ਕੇਂਦਰ ਸਰਕਾਰ ਵੱਲੋਂ ਗਰੀਬਾਂ ਲਈ ਭੇਜਿਆ ਰਾਸ਼ਨ ਵਿਧਾਇਕ ਕੋਲ ਕਿਵੇਂ ਪਹੁੰਚਿਆ : ਕਾਲੀਆ

07/16/2020 3:12:51 PM

ਜਲੰਧਰ (ਗੁਲਸ਼ਨ)— ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਆਪਣੇ ਸੈਂਟਰਲ ਟਾਊਨ ਸਥਿਤ ਨਿਵਾਸ 'ਤੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਾਲਾਬੰਦੀ ਦੌਰਾਨ ਗਰੀਬਾਂ ਲਈ ਭੇਜਿਆ ਗਿਆ ਰਾਸ਼ਨ ਵਿਧਾਇਕ ਦੀ ਕਸਟਡੀ 'ਚ ਕਿਵੇਂ ਪਹੁੰਚਿਆ। ਇਸ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਚੋਰੀ ਦਾ ਕੇਸ ਦਰਜ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਸੂਬਾ ਭਾਜਪਾ ਬੁਲਾਰੇ ਮਹਿੰਦਰ ਭਗਤ ਅਤੇ ਜ਼ਿਲਾ ਉਪ-ਪ੍ਰਧਾਨ ਅਨਿਲ ਸ਼ਰਮਾ ਵੀ ਮੌਜੂਦ ਸਨ।

ਮਨੋਰੰਜਨ ਕਾਲੀਆ ਅਤੇ ਮਹਿੰਦਰ ਭਗਤ ਨੇ ਕਿਹਾ ਕਿ ਭਾਜਪਾ ਵੱਲੋਂ ਲਗਾਤਾਰ ਸਰਕਾਰੀ ਰਾਸ਼ਨ ਵੰਡਣ 'ਚ ਬੇਨਿਯਮੀਆਂ ਕਾਰਨ ਆਵਾਜ਼ ਉਠਾਈ ਜਾ ਰਹੀ ਸੀ। ਇਸ ਸਬੰਧ 'ਚ ਭਾਜਪਾ ਵਰਕਰਾਂ ਵੱਲੋਂ 1 ਦਿਨ ਦਾ ਵਰਤ ਰੱਖ ਕੇ ਵੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਸੀ। ਬੀਤੇ ਦਿਨੀਂ ਸੈਂਟਰਲ ਟਾਊਨ ਤੋਂ ਵਿਧਾਇਕ ਦੇ ਕਰੀਬੀ ਦੇ ਹੋਟਲ ਦੀ ਲੌਬੀ 'ਚ ਸਰਕਾਰੀ ਰਾਸ਼ਨ ਮਿਲਣ ਨਾਲ ਉਨ੍ਹਾਂ ਦੀਆਂ ਗੱਲਾਂ ਸੱਚ ਸਾਬਤ ਹੋਈਆਂ ਹਨ।

ਇਹ ਵੀ ਪੜ੍ਹੋ: ਪ੍ਰੇਮਿਕਾ ਨਾਲ ਖਿੱਚੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰਨ 'ਤੇ ਪ੍ਰੇਮੀ ਨੂੰ ਭੁਗਤਣਾ ਪਿਆ ਖ਼ੌਫ਼ਨਾਕ ਅੰਜਾਮ

ਕਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਭੇਜੇ ਗਏ ਰਾਸ਼ਨ ਦੀ ਸਹੀ ਵੰਡ ਨਾ ਹੋਣ ਕਾਰਨ ਉਨ੍ਹਾਂ ਨੇ 10 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਇਸ ਮਾਮਲੇ 'ਚ ਜਾਂਚ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵਲੋਂ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਵਲੋਂ ਆਏ ਰਾਸ਼ਨ ਲਈ ਫੂਡ ਐਂਡ ਸਪਲਾਈ ਵਿਭਾਗ ਨੂੰ ਹੀ ਨੋਡਲ ਏਜੰਸੀ ਬਣਾਇਆ ਗਿਆ ਹੈ ਅਤੇ ਉਹ ਹੀ ਆਪਣੇ ਪੱਧਰ 'ਤੇ ਰਾਸ਼ਨ ਵੰਡ ਰਹੀ ਹੈ। ਕਾਲੀਆ ਨੇ ਦੋਸ਼ ਲਗਾਇਆ ਕਿ ਜੇਕਰ ਫੂਡ ਸਪਲਾਈ ਮਹਿਕਮੇ ਦੇ ਅਧਿਕਾਰੀਆਂ ਦੀ ਰਾਸ਼ਨ ਵੰਡਣ ਦੀ ਜ਼ਿੰਮੇਵਾਰੀ ਹੈ ਤਾਂ ਹੋਟਲ ਦੀ ਲੌਬੀ 'ਚ ਸਰਕਾਰੀ ਰਾਸ਼ਨ ਕਿਵੇਂ ਪਹੁੰਚਿਆ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਜੇਕਰ ਫੂਡ ਸਪਲਾਈ ਦੇ ਅਧਿਕਾਰੀਆਂ ਨੇ ਵਿਧਾਇਕ ਨੂੰ ਸਰਕਾਰੀ ਰਾਸ਼ਨ ਨਹੀਂ ਦਿੱਤਾ ਤਾਂ ਉਨ੍ਹਾਂ ਵਿਰੁੱਧ ਚੋਰੀ ਦਾ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਦਾ ਜਨਮਦਿਨ ਮਨਾਉਂਦੇ ਸਮਾਜਿਕ ਦੂਰੀ ਭੁੱਲੇ ASI, ਤਸਵੀਰਾਂ ਵਾਇਰਲ ਹੋਣ 'ਤੇ ਡਿੱਗੀ ਗਾਜ

