ਝੀਲ ''ਚ ਪੁੱਜੇ 80 ਹਜ਼ਾਰ ਵਿਦੇਸ਼ੀ ਪੰਛੀ, ਸੈਲਾਨੀਆਂ ਦੀ ਖਿੱਚ ਦਾ ਬਣੇ ਕੇਂਦਰ

12/18/2019 12:20:50 PM

ਮੁਕੇਰੀਆਂ (ਸਾਗਰ)— ਵਿਸ਼ਵ ਪ੍ਰਸਿੱਧ ਰਾਮਸਰ ਸਾਈਟ ਵੈੱਟਲੈਂਡ ਮਹਾਰਾਣਾ ਪ੍ਰਤਾਪ ਸਾਗਰ (ਪੌਂਗ ਝੀਲ) 'ਚ ਠੰਡ ਵਧਣ ਨਾਲ ਹੀ ਪ੍ਰਵਾਸੀ ਪੰਛੀਆਂ ਦਾ ਆਗਮਨ ਸ਼ੁਰੂ ਹੋ ਗਿਆ ਹੈ। ਵਣ ਪ੍ਰਾਣੀ ਵਿਭਾਗ ਦੇ ਤਾਜ਼ਾ ਅੰਕੜਿਆਂ ਮੁਤਾਬਕ ਪੌਂਗ ਝੀਲ 'ਚ ਪਹੁੰਚੇ 52 ਪ੍ਰਜਾਤੀਆਂ ਦੇ ਕਰੀਬ 80 ਹਜ਼ਾਰ ਵਿਦੇਸ਼ੀ ਪੰਛੀ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਬਣ ਰਹੇ ਹਨ। ਪੌਂਗ ਝੀਲ ਵਿਚ ਹਰ ਸਾਲ ਠੰਡ ਸ਼ੁਰੂ ਹੁੰਦੇ ਹੀ ਰੂਸ, ਏਸ਼ੀਆ, ਚੀਨ, ਇੰਡੋਨੇਸ਼ੀਆ, ਨਿਊਜ਼ੀਲੈਂਡ ਆਦਿ ਦੇਸ਼ਾਂ ਵਿਚ ਬਰਫ ਪੈਣ ਨਾਲ ਉਥੇ ਵਿਚਰਨ ਵਾਲੇ ਪੰਛੀ ਅਨੁਕੂਲ ਵਾਤਾਵਰਣ ਵੇਖਦੇ ਹੋਏ ਇਸ ਝੀਲ 'ਚ ਪਹੁੰਚ ਕੇ ਨਵੰਬਰ ਤੋਂ ਮਾਰਚ ਤਕ ਆਪਣੀਆਂ ਅਠਖੇਲੀਆਂ ਅਤੇ ਕਰਤੱਬ ਪੰਛੀ ਪ੍ਰੇਮੀਆਂ ਨੂੰ ਵਿਖਾਉਂਦੇ ਹਨ।

ਵਿਭਾਗ ਦੀ ਅਨੁਮਾਨਤ ਗਿਣਤੀ ਮੁਤਾਬਕ ਹੁਣ ਤਕ ਪੌਂਗ ਝੀਲ 'ਚ ਬਾਰਹੇਡੇਡਗੀਜ, ਨਾਰਦਨ ਸ਼ਾਲਵਰ, ਨਾਰਦਨ ਪਿਨਟੇਲ, ਡੱਕ ਬਲੈਕ ਅਤੇ ਕਾਮਨਟਿਲ ਪ੍ਰਜਾਤੀਆਂ ਦੇ ਪੰਛੀ ਝੀਲ ਵਿਚ ਦਸਤਕ ਦੇ ਚੁੱਕੇ ਹਨ। ਵਿਭਾਗ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਭਾਰੀ ਗਿਣਤੀ 'ਚ ਵਿਦੇਸ਼ੀ ਪੰਛੀਆਂ ਦੀ ਆਮਦ ਹੋਈ ਹੈ, ਇਸ ਨਾਲ ਦਸੰਬਰ ਦੇ ਅਖੀਰ ਤਕ ਪੰਛੀਆਂ ਦੀ ਗਿਣਤੀ ਇਕ ਲੱਖ ਤੋਂ ਵੱਧ ਹੋਣ ਦੀ ਸੰਭਾਵਨਾ ਹੈ।

30 ਹਜ਼ਾਰ ਫੁੱਟ ਦੀ ਉਚਾਈ 'ਤੇ ਉੱਡਣ ਵਾਲੇ ਇਹ ਪੰਛੀ ਆਦਿ ਰਾਤ ਨੂੰ ਹਿਮਾਲਿਆ ਦੀਆਂ ਚੋਟੀਆਂ ਲੰਘ ਕੇ ਇਥੇ ਪਹੁੰਚਦੇ ਹਨ। ਇਥੇ ਆਉਣ ਵਾਲੇ ਪੰਛੀਆਂ ਦੀ ਗਿਣਤੀ ਵਿਚ ਹਰ ਸਾਲ ਵਾਧਾ ਹੋ ਰਿਹਾ ਹੈ। ਪੌਂਗ ਝੀਲ 307 ਵਰਗ ਕਿਲੋਮੀਟਰ ਲੰਬੀ ਹੈ ਅਤੇ ਪੰਛੀਆਂ ਲਈ ਇਸ ਝੀਲ ਨੂੰ ਪਸੰਦੀਦਾ ਥਾਂ ਮੰਨਿਆ ਜਾਂਦਾ ਹੈ, ਜੋ ਸਮੁੰਦਰ ਤਲ ਤੋਂ 1450 ਮੀਟਰ ਉਚਾਈ 'ਤੇ ਸਥਿਤ ਹੈ। ਸਾਲ 2002 ਵਿਚ ਆਯੋਜਿਤ ਅੰਤਰਰਾਸ਼ਟਰੀ ਸੰਮੇਲਨ ਵਿਚ ਇਸ ਸਾਈਟ ਨੂੰ ਵੈੱਟਲੈਂਡ ਦਾ ਦਰਜਾ ਦਿੱਤਾ ਗਿਆ ਸੀ। ਇਸ ਖੇਤਰ ਵਿਚ ਕਈ ਦੇਸ਼ਾਂ ਦੇ ਰੰਗ-ਬਿਰੰਗੇ ਪੰਛੀ ਜਦੋਂ ਇਕੱਠੇ ਉੱਡਦੇ ਹਨ ਤਾਂ ਉਦੋਂ ਨਜ਼ਾਰਾ ਬਹੁਤ ਵੱਖਰਾ ਹੋ ਜਾਂਦਾ ਹੈ।

shivani attri

This news is Content Editor shivani attri