ਈ.ਡੀ. ਵੱਲੋਂ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਸੁੱਖਾ ਲਾਲੀ ਦੀ ਕੋਠੀ ਕੇਸ 'ਚ ਕੀਤੀ ਜ਼ਬਤ

07/01/2020 3:08:55 PM

ਜਲੰਧਰ (ਮ੍ਰਿਦੁਲ)— ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਬੀਤੇ ਸਾਲ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਲਾਲੀ, ਡ੍ਰੀਮਲੈਂਡ ਪ੍ਰਾਪਰਟੀ ਦੇ ਮਾਲਕ ਭੁਪਿੰਦਰ ਸਿੰਘ ਭਿੰਦਾ ਅਤੇ ਰਾਮਾ ਮੰਡੀ ਨੇੜੇ ਰਹਿੰਦੇ ਹਿੰਮਤ ਸਿੰਘ ਦੇ ਘਰ ਹਵਾਲਾ ਕੁਨੈਕਸ਼ਨ ਸਬੰਧੀ ਰੇਡੀ ਹੋਈ ਸੀ। ਇਸ ਮਾਮਲੇ 'ਚ ਈ. ਡੀ. ਮਹਿਕਮੇ ਵੱਲੋਂ ਮੰਗਲਵਾਰ ਸਾਬਕਾ ਪ੍ਰਧਾਨ ਸੁੱਖਾ ਲਾਲੀ ਦੀ ਨੰਗਲਸ਼ਾਮਾ ਸਥਿਤ ਉਸ ਦੀ 2 ਕਰੋੜ ਇਕ ਲੱਖ ਰੁਪਏ ਵਾਲੀ ਕੀਮਤ ਦੀ ਕੋਠੀ ਨੂੰ ਹਵਾਲਾ ਕੁਨੈਕਸ਼ਨ ਦੇ ਕੇਸ 'ਚ ਜ਼ਬਤ ਕਰ ਲਿਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੇ ਕੀਤੀ ਹੈ।

ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਫੇਮਾ (ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ) ਦੀ ਧਾਰਾ 37 (ਏ) 1 ਤਹਿਤ ਕਾਰਵਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਾਲ 2011 'ਚ ਹਵਾਲਾ ਨੈੱਟਵਰਕ ਜ਼ਰੀਏ ਕੈਨੇਡਾ 'ਚ 33.60 ਲੱਖ ਡਾਲਰ ਭੇਜੇ ਗਏ ਸਨ। ਇਸ ਨਾਲ ਲਾਲੀ ਵੱਲੋਂ ਕੈਨੇਡਾ 'ਚ ਪ੍ਰਾਪਰਟੀ ਖਰੀਦੀ ਗਈ। ਮਹਿਕਮੇ ਨੂੰ ਮਿਲੀ ਜਾਣਕਾਰੀ ਅਨੁਸਾਰ ਲਾਲੀ ਵੱਲੋਂ ਪਾਰਟਨਰਸ਼ਿਪ ਰਾਹੀਂ ਆਸਟ੍ਰੇਲੀਆ ਅਤੇ ਕੈਨੇਡਾ 'ਚ ਵੀ ਕਾਫ਼ੀ ਪ੍ਰਾਪਰਟੀਆਂ ਖਰੀਦੀਆਂ ਗਈਆਂ ਹਨ, ਜਿਸ ਸਬੰਧੀ ਈ. ਡੀ. ਹੋਰ ਪ੍ਰਾਪਰਟੀ ਦੀ ਵੀ ਜਾਂਚ ਕਰ ਰਹੀ ਹੈ। ਫਿਲਹਾਲ ਕੈਨੇਡਾ 'ਚ ਖਰੀਦੀ ਗਈ ਪ੍ਰਾਪਰਟੀ ਦਾ ਮੁਲਾਂਕਣ ਭਾਰਤੀ ਕਰੰਸੀ 'ਚ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਉਸ ਦੀ ਕੀਮਤ 2 ਕਰੋੜ 1 ਲੱਖ ਰੁਪਏ ਹੈ। ਇਸ ਨੂੰ ਵੇਖਦੇ ਹੋਏ ਨੰਗਲਸ਼ਾਮਾ ਸਥਿਤ ਉਸ ਦੀ ਕੋਠੀ ਨੂੰ ਕੇਸ 'ਚ ਜ਼ਬਤ ਕੀਤਾ ਗਿਆ ਹੈ। ਉਥੇ ਹੀ ਦੂਜੇ ਪਾਸੇ ਕੈਨੇਡਾ ਸਥਿਤ ਪ੍ਰਾਪਰਟੀ ਸਬੰਧੀ ਜਾਣਕਾਰੀ ਇਕੱਠੀ ਕਰਨ ਲਈ ਈ. ਡੀ. ਵੱਲੋਂ ਕੇਂਦਰ ਸਰਕਾਰ ਨੂੰ ਦਸਤਾਵੇਜ਼ ਭੇਜ ਦਿੱਤੇ ਗਏ ਹਨ।

ਜ਼ਿਕਰਯੋਗ ਹੈ ਕਿ ਬੀਤੇ ਸਾਲ ਦਸੰਬਰ 'ਚ ਜਲੰਧਰ ਸਥਿਤ ਈ. ਡੀ. ਦੇ ਜ਼ੋਨਲ ਦਫਤਰ ਨੇ ਲਾਲੀ ਦੇ ਦਫਤਰ, ਨੰਗਲਸ਼ਾਮਾ ਸਥਿਤ ਕੋਠੀ ਅਤੇ ਹੋਰ ਟਿਕਾਣਿਆਂ 'ਤੇ ਰੇਡ ਕੀਤੀ ਸੀ। ਈ. ਡੀ. ਨੂੰ ਜਾਣਕਾਰੀ ਮਿਲੀ ਸੀ ਕਿ ਸਾਰੀ ਪ੍ਰਾਪਰਟੀ ਨਾਜਾਇਜ਼ ਤਰੀਕੇ ਨਾਲ ਬਣਾਈ ਗਈ ਹੈ, ਜਿਸ ਦੀ ਪੇਮੈਂਟ ਹਵਾਲਾ ਰਾਹੀਂ ਕੀਤੀ ਗਈ ਹੈ, ਜਿਸ ਕਾਰਨ ਈ. ਡੀ. ਵੱਲੋਂ ਸ਼ਹਿਰ ਦੇ 3 ਨਾਮੀ ਲੋਕਾਂ 'ਤੇ ਕਾਰਵਾਈ ਕੀਤੀ ਗਈ ਸੀ।


shivani attri

Content Editor

Related News