ਕਾਲੀਆ ਅਤੇ ਭਗਤ ਨੇ ਕਿਹਾ ਕਿ ਸਰਕਾਰੀ ਰਾਸ਼ਨ ਤਾਲਾਬੰਦੀ ਦੌਰਾਨ ਗਰੀਬਾਂ ਲਈ ਭੇਜਿਆ ਗਿਆ ਸੀ ਪਰ ਉਸ ਰਾਸ਼ਨ ਨੂੰ ਗਰੀਬਾਂ ਤਕ ਪਹੁੰਚਾਉਣ ਦੀ ਬਜਾਏ ਸਟੋਰ ਕਰਕੇ ਰੱਖਣਾ ਗਲਤ ਹੈ। ਉਨ੍ਹਾਂ ਕਿਹਾ ਕਿ ਮੀਂਹ ਦੇ ਮੌਸਮ 'ਚ ਅੰਦਰ ਪਿਆ ਰਾਸ਼ਨ ਖਰਾਬ ਹੋ ਸਕਦਾ ਹੈ, ਇਸ ਲਈ ਉਹ ਕਿਸੇ ਦੇ ਖਾਣ ਲਾਇਕ ਵੀ ਨਹੀਂ ਰਹਿੰਦਾ। ਕਾਲੀਆ ਨੇ ਕਿਹਾ ਕਿ 'ਆਤਮ ਨਿਰਭਰ ਭਾਰਤ ਪੈਕੇਜ' ਤਹਿਤ ਪ੍ਰਵਾਸੀਆਂ ਨੂੰ 10 ਕਿਲੋ ਆਟਾ 1 ਕਿਲੋ ਦਾਲ ਅਤੇ 1 ਕਿਲੋ ਖੰਡ ਦਿੱਤੀ ਜਾਂਦੀ ਹੈ। ਲਾਕਡਾਊਨ ਦੇ ਦੌਰਾਨ ਜੋ ਪ੍ਰਵਾਸੀ ਗਏ ਸਨ ਅਜੇ ਤਕ ਵਾਪਸ ਨਹੀਂ ਆਏ ਤਾਂ ਉਹ ਰਾਸ਼ਨ ਕਿਥੇ ਗਿਆ। ਉਨ੍ਹਾਂ ਕਿਹਾ ਕਿ ਇਸ ਰਾਸ਼ਨ ਨੂੰ ਵੇਚੇ ਜਾਣ ਦੀਆਂ ਵੀ ਚਰਚਾਵਾਂ ਸੁਣਨ ਨੂੰ ਮਿਲ ਰਹੀਆਂ ਹਨ। ਇਸ ਦੀ ਵੀ ਜਾਂਚ ਕਰਵਾਈ ਜਾਏ। ਕਾਲੀਆ ਨੇ ਕਿਹਾ ਕਿ ਨਿਯਮਾਂ ਮੁਤਾਬਕ ਵਿਧਾਇਕ ਸਰਕਾਰੀ ਰਾਸ਼ਨ ਨਹੀਂ ਵੰਡ ਸਕਦਾ ਕਿਉਂਕਿ ਵਿਧਾਇਕ ਸਰਕਾਰ ਦਾ ਇੰਪਲਾਈ ਨਹੀਂ ਹੈ ਪਰ ਵਿਧਾਇਕ ਬੇਰੀ ਨੇ ਇਕ ਚੈਨਲ ਨੂੰ ਕਿਹਾ ਕਿ ਉਨ੍ਹਾਂ ਕੋਲ ਟਰੱਕ 'ਚ 1000-15,000 ਪੈਕੇਟ ਰਾਸ਼ਨ ਆਇਆ ਸੀ। ਜਗ੍ਹਾ ਨਾ ਹੋਣ ਕਾਰਨ ਉਸ ਨੂੰ ਹੋਟਲ ਦੀ ਲੌਬੀ 'ਚ ਵੰਡਣ ਲਈ ਰਖਵਾਇਆ ਗਿਆ ਸੀ। ਕਾਲੀਆ ਨੇ ਕਿਹਾ ਕਿ ਉਹ ਰਾਸ਼ਨ ਕਿਥੋਂ ਆਇਆ ਅਤੇ ਕਿਸਨੇ ਭੇਜਿਆ ਇਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦਾ ਕਹਿਰ ਜਾਰੀ, ਜਾਣੋ ਕੀ ਨੇ ਤਾਜ਼ਾ ਹਾਲਾਤ


shivani attri

Content Editor

Related News