਸਕੈਂਡਲ, ਸਾਬਕਾ CEO ਕਰਣੇਸ਼ ਨੇ ਦਬਾਈ ਰੱਖੀ ਹਰ ਜਾਂਚ ਰਿਪੋਰਟ

07/27/2022 3:08:35 PM

ਜਲੰਧਰ (ਖੁਰਾਣਾ)–ਸਮਾਰਟ ਸਿਟੀ ਜਲੰਧਰ ਨਾਲ ਸਬੰਧਤ ਸਾਰੇ ਸਕੈਂਡਲ ਪਿਛਲੀ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਹੋਏ ਅਤੇ ਉਸ ਸਮੇਂ ਜਲੰਧਰ ਸਮਾਰਟ ਸਿਟੀ ਦੇ ਸੀ. ਈ. ਓ. ਰਹੇ ਆਈ. ਏ. ਐੱਸ. ਅਧਿਕਾਰੀ ਕਰਣੇਸ਼ ਸ਼ਰਮਾ ਨੇ ਗੜਬੜੀਆਂ ਨਾਲ ਸਬੰਧਤ ਸਾਰੀਆਂ ਜਾਂਚ ਰਿਪੋਰਟਾਂ ਨੂੰ ਦਬਾਈ ਰੱਖਿਆ, ਜਿਸ ਕਾਰਨ ਕਿਸੇ ਵੀ ਸਕੈਂਡਲ ’ਤੇ ਕੋਈ ਜਾਂਚ ਹੀ ਨਹੀਂ ਹੋ ਸਕੀ। ਇਹ ਵੱਡਾ ਦੋਸ਼ ਇਕ ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਮੇਅਰ ਸੁਨੀਲ ਜੋਤੀ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਲਾਇਆ। ਭਾਜਪਾ ਦੇ ਹੈੱਡਕੁਆਰਟਰ ਵਿਚ ਹੋਈ ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਸਾਬਕਾ ਕੌਂਸਲਰ ਭਗਵੰਤ ਪ੍ਰਭਾਕਰ ਅਤੇ ਜੀ. ਕੇ. ਸੋਨੀ ਆਦਿ ਵੀ ਮੌਜੂਦ ਰਹੇ। ਸਾਬਕਾ ਮੇਅਰ ਨੇ ਕਿਹਾ ਕਿ ਸਮਾਰਟ ਸਿਟੀ ਮਿਸ਼ਨ ਦਾ ਮੰਤਵ ਚੋਣਵੇਂ ਸ਼ਹਿਰਾਂ ਨੂੰ ਨਵੀਂ ਲੁੱਕ ਅਤੇ ਅਤਿ-ਆਧੁਨਿਕ ਸਹੂਲਤਾਂ ਦੇਣਾ ਸੀ ਪਰ ਜਲੰਧਰ ਵਿਚ ਪਿਛਲੇ 5 ਸਾਲ ਰਹੀ ਕਾਂਗਰਸ ਸਰਕਾਰ ਨੇ ਇਸ ਮਿਸ਼ਨ ਦਾ ਹੀ ਬੇੜਾ ਗਰਕ ਕਰ ਦਿੱਤਾ। ਸਮਾਰਟ ਸਿਟੀ ਦੇ ਹਰ ਪ੍ਰਾਜੈਕਟ ਵਿਚ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਛਾਇਆ ਰਿਹਾ। ਭਾਵੇਂ ਐੱਲ. ਈ. ਡੀ. ਪ੍ਰਾਜੈਕਟ ਹੋਵੇ ਜਾਂ ਚੋਣ ਸੁੰਦਰੀਕਰਨ, ਰੋਡ ਸਵੀਪਿੰਗ, ਸਰਫੇਸ ਵਾਟਰ, ਗ੍ਰੀਨਰੀ ਅਤੇ ਪਾਰਕ ਸੁਧਾਰ ਦੇ ਕੰਮ ਹੋਣ, ਸਾਰੀਆਂ ਥਾਵਾਂ ’ਤੇ ਗੜਬੜੀਆਂ ਹੋਈਆਂ।

ਇਹ ਵੀ ਪੜ੍ਹੋ: ਪਾਵਰਕਾਮ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੇਗਾ 600 ਯੂਨਿਟ ਮੁਫ਼ਤ ਬਿਜਲੀ ਤੋਂ ਉਪਰ ਦਾ ਲਾਭ, ਜਾਣੋ ਹੋਰ ਸ਼ਰਤਾਂ ਬਾਰੇ

