ਗੈਰ-ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਵੇਚਣ ਵਾਲਿਆਂ ਨੂੰ ਲੱਗਾ 3.27 ਲੱਖ ਰੁਪਏ ਜੁਰਮਾਨਾ

06/12/2019 2:00:56 PM

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਆਮ ਜਨਤਾ ਨੂੰ ਸਾਫ-ਸੁਥਰੀਆਂ ਅਤੇ ਉੱਚ-ਗੁਣਵੱਤਾ ਦੀਆਂ ਖਾਣ-ਪੀਣ ਵਾਲੀਆਂ ਵਸਤਾਂ ਉਪਲੱਬਧ ਕਰਵਾਉਣ ਦੇ ਮੰਤਵ ਨਾਲ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ 'ਚ ਵਿੱਢੀ ਗਈ ਮੁਹਿੰਮ ਤਹਿਤ ਪਿਛਲੇ ਦਿਨੀਂ ਵੱਖ-ਵੱਖ ਅਦਾਰਿਆਂ/ਵਿਅਕਤੀਆਂ ਖਿਲਾਫ਼ ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ ਅਧੀਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਅਨੁਪਮ ਕਲੇਰ ਦੀ ਅਦਾਲਤ ਵਿਚ ਕੇਸ ਦਾਇਰ ਕੀਤੇ ਗਏ ਸਨ।

ਇਨ੍ਹਾਂ ਕੇਸਾਂ ਦਾ ਫੈਸਲਾ ਸੁਣਾਉਂਦੇ ਹੋਏ ਸ਼੍ਰੀਮਤੀ ਅਨੁਪਮ ਕਲੇਰ ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਐਡਜੂਕੇਟਿੰਗ ਅਫਸਰ (ਫੂਡ ਸੇਫਟੀ) ਸ਼ਹੀਦ ਭਗਤ ਸਿੰਘ ਨਗਰ ਦੀ ਅਦਾਲਤ ਵੱਲੋਂ ਵੱਖ-ਵੱਖ ਨਿਰਮਾਤਾ ਕੰਪਨੀਆਂ, ਰੈਸਟੋਰੈਂਟਾਂ, ਕਰਿਆਨਾ ਸਟੋਰਾਂ, ਦੋਧੀਆਂ, ਡੇਅਰੀਆਂ ਆਦਿ ਨੂੰ ਗੈਰ-ਮਿਆਰੀ, ਮਿਸ-ਬ੍ਰਾਂਡਿਡ, ਮਿਆਦ ਪੁੱਗੀਆਂ ਅਤੇ ਗੁੰਮਰਾਹਕੁੰਨ ਖਾਣ-ਪੀਣ ਵਾਲੀਆਂ ਵਸਤਾਂ ਵੇਚਣ ਦੇ ਦੋਸ਼ ਅਧੀਨ 23 ਕੇਸਾਂ 'ਚ 3,27,000/- ਰੁਪਏ ਦਾ ਜੁਰਮਾਨਾ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਫੂਡ) ਮਨੋਜ ਖੋਸਲਾ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਕਮਿਸ਼ਨਰ ਫੂਡ ਐਂਡ ਡਰੱਗ ਪ੍ਰਸ਼ਾਸਨ ਪੰਜਾਬ ਕਾਹਨ ਸਿੰਘ ਪੰਨੂ ਅਤੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵਿਨੇ ਬਬਲਾਨੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਿਲਾਵਟੀ ਵਸਤਾਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ, ਜੋ ਕਿ ਆਉਂਦੇ ਦਿਨਾਂ ਵਿਚ ਹੋਰ ਵੀ ਸਖਤੀ ਨਾਲ ਲਾਗੂ ਕੀਤੀ ਜਾਵੇਗੀ।

