ਫੂਡ ਸੇਫਟੀ ਟੀਮ ਨੇ ਮਠਿਆਈਆਂ ਦੇ 7 ਸੈਂਪਲ ਭਰੇ

10/15/2019 1:37:47 PM

ਨਵਾਂਸ਼ਹਿਰ (ਤ੍ਰਿਪਾਠੀ,ਚਮਨ ਲਾਲ,ਰਾਕੇਸ਼)— ਫੂਡ ਸੇਫਟੀ ਟੀਮ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਚਲਾਈ ਗਈ ਚੈਕਿੰਗ ਮੁਹਿੰਮ ਤਹਿਤ ਬੀਤੇ ਦਿਨ ਜ਼ਿਲੇ ਦੇ ਬੰਗਾ ਅਤੇ ਗੁਣਾਚੌਰ ਇਲਾਕੇ 'ਚੋਂ 7 ਮਠਿਆਈਆਂ ਦੇ ਸੈਂਪਲ ਭਰੇ ਗਏ। ਇਹ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਫੂਡ) ਮਨੋਜ ਖੋਸਲਾ ਨੇ ਦੱਸਿਆ ਕਿ ਟੀਮ ਵੱਲੋਂ ਅੱਜ ਦੂਸਰੇ ਜ਼ਿਲਿਆਂ/ਰਾਜਾਂ ਤੋਂ ਜ਼ਿਲੇ 'ਚ ਆਉਂਦੇ ਖੋਏ, ਪਨੀਰ ਅਤੇ ਮਠਿਆਈਆਂ ਦੀ ਚੈਕਿੰਗ ਲਈ ਬੰਗਾ 'ਚ ਨਾਕਾ ਵੀ ਲਾਇਆ ਗਿਆ। ਨਾਕੇ ਤੋਂ ਬਾਅਦ ਟੀਮ ਵੱਲੋਂ ਬੰਗਾ ਅਤੇ ਗੁਣਾਚੌਰ ਇਲਾਕੇ ਵਿਚ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ, ਜਿਸ ਵਿਚ ਰੰਗਦਾਰ ਅਤੇ ਖੋਏ ਤੋਂ ਬਣੀਆਂ ਮਠਿਆਈਆਂ ਦੇ ਸੈਂਪਲ ਲਏ ਗਏ।

ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚ ਗੁਲਾਬੀ ਰੰਗ ਦੇ ਬਣੇ ਚਮ-ਚਮ, ਖੋਆ-ਬਰਫੀ, ਕਲਾਕੰਦ, ਮਿਲਕ ਕੇਕ, ਰੁਸਗੁੱਲਾ ਅਤੇ ਗੁਲਾਬ ਜਾਮੁਨ ਸ਼ਾਮਲ ਹਨ। ਟੀਮ ਵੱਲੋਂ ਇਸ ਮੌਕੇ 70 ਕਿਲੋਗ੍ਰਾਮ ਗੁਲਾਬ ਜਾਮੁਨ ਅਤੇ ਗੁਲਾਬੀ ਚਮ-ਚਮ ਜੋ ਕਿ ਮਨੁੱਖ ਦੇ ਖਾਣਯੋਗ ਨਹੀਂ ਸਨ, ਵੀ ਨਸ਼ਟ ਕਰਵਾਏ ਗਏ। ਇਸ ਤੋਂ ਇਲਾਵਾ 4 ਦੁਕਾਨਾਂ ਨੂੰ ਸੁਧਾਰ ਨੋਟਿਸ ਵੀ ਜਾਰੀ ਕੀਤੇ ਗਏ। ਫੂਡ ਸੇਫਟੀ ਟੀਮ ਵਿਚ ਸਹਾਇਕ ਕਮਿਸ਼ਨਰ ਖੋਸਲਾ ਤੋਂ ਇਲਾਵਾ ਫੂਡ ਸੇਫਟੀ ਅਫਸਰ ਸੰਗੀਤਾ ਸਹਿਦੇਵ ਵੀ ਮੌਜੂਦ ਸੀ।


shivani attri

Content Editor

Related News