ਸੁਭਾਨਪੁਰ ਤੋਂ ਹੈਰੋਇਨ ਖਰੀਦ ਕੇ ਆ ਰਿਹਾ ਸਾਬਕਾ ਮੈਨੇਜਰ ਗ੍ਰਿਫਤਾਰ, ਸਾਥੀ ਵੀ ਫੜਿਆ

06/17/2019 12:51:13 PM

ਜਲੰਧਰ (ਵਰੁਣ)— ਸੀ. ਆਈ. ਏ. ਸਟਾਫ-1 ਦੀ ਪੁਲਸ ਨੇ ਬੀਤੇ ਦਿਨ ਦਕੋਹਾ ਵਿਚ ਨਾਕੇ 'ਤੇ ਰੋਕੀ ਆਈ-20 ਕਾਰ 'ਚ ਸਵਾਰ ਆਟੋ ਮੋਬਾਇਲ ਕੰਪਨੀ ਦੇ ਸਾਬਕਾ ਮੈਨੇਜਰ ਸਮੇਤ ਉਸ ਦੇ ਸਾਥੀ ਨੂੰ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ ਮੰਨਿਆ ਹੈ ਕਿ ਉਹ ਸੁਭਾਨਪੁਰ ਤੋਂ ਹੈਰੋਇਨ ਖਰੀਦ ਕੇ ਲਿਆਏ ਸੀ। ਦੋਵੇਂ ਵਿਅਕਤੀ ਹੈਰੋਇਨ ਪੀਣ ਦੇ ਵੀ ਆਦੀ ਹਨ। ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਦਕੋਹਾ 'ਚ ਨਾਕਾਬੰਦੀ ਦੌਰਾਨ ਇਕ ਆਈ-20 ਕਾਰ ਨੂੰ ਰੋਕਿਆ ਗਿਆ ਸੀ। ਗੱਡੀ ਚਲਾ ਰਹੇ ਨੌਜਵਾਨ ਨੇ ਖੁਦ ਦੀ ਪਛਾਣ ਗੌਰਵ ਪੁੱਤਰ ਪਰਵਿੰਦਰ ਸਿੰਘ ਵਾਸੀ ਅਰਮਾਨ ਨਗਰ ਅਤੇ ਨਾਲ ਬੈਠੇ ਨੌਜਵਾਨ ਦੀ ਪਛਾਣ ਬੰਟੀ ਸੋਨਕਰ ਪੁੱਤਰ ਬਾਬੂ ਰਾਮ ਵਾਸੀ ਏਕਤਾ ਨਗਰ ਵਜੋਂ ਹੋਈ। ਗੱਡੀ ਦੀ ਤਲਾਸ਼ੀ ਲੈਣ 'ਤੇ ਅੰਦਰੋਂ 35 ਗ੍ਰਾਮ ਹੈਰੋਇਨ ਬਰਾਮਦ ਹੋਈ।
ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਗੌਰਵ ਤੇ ਬੰਟੀ ਸੁਭਾਨਪੁਰ ਤੋਂ ਹੈਰੋਇਨ ਲਿਆਏ ਸੀ। ਗੌਰਵ ਪਹਿਲਾਂ ਇਕ ਆਟੋ ਮੋਬਾਇਲ ਕੰਪਨੀ ਵਿਚ ਮੈਨੇਜਰ ਸੀ ਪਰ ਹੁਣ ਮੋਟਰਸਾਈਕਲ ਖਰੀਦਣ-ਵੇਚਣ ਦਾ ਕੰਮ ਕਰ ਰਿਹਾ ਸੀ। ਬੰਟੀ ਰਾਮਾ ਮੰਡੀ ਪੁਲ ਦੇ ਹੇਠਾਂ ਮੀਟ ਦੀ ਦੁਕਾਨ ਚਲਾਉਂਦਾ ਹੈ। ਪੁਲਸ ਨੇ ਦੋਵਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁੱਛਗਿੱਛ ਵਿਚ ਪਤਾ ਲੱਗੇਗਾ ਕਿ ਉਹ ਕਿਸ ਵਿਅਕਤੀ ਤੋਂ ਹੈਰੋਇਨ ਖਰੀਦ ਕੇ ਲਿਆਏ ਸਨ ਤੇ ਕਿੱਥੇ-ਕਿੱਥੇ ਸਪਲਾਈ ਕਰਨੀ ਸੀ।


shivani attri

Content Editor

Related News