ਥਰਡ ਪਾਰਟੀ ਤੋਂ ਜਾਂਚ ਤਾਂ ਹੋਈ ਪਰ ਰਿਪੋਰਟ ਹੀ ਦਬ ਗਈ
ਸਾਬਕਾ ਮੇਅਰ ਅਤੇ ਜ਼ਿਲਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਸਮਾਰਟ ਸਿਟੀ ਦੇ ਵੱਖ-ਵੱਖ ਪ੍ਰਾਜੈਕਟਾਂ ਵਿਚ ਪਿਛਲੇ ਸਮੇਂ ਦੌਰਾਨ ਗੜਬੜੀਆਂ ਦੇ ਜਿਹੜੇ ਦੋਸ਼ ਲਾਏ ਜਾ ਰਹੇ ਸਨ, ਉਨ੍ਹਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕੁਝ ਮਹੀਨੇ ਪਹਿਲਾਂ ਥਰਡ ਪਾਰਟੀ ਏਜੰਸੀ ਸ਼੍ਰੀਖੰਡੇ ਕੰਸਲਟੈਂਸੀ ਨੂੰ ਵੱਖ-ਵੱਖ ਪ੍ਰਾਜੈਕਟਾਂ ਦੀ ਜਾਂਚ ਲਈ ਭੇਜਿਆ ਸੀ, ਜਿਸ ਨੇ ਵੱਖ-ਵੱਖ ਪ੍ਰਾਜੈਕਟਾਂ ਵਿਚ ਗੜਬੜੀਆਂ ਉਜਾਗਰ ਕਰ ਕੇ ਆਪਣੀ ਵਿਸਥਾਰਤ ਰਿਪੋਰਟ ਸੀ. ਈ. ਓ. ਅਤੇ ਚੰਡੀਗੜ੍ਹ ਬੈਠੇ ਅਧਿਕਾਰੀਆਂ ਨੂੰ ਸੌਂਪੀ ਪਰ ਉਨ੍ਹਾਂ ਰਿਪੋਰਟਾਂ ਨੂੰ ਹੀ ਦਬਾ ਦਿੱਤਾ ਗਿਆ ਅਤੇ ਕਿਸੇ ਅਧਿਕਾਰੀ ’ਤੇ ਜਵਾਬਦੇਹੀ ਫਿਕਸ ਨਹੀਂ ਕੀਤੀ ਗਈ। ਸਾਬਕਾ ਮੇਅਰ ਨੇ ਕਿਹਾ ਕਿ ਸਮਾਰਟ ਸਿਟੀ ਦੇ ਸਾਬਕਾ ਸੀ. ਈ. ਓ. ਕਰਣੇਸ਼ ਸ਼ਰਮਾ ਦੇ ਕਾਰਜਕਾਲ ਦੌਰਾਨ ਹੀ ਸਮਾਰਟ ਸਿਟੀ ਦੇ ਵਧੇਰੇ ਪ੍ਰਾਜੈਕਟ ਸ਼ੁਰੂ ਹੋਏ ਅਤੇ ਪੂਰੇ ਵੀ ਹੋਏ ਪਰ ਉਨ੍ਹਾਂ ਅਤੇ ਚੰਡੀਗੜ੍ਹ ਬੈਠੇ ਪੀ. ਐੱਮ. ਆਈ. ਡੀ. ਸੀ. ਦੇ ਜੀ. ਐੱਮ. ਆਦਿ ਨੂੰ ਥਰਡ ਪਾਰਟੀ ਏਜੰਸੀ ਦੀ ਰਿਪੋਰਟ ਦੇ ਆਧਾਰ ’ਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਸਾਧਵੀ ਨਿਰੰਜਨ ਜੋਤੀ ਦੇ ਅਗਲੇ ਦੌਰੇ ਦੌਰਾਨ ਸਮਾਰਟ ਸਿਟੀ ਦੇ ਵੱਖ-ਵੱਖ ਪ੍ਰਾਜੈਕਟਾਂ ਦੀ ਜਾਂਚ ਦੇ ਹੁਕਮ ਹੋ ਜਾਣਗੇ ਅਤੇ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਤੋਂ ਇਸ ਸਕੈਂਡਲ ਦੀ ਸੀ. ਬੀ. ਆਈ. ਅਤੇ ਸੂਬਾ ਸਰਕਾਰ ਤੋਂ ਵਿਜੀਲੈਂਸ ਜਾਂਚ ਦੀ ਮੰਗ ਕਰੇਗੀ।

