ਫੋਕਲ ਪੁਆਇੰਟ ''ਚ ਲੱਗਣ ਵਾਲੇ CETP ਦਾ ਮਾਮਲਾ ਗਰਮਾਇਆ, ਕਈ ਅਧਿਕਾਰੀਆਂ ਨੂੰ ਲੀਗਲ ਨੋਟਿਸ ਜਾਰੀ

10/06/2019 2:21:17 PM

ਜਲੰਧਰ (ਜ.ਬ.)— ਲੰਮੇ ਸਮੇਂ ਤੋਂ ਵਿਵਾਦਾਂ 'ਚ ਘਿਰੇ ਰਹੇ ਸਥਾਨਕ ਫੋਕਲ ਪੁਆਇੰਟ 'ਚ ਲਾਏ ਜਾ ਰਹੇ ਕਾਮਨ ਐਫਿਊਲੈਂਟ ਟ੍ਰੀਟਮੈਂਟ ਪਲਾਂਟ (ਸੀ. ਈ. ਟੀ. ਪੀ.) ਨੂੰ ਲੈ ਕੇ ਇਕ ਵਾਰ ਫਿਰ ਤੋਂ ਮਾਮਲਾ ਗਰਮਾ ਗਿਆ ਹੈ। ਅਸਲ ਵਿਚ ਕੁਝ ਮਹੀਨੇ ਪਹਿਲਾਂ ਇਲਾਕੇ ਦੇ ਸੈਂਕੜੇ ਪਿੰਡ ਵਾਸੀਆਂ ਅਤੇ ਉਦਯੋਗਪਤੀਆਂ ਨੇ ਮਿਲ ਕੇ ਬਣ ਰਹੇ ਟ੍ਰੀਟਮੈਂਟ ਪਲਾਂਟ ਦਾ ਵਿਰੋਧ ਕਰਦੇ ਹੋਏ ਨਿਰਮਾਣ ਅਧੀਨ ਪਲਾਂਟ ਦੀਆਂ ਸਾਰੀਆਂ ਕੰਧਾਂ ਡੇਗ ਦਿੱਤੀਆਂ ਅਤੇ ਪਲਾਂਟ ਦਾ ਕੰਮ ਬੰਦ ਕਰਵਾ ਦਿੱਤਾ ਸੀ। ਇਸ ਤੋਂ ਬਾਅਦ ਅੱਜ ਸਥਾਨਕ 'ਦਿ ਜਲੰਧਰ ਹਿਊਮੈਨ ਵੈੱਲਫੇਅਰ ਸੋਸਾਇਟੀ' ਵੱਲੋਂ ਇਸ ਪਲਾਂਟ ਨੂੰ ਰੋਕਣ ਲਈ ਅੱਗੇ ਕਦਮ ਵਧਾਉਂਦੇ ਹੋਏ ਪੰਜਾਬ ਸਰਕਾਰ ਦੇ ਕਈ ਅਧਿਕਾਰੀਆਂ ਨੂੰ ਲੀਗਲ ਨੋਟਿਸ ਜਾਰੀ ਕੀਤੇ ਗਏ ਹਨ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਕਤ ਸੋਸਾਇਟੀ ਦੇ ਪ੍ਰਧਾਨ ਮਨੀਸ਼ ਗੁਪਤਾ, ਚੇਅਰਮੈਨ ਨਵਨੀਤ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਇਲਾਕੇ ਵਿਚ ਲੱਗਣ ਵਾਲੇ ਟ੍ਰੀਟਮੈਂਟ ਪਲਾਂਟ ਦਾ ਸਖਤ ਵਿਰੋਧ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਪਲਾਂਟ ਦੇ ਵਿਰੋਧ 'ਚ ਪ੍ਰਿੰਸੀਪਲ ਸੈਕਟਰੀ ਇੰਡਸਟਰੀਜ਼, ਪ੍ਰਿੰਸੀਪਲ ਸੈਕਟਰੀ ਸਾਇੰਸ ਤੇ ਟੈਕਨਾਲੋਜੀ ਐਂਡ ਇਨਵਾਇਰਮੈਂਟ, ਐੱਮ. ਡੀ. (ਪੀ. ਐੱਸ. ਆਈ. ਈ. ਸੀ.) ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਐੱਸ. ਈ. ਈ. (ਪੀ. ਪੀ. ਸੀ. ਬੀ.) ਅਤੇ ਮੈਂਬਰ ਸੈਕਟਰੀ (ਸਟੇਟ ਲੈਵਲ ਇਨਵਾਇਰਮੈਂਟ ਇੰਸਪੈਕਟ ਅਸੈਸਮੈਂਟ ਅਥਾਰਿਟੀ) ਨੂੰ ਲੀਗਲ ਨੋਟਿਸ ਜਾਰੀ ਕਰਕੇ ਇਸ ਪਲਾਂਟ ਦਾ ਕੰਮ ਬੰਦ ਕਰਵਾਉਣ ਨੂੰ ਕਿਹਾ ਗਿਆ ਹੈ ਅਤੇ ਮੰਗ ਕੀਤੀ ਗਈ ਹੈ ਕਿ ਪਲਾਂਟ ਨੂੰ ਕਿਸੇ ਹੋਰ ਚੰਗੇ ਸਥਾਨ 'ਤੇ ਸ਼ਿਫਟ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਪਲਾਂਟ ਦੇ ਲਈ ਗ੍ਰੀਨ ਲੈਂਡ ਨੂੰ ਕਨਵਰਟ ਕੀਤਾ ਗਿਆ ਹੈ, ਜੋ ਕਿ ਨਿਯਮਾਂ ਦੇ ਉਲਟ ਹੈ। 2004 'ਚ ਇਸ ਗੱਲ 'ਤੇ ਸਹਿਮਤੀ ਬਣੀ ਸੀ ਕਿ ਗ੍ਰੀਨ ਲੈਂਡ ਨੂੰ ਕਿਸੇ ਹਾਲ ਵਿਚ ਕਨਵਰਟ ਨਹੀਂ ਕੀਤਾ ਜਾਵੇਗਾ। ਇਸ ਤਰ੍ਹਾਂ ਨੋਟਿਸ 'ਚ ਕਿਹਾ ਗਿਆ ਹੈ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਬਾਰੇ ਜੋ ਅਪਰੂਵਲ ਐੱਸ. ਐੱਲ. ਈ. ਈ. ਈ. ਏ. ਤੋਂ ਲਈ ਹੈ, ਉਸ ਅਨੁਸਾਰ ਵੀ ਪਲਾਂਟ ਸਹੀ ਸਥਾਨ 'ਤੇ ਨਹੀਂ ਲੱਗ ਰਿਹਾ।