ਕਿਹੜੇ ਅਦਾਰਿਆਂ/ਵਿਅਕਤੀਆਂ ਨੂੰ ਹੋਇਆ ਜੁਰਮਾਨਾ
ਖੋਸਲਾ ਅਨੁਸਾਰ ਜਿਨ੍ਹਾਂ ਅਦਾਰਿਆਂ/ਵਿਅਕਤੀਆਂ ਨੂੰ ਜੁਰਮਾਨੇ ਕੀਤੇ ਗਏ ਹਨ, ਉਨ੍ਹਾਂ 'ਚ ਭਾਰਤ ਟ੍ਰੇਡਿੰਗ ਕੰਪਨੀ, ਵੇਦਾਂਤ ਨਗਰ ਮੋਗਾ ਨੂੰ ਮਿਸ-ਬ੍ਰਾਂਡਿਡ ਕਾਲਾ ਨਮਕ ਤਿਆਰ ਕਰਨ ਦੇ ਦੋਸ਼ ਅਧੀਨ 25,000 ਰੁਪਏ ਅਤੇ ਵੇਚਣ ਵਾਲੇ ਦੁਕਾਨਦਾਰ ਹਰਵਿੰਦਰ ਸਿੰਘ, ਮਾਲਕ ਲੱਕੀ ਕਰਿਆਨਾ ਸਟੋਰ ਨੂੰ 5000 ਰੁਪਏ ਜੁਰਮਾਨਾ ਕੀਤਾ ਗਿਆ ਹੈ ਅਤੇ ਇਸੇ ਦੁਕਾਨਦਾਰ ਨੂੰ ਮਿਸ-ਬ੍ਰਾਂਡਿਡ ਨਮਕੀਨ ਵੇਚਣ ਦੇ ਦੋਸ਼ ਅਧੀਨ 1000 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਗਿੰਨੀ ਫੂਡ ਪ੍ਰੋਡਕਟਸ, ਭਾਈ ਹਿੰਮਤ ਸਿੰਘ ਨਗਰ, ਦੁਗਰੀ (ਲੁਧਿਆਣਾ) ਨੂੰ ਮਿਸ-ਬ੍ਰਾਂਡਿਡ ਖਤਾਈਆਂ ਤਿਆਰ ਕਰਨ ਦੇ ਦੋਸ਼ ਅਧੀਨ 20,000 ਰੁਪਏ ਅਤੇ ਵੇਚਣ ਵਾਲੇ ਦੁਕਾਨਦਾਰ ਮੈਸ. ਰਾਮ ਲਾਲ ਐਂਡ ਸਨਜ਼ ਨਵਾਂਸ਼ਹਿਰ ਨੂੰ 5000 ਰੁਪਏ ਜੁਰਮਾਨਾ ਕੀਤਾ ਗਿਆ ਹੈ। 