ਆਮ ਆਦਮੀ ਪਾਰਟੀ ਵੀ ਗੰਭੀਰਤਾ ਨਹੀਂ ਵਿਖਾ ਰਹੀ
ਸਾਬਕਾ ਮੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 4 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਇਸ ਨੇ ਵੀ ਜਲੰਧਰ ਸਮਾਰਟ ਵਿਚ ਹੋਏ ਕਰੋੜਾਂ ਦੇ ਸਕੈਂਡਲ ਬਾਰੇ ਗੰਭੀਰਤਾ ਨਹੀਂ ਦਿਖਾਈ ਅਤੇ ਨਾ ਹੀ ਹੁਣ ਤੱਕ ਜਾਂਚ ਦੇ ਹੁਕਮ ਦਿੱਤੇ ਹਨ। ਵੱਖ-ਵੱਖ ਸ਼ਿਕਾਇਤਾਂ ਦੇ ਬਾਵਜੂਦ ‘ਆਪ’ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕ ਰਹੀ। ਸਮਾਰਟ ਸਿਟੀ ਦੇ ਸਾਰੇ ਪ੍ਰਾਜੈਕਟ ਠੱਪ ਹੋ ਜਾਣ ਨਾਲ ਲੋਕ ਪ੍ਰੇਸ਼ਾਨ ਹੋ ਰਹੇ ਹਨ ਪਰ ਸਰਕਾਰ ਕੁਝ ਨਹੀਂ ਕਰ ਰਹੀ।

ਇਹ ਵੀ ਪੜ੍ਹੋ: ਨੰਗਲ ਵਿਖੇ ਭਾਖੜਾ ਨਹਿਰ ’ਚ ਤਰਦੀਆਂ ਮਾਂ-ਧੀ ਦੀਆਂ ਲਾਸ਼ਾਂ ਬਰਾਮਦ, ਫ਼ੈਲੀ ਸਨਸਨੀ

ਚੋਣਾਂ ਦੇ ਮੱਦੇਨਜ਼ਰ ਰੌਲਾ ਪਾ ਰਹੇ ਨੇ ਮੇਅਰ ਤੇ ਕੁਝ ਕੌਂਸਲਰ
ਸਾਬਕਾ ਮੇਅਰ ਅਤੇ ਜ਼ਿਲਾ ਭਾਜਪਾ ਪ੍ਰਧਾਨ ਨੇ ਦੋਸ਼ ਲਾਇਆ ਕਿ ਮੇਅਰ ਜਗਦੀਸ਼ ਰਾਜਾ ਸਮਾਰਟ ਸਿਟੀ ਵਿਚ ਹੋਏ ਘਪਲਿਆਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਹ ਨਾ ਸਿਰਫ ਸਮਾਰਟ ਸਿਟੀ ਦੇ ਬੋਰਡ ਆਫ਼ ਡਾਇਰੈਕਟਰ ਦੇ ਮੈਂਬਰ ਹਨ, ਸਗੋਂ ਸਿਟੀ ਲੈਵਲ ’ਤੇ ਇਜਾਜ਼ਤ ਦੇਣ ਵਾਲੀ ਕਮੇਟੀ ਦੇ ਵੀ ਮੈਂਬਰ ਹਨ। ਜਿਸ ਨਗਰ ਨਿਗਮ ਨੇ ਸਮਾਰਟ ਸਿਟੀ ਦੇ ਸਾਰੇ ਕੰਮ ਆਪਣੀ ਨਿਗਰਾਨੀ ਵਿਚ ਕਰਵਾਉਣੇ ਹੁੰਦੇ ਹਨ, ਉਸਦੇ ਮੁਖੀ ਮੇਅਰ ਹੀ ਹਨ, ਇਸ ਲਈ ਉਹ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ। ਹੁਣ ਆਉਣ ਵਾਲੀਆਂ ਨਿਗਮ ਚੋਣਾਂ ਨੂੰ ਦੇਖਦੇ ਹੋਏ ਮੇਅਰ ਅਤੇ ਉਨ੍ਹਾਂ ਦੇ ਸਾਥੀ ਕੁਝ ਕਾਂਗਰਸੀ ਕੌਂਸਲਰ ਇਨ੍ਹਾਂ ਸਕੈਂਡਲਾਂ ਨੂੰ ਉਠਾ ਰਹੇ ਹਨ, ਜਿਹੜੇ ਕਿ ਕਾਂਗਰਸ ਦੇ ਰਾਜ ਦੌਰਾਨ ਹੀ ਹੋਏ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਏਸ਼ੀਆ ਦੇ 11 ਤੇ ਅਫ਼ਰੀਕਾ ਦੇ 21 ਦੇਸ਼ਾਂ ’ਚ ਵੀਜ਼ਾ ਦੇ ਬਿਨਾਂ ਦਾਖ਼ਲ ਹੋ ਸਕਣਗੇ ਭਾਰਤੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News