4 ਦਿਨਾਂ ''ਚ 530 ਟ੍ਰੈਕਟਰਾਂ ਨਾਲ ਟੋਏ ਪੂਰਨ ਲਈ ਲੱਗਾ 13 ਲੱਖ ਦਾ ਡੀਜ਼ਲ

09/28/2019 2:13:30 PM

ਸੁਲਤਾਨਪੁਰ ਲੋਧੀ (ਧੀਰ)— ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਪਿੰਡ ਜਾਣੀਆਂ ਚਾਹਲ 'ਚ ਕਿਸਾਨਾਂ ਦੀ ਹੜ੍ਹ ਨਾਲ ਬਰਬਾਦ ਹੋਈ ਜ਼ਮੀਨ ਨੂੰ ਪੱਧਰਾ ਕਰਨ ਦੀ ਚਲ ਰਹੀ ਕਾਰ ਸੇਵਾ ਚੌਥੇ ਦਿਨ 'ਚ ਸ਼ਾਮਲ ਹੋ ਗਈ ਹੈ। ਇਨ੍ਹਾਂ 4 ਦਿਨਾਂ 'ਚ 530 ਟ੍ਰੈਕਟਰ ਚੱਲਦੇ ਰਹੇ ਅਤੇ 13 ਲੱਖ ਤੋਂ ਵੱਧ ਦੇ ਡੀਜ਼ਲ ਦੀ ਖੱਪਤ ਹੋ ਚੁੱਕੀ ਹੈ। ਸਾਲ 1988 'ਚ ਆਏ ਹੜ੍ਹਾਂ ਦੌਰਾਨ ਪਏ ਟੋਏ ਅੱਜ ਤੱਕ ਨਹੀਂ ਪੂਰ ਹੋਏ। 

ਜ਼ਿਕਰਯੋਗ ਹੈ ਕਿ 18 ਅਗਸਤ ਨੂੰ ਆਏ ਹੜ੍ਹਾਂ ਨਾਲ ਜਾਣੀਆਂ ਚਾਹਲ ਨੇੜੇ ਧੁੱਸੀ ਬੰਨ੍ਹ 'ਚ 175 ਮੀਟਰ ਪਾੜ ਪੈ ਗਿਆ ਸੀ। ਹੜ੍ਹਾਂ ਦੇ ਮੂੰਹ ਜ਼ੋਰ ਹੋਏ ਪਾਣੀ ਨਾਲ 50 ਫੁੱਟ ਡੂੰਘੇ ਟੋਏ ਪੈ ਗਏ ਸਨ ਅਤੇ ਇਸ ਦੀ ਮਿੱਟੀ 100 ਤੋਂ ਵੱਧ ਏਕੜਾਂ 'ਚ ਫੈਲ ਗਈ ਸੀ। ਜਿਹੜੇ ਕਿਸਾਨ ਭਰਾਵਾਂ ਦੀ ਜ਼ਮੀਨ ਪੱਧਰੀ ਕੀਤੀ ਜਾ ਰਹੀ ਹੈ, ਉਨ੍ਹਾਂ 'ਚੋਂ ਕਿਸਾਨ ਮੇਜਰ ਸਿੰਘ ਦਾ ਕਹਿਣਾ ਸੀ ਕਿ ਜ਼ਮੀਨ ਪੱਧਰੀ ਕਰਵਾਉਣ ਲਈ ਜੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਪਹਿਲ ਕਦਮੀ ਨਾ ਕਰਦੇ ਤਾਂ ਉਨ੍ਹਾਂ ਦੀ ਇਕ ਪੀੜ੍ਹੀ ਲੱਗ ਜਾਣੀ ਸੀ ਟੋਏ ਪੂਰਨ ਲਈ। ਉਨ੍ਹਾਂ ਦੱਸਿਆ ਕਿ ਪਿੰਡ ਮੰਡਾਲਾ ਅਤੇ ਗੋਇੰਦਵਾਲ ਸਮੇਤ ਹੋਰ ਥਾਵਾਂ 'ਤੇ ਜਿਹੜੇ 1988 ਦੇ ਹੜ੍ਹਾਂ 'ਚ ਟੋਏ ਪਏ ਸਨ ਉਹ ਅੱਜ ਤਕ ਨਹੀਂ ਪੂਰ ਹੋਏ। ਜ਼ਮੀਨ ਪੱਧਰੀ ਕਰਨ ਲਈ ਆ ਰਹੇ ਟ੍ਰੈਕਟਰਾਂ 'ਚ ਡੀਜ਼ਲ ਪਾਉਣ ਦੇ ਕੰਮ ਨੂੰ ਦੇਖ ਰਹੇ ਕਿਸਾਨ ਤੇਗਾ ਸਿੰਘ ਨੇ ਦੱਸਿਆ ਕਿ 106 ਟ੍ਰੈਕਟਰ ਇਸ ਕਾਰ ਸੇਵਾ 'ਚ ਲੱਗੇ ਹੋਏ ਸਨ ਅਤੇ ਹੁਣ ਤੱਕ ਚਾਰ ਦਿਨਾਂ ਵਿਚ 530 ਤੋਂ ਵੱਧ ਟ੍ਰੈਕਟਰ ਜ਼ਮੀਨ ਪੱਧਰੀ ਕਰਨ ਦੀ ਚੱਲ ਰਹੀ ਕਾਰ ਸੇਵਾ ਵਿਚ ਯੋਗਦਾਨ ਪਾ ਚੁੱਕੇ ਹਨ। 
ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਬਾਅਦ ਪੀੜਤ ਕਿਸਾਨਾਂ ਨੂੰ ਜ਼ਮੀਨ ਪੱਧਰੀ ਕਰਕੇ ਦੇਣ ਦਾ ਹੁਣ ਤਕ ਦਾ ਇਹ ਸਭ ਤੋਂ ਵੱਡਾ ਪ੍ਰੋਜੈਕਟ ਹੈ, ਜਿਸ 'ਚ ਪੰਜਾਬ ਤੋਂ ਲੋਕ ਆ ਕੇ ਸੇਵਾ ਕਰ ਰਹੇ ਹਨ। ਫਿਰੋਜ਼ਪੁਰ ਤੋਂ ਪ੍ਰਦੀਪ ਸਿੰਘ ਤੇਗਾ ਸਿੰਘ ਵਾਲਾ ਤੋਂ ਪੰਜ ਟ੍ਰੈਕਟਰ ਲੈ ਕੇ ਆਏ ਸਨ। ਜਾਣੀਆਂ ਚਾਹਲ ਤੋਂ 15 ਟ੍ਰੈਕਟਰ ਆਏ ਸਨ। ਜਗਰਾਓ ਤੋਂ ਤੀਜੇ ਦਿਨ ਵੀ ਟ੍ਰੈਕਟਰ ਆਏ ਸਨ। ਫਰੀਦਕੋਟ ਦੇ ਪਿੰਡ ਕੰਮੇਆਣਾ ਤੋਂ ਦੋ ਟ੍ਰੈਕਟਰ ਆਏ ਹਨ ਤੇ ਪਹਿਲੇ ਦਿਨ ਇਥੋਂ 15 ਟ੍ਰੈਕਟਰ ਆਏ ਸਨ। ਰਾਈਵਾਲ ਦੋਨਾ ਦੇ ਸਰਪੰਚ ਬਲਬੀਰ ਸਿੰਘ ਆਪਣੇ ਨਾਲ 9 ਟ੍ਰੈਕਟਰ ਲੈ ਕੇ ਆਏ ਸਨ ਤੇ ਚੱਕ ਚੇਲਾ ਤੋਂ ਸਰਪੰਚ ਜੋਗਾ ਸਿੰਘ ਪਹਿਲੇ ਦਿਨ ਤੋਂ ਹੀ 16 ਟ੍ਰੈਕਟਰ ਜ਼ਮੀਨ ਪੱਧਰੀ ਕਰਵਾਉਣ ਲਈ ਲੈ ਕੇ ਆ ਰਹੇ ਹਨ। 

