ਹੜ੍ਹ ਪੀੜਤਾਂ ਨੂੰ ਭੁੱਲੀ ਸਰਕਾਰ ਪਰ ਲੋਕਾਂ ਨੇ ਯਾਦ ਕਰਵਾਏ ਵਾਅਦੇ

11/25/2019 10:20:13 PM

ਜਲੰਧਰ,(ਵੈਬ ਡੇਸਕ) : ਪਿਛਲੇ ਸਮੇਂ ਦੌਰਾਨ ਸਤਲੁਜ ਦਰਿਆ ਦੇ ਕਿਨਾਰੇ ਵਸਣ ਵਾਲੇ ਲੋਕਾਂ ਨੂੰ ਵੱਡੀ ਆਫਤ ਦਾ ਸਾਹਮਣਾ ਕਰਨਾ ਪਿਆ ਸੀ। ਇਹ ਆਫਤ ਕੁੱਝ ਹੋਰ ਨਹੀਂ ਬਲਕਿ ਸਤਲੁਜ ਦਰਿਆ ਦੇ ਬੰਨ੍ਹ ਟੁੱਟਣ ਤੋਂ ਬਾਅਦ ਇਲਾਕੇ ਦੇ ਕਰੀਬ 20 ਪਿੰਡਾਂ 'ਚ ਹੜ੍ਹ ਦਾ ਪਾਣੀ ਭਰਨ ਨਾਲ ਆਈ ਸੀ। ਹੜ੍ਹ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਪੀੜਤ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਕਿ ਉਹ ਹੁਣ ਦਰਿਆ ਦੇ ਬੰਨ੍ਹਾਂ ਨੂੰ ਚੋੜਾ ਕਰਵਾ ਦੇਣਗੇ, ਇਸ ਦੇ ਨਾਲ-ਨਾਲ ਦਰਿਆ ਦੀ ਖੁਦਾਈ ਕਰਵਾਉਣਗੇ ਪਰ ਕਰੀਬ 4 ਮਹੀਨੇ ਬੀਤ ਜਾਣ ਦੇ ਬਾਅਦ ਵੀ ਕਿਸੇ ਨੇ ਵੀ ਇਲਾਕੇ ਦੇ ਲੋਕਾਂ ਦੀ ਸਾਰ ਨਹੀਂ ਲਈ। ਕੁਝ ਸਮਾਂ ਪਹਿਲਾਂ ਇਲਾਕੇ ਦੇ ਲੋਕਾਂ ਨੇ ਇੱਕਠੇ ਹੋ ਕੇ ਇਕ ਹੜ੍ਹ ਰੋਕੂ ਲੋਕ ਕਮੇਟੀ ਦਾ ਗਠਨ ਕੀਤਾ ਸੀ ਤਾਂ ਕਿ ਉਹ ਆਪਣੇ ਦਰਿਆਵਾਂ  ਦੇ ਬੰਨ੍ਹਾਂ ਦੀ ਮਜ਼ਬੂਤੀ ਲਈ ਆਵਾਜ਼ ਬੁਲੰਦ ਕਰ ਸਕਣ। ਲੋਕਾਂ ਨੇ ਇਹ ਤੁਹਈਆ ਕੀਤਾ ਕਿ ਉਹ ਸਰਕਾਰ ਦੀ ਮਨਜ਼ੂਰੀ ਲੈਣ ਤੋਂ ਬਾਅਦ ਦਰਿਆਵਾਂ ਦੇ ਬੰਨ੍ਹਾਂ ਨੂੰ ਖੁਦ ਚੌੜਾ ਤੇ ਪੱਕਾ ਕਰਨਗੇ। ਇਸ ਕਮੇਟੀ ਨੇ ਕਰੀਬ 20 ਪਿੰਡਾਂ ਦੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਅਤੇ ਇਲਾਕੇ ਦੀਆਂ ਪ੍ਰਸ਼ਾਸਨਿਕ ਇਕਾਈਆਂ ਨੂੰ ਇਸ ਸਬੰਧੀ ਮੰਗ ਪੱਤਰ ਦੇਣੇ ਸ਼ੁਰੂ ਕਰ ਦਿੱਤੇ ਹਨ। ਇਸ ਕਮੇਟੀ ਨੇ ਸਭ ਤੋਂ ਪਹਿਲਾ ਮੰਗ ਪੱਤਰ ਜਲੰਧਰ ਦੇ ਡੀ. ਸੀ. ਨੂੰ ਦਿੱਤਾ।