ਇਸੇ ਤਰ੍ਹਾਂ ਸ਼੍ਰੀ ਕ੍ਰਿਸ਼ਨਾ ਡੇਅਰੀ ਤਹਿਸੀਲ ਬਲਾਚੌਰ ਨੂੰ ਗੈਰ-ਮਿਆਰੀ ਦੁੱਧ ਵੇਚਣ ਦੇ ਦੋਸ਼ ਅਧੀਨ 10,000 ਰੁਪਏ, ਬਾਬਾ ਫਰੋਜ਼ਨ ਫੂਡ ਮੋਹਾਲੀ ਨੂੰ ਗੈਰ-ਮਿਆਰੀ ਆਈਸਕ੍ਰੀਮ ਤਿਆਰ ਕਰਨ ਦੇ ਦੋਸ਼ ਅਧੀਨ 20,000 ਰੁਪਏ, ਘੁੰਮਣ ਡੇਅਰੀ ਰਾਹੋਂ ਨੂੰ ਗੈਰ-ਮਿਆਰੀ ਦੁੱਧ ਵੇਚਣ ਦੇ ਦੋਸ਼ ਅਧੀਨ 25,000 ਰੁਪਏ, ਮਾਲਾ ਇੰਟਰਪ੍ਰਾਈਜ਼ ਅੰਮ੍ਰਿਤਸਰ ਨੂੰ ਮਿਸ ਬ੍ਰਾਂਡਿਡ ਐਪਲ ਬੀਅਰ ਤਿਆਰ ਕਰਨ ਦੇ ਦੋਸ਼ ਅਧੀਨ 20,000 ਰੁਪਏ ਅਤੇ ਤਾਨੀਆ ਇੰਟਰਪ੍ਰਾਈਜ਼ ਨੂੰ ਇਹ ਬੀਅਰ ਵੇਚਣ ਦੇ ਦੋਸ਼ ਅਧੀਨ 10,000 ਰੁਪਏ, ਨਾਮਧਾਰੀ ਆਚਾਰ ਭੈਣੀ ਸਾਹਿਬ ਨੂੰ ਮਿਸ-ਬ੍ਰਾਂਡਿਡ ਆਚਾਰ ਤਿਆਰ ਕਰਨ ਦੇ ਦੋਸ਼ ਅਧੀਨ 10,000 ਰੁਪਏ, ਚੰਦਨ ਕਰਿਆਨਾ ਸਟੋਰ ਸੜੋਆ ਦੇ ਮਾਲਕ ਧੀਰਜ ਕੁਮਾਰ ਨੂੰ ਗੈਰ-ਮਿਆਰੀ ਦੇਸੀ ਘਿਉ ਵੇਚਣ ਦੇ ਦੋਸ਼ ਅਧੀਨ 20,000 ਰੁਪਏ ਅਤੇ ਅੰਬਿਕਾ ਐਗਰੋ ਫੂਡਜ਼ ਲੁਧਿਆਣਾ ਨੂੰ ਇਹ ਗੈਰ-ਮਿਆਰੀ ਦੇਸੀ ਘਿਉ ਤਿਆਰ ਕਰਨ ਦੇ ਦੋਸ਼ ਅਧੀਨ 25,000 ਰੁਪਏ, ਸੁਰਿੰਦਰਾ ਡੇਅਰੀ ਬਹਿਰਾਮ ਨੂੰ ਗੈਰ-ਮਿਆਰੀ ਦੁੱਧ ਵੇਚਣ ਦੇ ਦੋਸ਼ ਅਧੀਨ 20,000 ਰੁਪਏ, ਪਰਮਿੰਦਰ ਸਹਿਦੇਵ ਪੁੱਤਰ ਰਾਮ ਲੁਭਾਇਆ ਬਰਨਾਲਾ ਰੋਡ ਨਵਾਂਸ਼ਹਿਰ ਨੂੰ ਗੈਰ-ਮਿਆਰੀ ਆਈਸਕ੍ਰੀਮ ਵੇਚਣ ਦੇ ਦੋਸ਼ ਅਧੀਨ 10,000 ਰੁਪਏ, ਲੇਖਰਾਜ ਕਰਿਆਨਾ ਸਟੋਰ ਨੂੰ ਗੈਰ-ਮਿਆਰੀ ਗੁੜ ਵੇਚਣ ਦੇ ਦੋਸ਼ ਅਧੀਨ 5000 ਰੁਪਏ ਅਤੇ ਅਜੀਤ ਸਿੰਘ ਓਮ ਪ੍ਰਕਾਸ਼ ਨੂੰ ਗੈਰ-ਮਿਆਰੀ ਗੁੜ ਤਿਆਰ ਕਰਨ ਦੇ ਦੋਸ਼ ਅਧੀਨ 10,000 ਰੁਪਏ, ਅਮਨ ਕਰਿਆਨਾ ਸਟੋਰ ਮਹਿੰਦੀਪੁਰ ਨੂੰ ਮਿਆਦ ਪੁੱਗੀ ਚਾਹਪੱਤੀ ਵੇਚਣ ਦੇ ਦੋਸ਼ ਅਧੀਨ 5000 ਰੁਪਏ, ਭੁੰਬਲਾ ਡੇਅਰੀ ਘਾਹ ਮੰਡੀ ਨੂੰ ਗੈਰ-ਮਿਆਰੀ ਦੁੱਧ ਵੇਚਣ ਦੇ ਦੋਸ਼ ਅਧੀਨ 3000 ਰੁਪਏ, ਪਾਲਸਨ ਫੂਡਜ਼ ਜਲੰਧਰ ਅਤੇ ਸਤਲੁਜ ਰੈਸਟੋਰੈਂਟ ਐਂਡ ਬੀਅਰ ਬਾਰ ਨਵਾਂਸ਼ਹਿਰ ਨੂੰ ਗੁੰਮਰਾਹਕੁੰਨ ਸੌਸ ਵੇਚਣ/ਵਰਤਣ ਦੇ ਦੋਸ਼ ਅਧੀਨ ਕੁੱਲ 7000 ਰੁਪਏ ਅਤੇ ਸੁਖਦੇਵ ਸਿੰਘ ਮੇਨ ਬਾਜ਼ਾਰ ਰਾਹੋਂ ਨੂੰ ਗੈਰ-ਮਿਆਰੀ ਸੌਸ ਵੇਚਣ ਦੇ ਦੋਸ਼ ਅਧੀਨ 5000 ਰੁਪਏ ਜੁਰਮਾਨਾ ਕੀਤਾ ਗਿਆ।


shivani attri

Content Editor

Related News