ਆਟਾ ਮਿੱਲ ਤੋਂ 75 ਕੁਇੰਟਲ ਕਣਕ, 25 ਕੁਇੰਟਲ ਮੱਕੀ ਤੇ 12 ਕੁਇੰਟਲ ਆਟੇ ਸਮੇਤ ਲੱਖਾਂ ਦਾ ਸਾਮਾਨ ਚੋਰੀ

12/21/2020 5:23:56 PM

ਨੂਰਪੁਰਬੇਦੀ (ਭੰਡਾਰੀ) : ਇਲਾਕੇ ’ਚ ਬੀਤੇ ਕੁੱਝ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵੱਡੀਆਂ-ਵੱਡੀਆਂ ਵਾਰਦਾਤਾਂ ਨੇ ਨੂਰਪੁਰਬੇਦੀ ਪੁਲਸ ਦੇ ਮੁਸਤੈਦ ਹੋਣ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਚੋਰਾਂ ਨੇ ਨਵੇਂ ਥਾਣਾ ਮੁੱਖੀ ਦੇ ਅਹੁਦਾ ਸੰਭਾਲਣ ਤੋਂ ਇਕ ਦਿਨ ਬਾਅਦ ਹੀ ਨੂਰਪੁਰਬੇਦੀ-ਰੂਪਨਗਰ ਮੁੱਖ ਮਾਰਗ ’ਤੇ ਪਿੰਡ ਮੁੰਨੇ ਵਿਖੇ ਸਥਿਤ ਇਕ ਆਟਾ ਮਿੱਲ ਤੋਂ ਲੱਖਾਂ ਦਾ ਆਨਾਜ ਚੋਰੀ ਕਰਕੇ ਪੁਲਸ ਨੂੰ ਵੰਗਾਰਿਆ ਹੈ। ਲਗਾਤਾਰ ਹੋ ਰਹੀਆਂ ਉਕਤ ਵਾਰਦਾਤਾਂ ਕਾਰਣ ਇਲਾਕੇ ਦੇ ਲੋਕ ਖੋਫਜ਼ਦਾ ਹਨ ਤੇ ਪੁਲਸ ਬੇਵੱਸ ਦਿਖਾਈ ਦੇ ਰਹੀ ਹੈ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮੁੰਨੇ ਦੀ ਸ਼ਿਵ ਸ਼ਕਤੀ ਆਟਾ ਮਿੱਲ ਦੇ ਮਾਲਕ ਚੌਧਰੀ ਵਿੰਦਰਪਾਲ ਨਿਵਾਸੀ ਝਾਂਡੀਆਂ ਨੇ ਦੱਸਿਆ ਕਿ ਅੱਜ ਜਦੋਂ ਉਹ ਸਵੇਰੇ ਆਪਣੀ ਮਿੱਲ ’ਤੇ ਆਇਆ ਤਾਂ ਦੇਖਿਆ ਕਿ ਮਿੱਲ ਦੇ ਸ਼ਟਰ ਦੇ ਦੋਵੇਂ ਤਾਲੇ ਟੁੱਟੇ ਹੋਏ ਸਨ। ਜਦੋਂ ਉਸ ਨੇ ਮਿੱਲ ਦਾ ਸ਼ਟਰ ਚੁੱਕਿਆ ਤਾਂ ਅੰਦਰ ਦੇਖ ਕੇ ਉਹ ਹੈਰਾਨ ਰਹਿ ਗਿਆ ਕਿ ਮਿੱਲ ’ਚ ਪਈ ਕਈ ਕੁਇੰਟਲ ਕਣਕ, ਮੱਕੀ ਤੇ ਹੋਰ ਸਾਮਾਨ ਚੋਰੀ ਹੋ ਚੁੱਕਾ ਸੀ। ਉਸ ਨੇ ਦੱਸਿਆ ਕਿ ਚੋਰ ਮਿੱਲ ਦਾ ਸ਼ਟਰ ਤੋੜ ਕੇ 75 ਕੁਇੰਟਲ ਕਣਕ, 25 ਕੁਇੰਟਲ ਮੱਕੀ, 12 ਕੁਇੰਟਲ ਪੀਸਿਆ ਹੋਇਆ ਆਟਾ, 7 ਬੋਰੀਆਂ ਛੋਲਿਆਂ ਦਾ ਛਿਲਕਾ, ਇੱਕ ਗੈਸ ਸਿਲੰਡਰ ਤੇ 15 ਬੋਰੀਆਂ ਬੂਰਾ ਚੋਕਰ ਸਮੇਤ ਕਰੀਬ 2 ਲੱਖ ਰੁਪਏ ਤੋਂ ਵੱਧ ਦਾ ਆਨਾਜ਼ ਚੋਰੀ ਕਰਕੇ ਰਫੂਚੱਕਰ ਹੋ ਗਏ। 

ਉਕਤ ਮਿੱਲ ਰੂਪਨਗਰ-ਨੂਰਪੁਰਬੇਦੀ ਮੁੱਖ ਮਾਰਗ ’ਤੇ ਸਥਿਤ ਹੈ ਜਿੱਥੋਂ 24 ਘੰਟੇ ਭਾਰੀ ਆਵਾਜਾਈ ਗੁਜ਼ਰਦੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏ.ਐੱਸ.ਆਈ. ਇੰਦਰਪਾਲ ਨੇ ਆਪਣੀ ਪੁਲਸ ਪਾਰਟੀ ਨੂੰ ਨਾਲ ਲੈ ਕੇ ਮੌਕੇ ’ਤੇ ਬਰੀਕੀ ਨਾਲ ਜਾਂਚ ਕੀਤੀ। ਦੱਸਣਯੋਗ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਪਿੰਡ ਤਖ਼ਤਗਡ਼੍ਹ ਵਿਖੇ ਸਥਿਤ ਐੱਮ.ਜੀ. ਉਦਯੋਗ ਤੋਂ ਚੋਰਾਂ ਵੱਲੋਂ 16 ਲੱਖ ਰੁਪਏ ਦੀ ਨਕਦ ਰਾਸ਼ੀ ਨੂੰ ਚੋਰੀ ਕਰਕੇ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਬਾਰੇ ਵੀ ਹਾਲੇ ਤੱਕ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਰਾਤ ਸਮੇਂ ਗਸ਼ਤ ਵਧਾਉਣ ਦੇ ਦਾਅਵੇ ਬਿੱਲਕੁੱਲ੍ਹ ਹੀ ਹਵਾਈ ਹਨ।


cherry

Content Editor

Related News