ਨੋਟਿਸ 'ਚ ਸਾਫ ਕਿਹਾ ਗਿਆ ਹੈ ਕਿ ਬਿਨਾਂ ਜਨਤਾ ਦੀ ਸਹਿਮਤੀ ਅਤੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤੇ ਇਹ ਪਲਾਂਟ ਧੱਕੇ ਨਾਲ ਲਾਇਆ ਜਾ ਰਿਹਾ ਹੈ। ਇਸ ਪਲਾਂਟ ਦੇ ਆਲੇ-ਦੁਆਲੇ ਕਈ ਪਿੰਡ, ਗੁਰਦੁਆਰੇ, ਸਕੂਲ, ਡਰੇਨ ਆਦਿ ਹਨ। ਜੇਕਰ ਕੱਲ ਨੂੰ ਪਲਾਂਟ ਵਿਚ ਓਵਰਫਲੋਅ ਹੁੰਦਾ ਹੈ ਤਾਂ ਸਾਰਾ ਅਨਟ੍ਰੀਟ ਗੰਦਾ ਪਾਣੀ ਇਨ੍ਹਾਂ ਸਾਰਿਆਂ 'ਤੇ ਬੇਹੱਦ ਮਾੜਾ ਪ੍ਰਭਾਵ ਪਾਵੇਗਾ। ਇਸ ਨਾਲ ਇਲਾਕੇ ਵਿਚ ਚਮੜੀ ਅਤੇ ਅੱਖਾਂ ਦੇ ਕੈਂਸਰ ਦਾ ਖਤਰਾ ਬਣ ਜਾਵੇਗਾ। ਇਲਾਕੇ ਵਿਚ ਆਕਸੀਜਨ ਦੀ ਕਮੀ ਹੋਵੇਗੀ ਅਤੇ ਲੋਕਾਂ ਦੀ ਸਿਹਤ ਲਈ ਇਹ ਖਤਰਨਾਕ ਹੋਵੇਗਾ। ਉਨ੍ਹਾਂ ਨੇ ਮੰਗ ਕੀਤੀ ਕਿ ਹਰ ਹਾਲ ਵਿਚ ਇਸ ਪਲਾਂਟ ਨੂੰ ਕਿਸੇ ਹੋਰ ਜਗ੍ਹਾ 'ਤੇ ਸ਼ਿਫਟ ਕੀਤਾ ਜਾਵੇ ਤਾਂ ਜੋ ਇਸ ਦਾ ਮਾੜਾ ਪ੍ਰਭਾਵ ਨਾ ਪਵੇ।

shivani attri

This news is Content Editor shivani attri