ਜਗਬਾਣੀ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਅਸੀਂ ਅਗਲਾ ਮੰਗ ਪੱਤਰ ਇਲਾਕਾ ਵਿਧਾਇਕ ਤੇ ਮੈਂਬਰ ਪਾਰਲੀਮੈਂਟ ਨੂੰ ਦੇਵਾਂਗੇ। ਇਸ ਦੇ ਨਾਲ ਨਾਲ ਉਹ ਇਕ ਮੰਗ ਪੱਤਰ ਕੈਪਟਨ ਅਮਰਿੰਦਰ ਸਿੰਘ ਤੇ ਨਹਿਰੀ ਵਿਭਾਗ ਨੂੰ ਵੀ ਦੇਣਗੇ ਤਾਂ ਕਿ ਉਨ੍ਹਾਂ ਨੂੰ ਇਸ ਵੱਡੀ ਮੁਸੀਬਤ ਤੋਂ ਰਾਹਤ ਮਿਲ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਹੜ੍ਹ ਆਉਣ ਦੇ 4 ਮਹੀਨੇ ਬਾਅਦ ਵੀ ਅਜੇ ਤਕ ਉਨ੍ਹਾਂ ਨੂੰ ਫਸਲ ਦੇ ਖਰਾਬੇ ਦਾ ਇਕ ਰੁਪਇਆ ਵੀ ਨਹੀਂ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਫਸਲ ਦੇ ਖਰਾਬੇ ਦਾ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇ।

ਡੀ. ਸੀ. ਸਾਹਿਬ ਨੂੰ ਦਿੱਤੇ ਗਏ ਮੰਗ ਪੱਤਰ 'ਚ ਲੋਕਾਂ ਨੇ ਮੰਗ ਕੀਤੀ ਕਿ ਮੰਡਲਾ ਪਿੰਡ ਨੇੜੇ ਜੋ ਬੰਨ੍ਹ ਟੁੱਟਿਆ ਸੀ ਉਸ ਨੂੰ ਸਿੱਧਾ ਤੇ ਮਜ਼ਬੂਤ ਕੀਤਾ ਜਾਵੇ ਤੇ ਨਾਲ ਹੀ ਨਾਲ ਇਸ ਦੀ ਨਿਸ਼ਾਨਦੇਹੀ ਕਰਵਾਈ ਜਾਵੇ। ਬੰਨ੍ਹ ਸਾਹਮਣੇ ਰੇਲਵੇ ਲਾਈਨ ਤੇ ਜੀ. ਟੀ. ਰੋਡ ਦਾ ਜੋ 200 ਫੁੱਟ ਦਾ ਗੈਪ ਹੈ। ਉਸ ਨੂੰ ਜੀ. ਟੀ. ਰੋਡ ਨਾਲ ਜੋੜਨ ਦੀ ਮਨਜ਼ੂਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਬੇਨਤੀ ਕੀਤੀ ਬੰਨ੍ਹਾਂ ਨੂੰ ਉਚਾ ਤੇ ਚੌੜਾ ਕਰਨ ਦਾ ਕੰਮ 'ਹੜ੍ਹ ਰੋਕੂ ਲੋਕ ਕਮੇਟੀ ਇਲਾਕਾ ਗਿੱਦੜ ਪਿੰਡ' ਨੂੰ ਸੌਂਪਿਆ ਜਾਵੇ ਤੇ ਕੰਮ ਆਪ ਜੀ ਦੀਆਂ ਹਦਾਇਤਾਂ ਅਨੁਸਾਰ ਹੀ ਹੋਵੇਗਾ।