ਸੰਤ ਸੀਚੇਵਾਲ ਜੀ ਨੇ ਦੱਸਿਆ ਕਿ ਮੁਸੀਬਤ ਦੀ ਇਸ ਘੜੀ 'ਚ ਜਿਸ ਤਰ੍ਹਾਂ ਲੋਕਾਂ ਨੇ ਇਕਜੁਟਤਾ ਨਾਲ ਪੀੜਤ ਕਿਸਾਨਾਂ ਦੀ ਮਦਦ ਕੀਤੀ ਹੈ ਉਹ ਆਪਣੇ ਆਪ ਵਿਚ ਹੀ ਇਕ ਵੱਡੀ ਮਿਸਾਲ ਹੈ। ਕਿਸਾਨ ਤੇਗਾ ਸਿੰਘ ਨੇ ਦੱਸਿਆ ਕਿ ਜ਼ਮੀਨ ਪੱਧਰੀ ਕਰਨ ਦਾ ਕੰਮ ਜੇ ਛੇਤੀ ਸ਼ੁਰੂ ਨਾ ਕਰਦੇ ਤਾਂ ਕਿਸਾਨਾਂ ਨੇ ਕਣਕ ਬੀਜਣ ਲਈ ਆਪਣੇ ਖੇਤਾਂ ਵਿਚੋਂ ਮਿੱਟੀ ਚੁੱਕਣੀ ਸ਼ੁਰੂ ਕਰ ਦੇਣੀ ਸੀ ਤਾਂ ਫਿਰ ਦੂਰੋਂ ਮਿੱਟੀ ਲਿਆਉਣੀ ਔਖੀ ਹੋ ਜਾਣੀ ਸੀ। ਇਸ ਮੌਕੇ ਗੁਰਦੁਆਰਾ ਟਾਹਲੀ ਸਾਹਿਬ ਤੋਂ ਸੰਤ ਦਇਆ ਸਿੰਘ, ਡੇਰਾ ਹਰਜੀ ਸਾਹਿਬ ਤੋਂ ਸੰਤ ਅਮਰੀਕ ਸਿੰਘ ਖੁਖਰੈਣ ਸੁਰਜੀਤ ਸਿੰਘ ਸ਼ੰਟੀ ਸਮੇਤ ਇਲਾਕੇ ਦੇ ਮੋਹਤਬਰ ਸੱਜਣ ਹਾਜ਼ਰ ਸਨ।


shivani attri

Content Editor

Related News