ਵਣ ਵਿਭਾਗ ਦੇ ਮੁਲਾਜ਼ਮਾਂ ਨਾਲ ਕੁੱਟ-ਮਾਰ, 2 ਜ਼ਖਮੀ

01/12/2019 9:14:06 PM

ਰੂਪਨਗਰ,(ਵਿਜੇ)— ਵਣ ਵਿਭਾਗ ਦੇ ਮੁਲਾਜ਼ਮਾਂ ਨਾਲ ਖੈਰ ਦੀ ਲੱਕੜੀ ਚੋਰੀ ਕਰਨ ਵਾਲੇ ਮਾਫੀਆ ਗਿਰੋਹ ਦੇ ਮੈਂਬਰਾਂ ਵਲੋਂ ਕੁੱਟ-ਮਾਰ ਕਰਨ ਤੇ 2 ਮੁਲਾਜ਼ਮਾਂ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜ਼ਖਮੀ ਮੁਲਾਜ਼ਮਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਉੱਥੇ ਹੀ ਦੂਜੇ ਪਾਸੇ ਘਟਨਾ ਦਾ ਪਤਾ ਚੱਲਣ 'ਤੇ ਵਣ ਵਿਭਾਗ ਦੇ ਅਧਿਕਾਰੀ ਅਮਿਤ ਚੌਹਾਨ ਸਿਵਲ ਹਸਪਤਾਲ ਪਹੁੰਚੇ ਅਤੇ ਉਨ੍ਹਾਂ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ ਅਤੇ ਮਾਮਲੇ ਦੇ ਸਬੰਧ 'ਚ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

ਸਿਵਲ ਹਸਪਤਾਲ 'ਚ ਇਲਾਜ ਅਧੀਨ ਵਣ ਵਿਭਾਗ ਦੇ ਬਲਾਕ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜੰਗਲ 'ਚੋਂ ਲੱਕੜੀ ਚੋਰੀ ਸਬੰਧੀ ਸੂਚਨਾ ਮਿਲੀ ਜਿਸ 'ਤੇ ਉਹ ਬੇਲਦਾਰ ਗੁਲਜਾਰ ਸਿੰਘ, ਡੇਲੀਵੇਜ ਵਰਕਰ ਰਤਨ ਚੰਦ, ਰਾਜੇਸ਼ ਕੁਮਾਰ, ਬਲਵਿੰਦਰ ਸਿੰਘ ਅਤੇ ਨਿਰਮਲ ਸਿੰਘ ਨੂੰ ਨਾਲ ਲੈ ਕੇ ਕੁਆਲਿਸ ਗੱਡੀ 'ਚ ਸਵਾਰ ਹੋ ਕੇ ਮਾਜਰੀ ਨੇੜੇ ਦਰਗਾਹ ਵਾਲੇ ਜੰਗਲਾਂ 'ਚ ਪਹੁੰਚੇ। ਜਿੱਥੇ ਚਾਰ ਵਿਅਕਤੀ ਚੋਰੀ ਕੀਤੀ ਗਈ ਲੱਕੜੀ ਨੂੰ ਕੱਟਣ ਦੇ ਬਾਅਦ ਇਸ ਨੂੰ ਚੁੱਕ ਕੇ ਲੈ ਕੇ ਜਾ ਰਹੇ ਸਨ। ਇਨ੍ਹਾਂ 'ਚੋਂ ਤਿੰਨ ਵਿਅਕਤੀ ਤੁਰੰਤ ਮੌਕੇ ਤੋਂ ਫਰਾਰ ਹੋ ਗਏ। ਜਦੋਂ ਕਿ ਇਕ ਵਿਅਕਤੀ ਨੂੰ ਉਨ੍ਹਾਂ ਰੋਕ ਲਿਆ ਅਤੇ ਜਿਵੇਂ ਹੀ ਉਹ ਉਸ ਤੋਂ ਪੁੱਛਗਿੱਛ ਕਰ ਰਹੇ ਸਨ ਇਨ੍ਹਾਂ 'ਚੋਂ ਹੋਰ ਵਿਅਕਤੀ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। 

ਇਥੇ ਤੱਕ ਕਿ ਉਨ੍ਹਾਂ ਦੇ ਵਾਹਨ ਦੀ ਵੀ ਭੰਨ-ਤੋੜ ਕੀਤੀ ਗਈ। ਜਿਸ 'ਤੇ ਉਨ੍ਹਾਂ ਭੱਜ ਕੇ ਜਾਨ ਬਚਾਈ ਅਤੇ ਕਰੀਬ 8 ਕਿਲੋਮੀਟਰ ਦਾ ਲੰਬਾ ਰਸਤਾ ਤਹਿ ਕਰ ਕੇ ਉਹ ਰੂਪਨਗਰ ਸਦਰ ਥਾਣੇ ਰਾਤ ਕਰੀਬ 10 ਵਜੇ ਪਹੁੰਚੇ ਅਤੇ ਘਟਨਾ ਸਬੰਧੀ ਪੁਲਸ ਨੂੰ ਦੱਸਿਆ। ਇਸ ਦੌਰਾਨ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ।