ਸਿਲੰਡਰ ਫਟਣ ਨਾਲ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ

12/17/2018 2:25:58 AM

ਸ੍ਰੀ ਕੀਰਤਪੁਰ ਸਾਹਿਬ,   (ਬਾਲੀ)-  ਬੀਤੀ ਦੇਰ ਰਾਤ ਪਿੰਡ ਨੱਕੀਆਂ ਵਿਖੇ ਇਕ ਹਲਵਾਈ ਦੀ ਦੁਕਾਨ ਅੰਦਰ ਪਿਆ ਗੈਸ ਸਿਲੰਡਰ ਫਟਣ ਨਾਲ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਕੀਮਤ ਦਾ ਸਾਮਾਨ ਸਡ਼ ਕੇ ਸੁਆਹ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ   ਦੁਕਾਨਦਾਰ ਜਰਨੈਲ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਪਿੰਡ ਨੱਕੀਆਂ ਨੇ ਦੱਸਿਆ ਕਿ ਉਹ ਨੱਕੀਆਂ ਅੱਡੇ ਵਿਚ  ਪ੍ਰੋ. ਹਰਦੀਪ ਸਿੰਘ  ਤੋਂ ਦੁਕਾਨ ਕਿਰਾਏ ਉਪਰ ਲੈ ਕੇ ਹਲਵਾਈ ਦੀ ਦੁਕਾਨ ਕਰਦਾ ਹੈ। ਉਹ ਰਾਤ ਕਰੀਬ ਅੱਠ ਵਜੇ ਆਪਣੀ ਦੁਕਾਨ ਬੰਦ ਕਰ ਕੇ ਘਰ ਨੂੰ ਚਲਾ ਗਿਆ ਸੀ, ਰਾਤ ਕਰੀਬ 2 ਵਜੇ ਪਿੰਡ ਦੇ ਲੋਕਾਂ ਨੇ ਉਸ ਨੂੰ ਦੱਸਿਆ ਕਿ ਉਸਦੀ ਦੁਕਾਨ  ਅੰਦਰ ਧਮਾਕਾ ਹੋਇਆ ਹੈ ਅਤੇ  ਦੁਕਾਨ ਨੂੰ ਅੱਗ ਲੱਗੀ ਹੋਈ ਹੈ ਜੋ ਕਿ ਸਿਲੰਡਰ ਫਟਣ ਦਾ ਧਮਾਕਾ ਸੀ। ਉਨ੍ਹਾਂ ਦੱਸਿਆ ਕਿ ਉਸ ਨੇ ਚਾਰ-ਪੰਜ ਦਿਨ ਪਹਿਲਾਂ  ਐੱਚ. ਪੀ. ਗੈਸ ਏਜੰਸੀ ਕੀਰਤਪੁਰ ਸਾਹਿਬ ਤੋਂ ਇਕ 1450 ਰੁਪਏ ਦਾ ਕਮਰਸ਼ੀਅਲ ਸਿਲੰਡਰ ਭਰਵਾਇਆ ਸੀ ਜੋ ਕਿ ਸੀਲਬੰਦ ਸੀ। ਜਦੋਂ ਉਹ ਸਿਲੰਡਰ ਨੂੰ ਦੁਕਾਨ ’ਤੇ ਲੈ ਕੇ ਆਇਆ ਤਾਂ ਸਿਲੰਡਰ ਵਿਚੋਂ  ਥੋਡ਼੍ਹੀ ਜਿਹੀ ਗੈਸ ਦੀ ਸਮੈੱਲ ਆਉਂਦੀ ਸੀ ਤੇ ਉਸ ਨੇ ਸੋਚਿਆ ਕਿ ਸਮੈੱਲ ਵੈਸੇ ਹੀ ਆ ਰਹੀ ਹੋਣੀ  ਹੈ ਅਤੇ ਹੁਣ ਦੁਬਾਰਾ ਸਿਲੰਡਰ ਕੌਣ ਵਾਪਸ ਕਰਨ ਜਾਵੇਗਾ, ਜਿਸ ਕਰ ਕੇ ਉਸ ਨੇ ਉਸ ਸਿਲੰਡਰ ਨੂੰ ਲਾ ਲਿਆ ਅਤੇ ਰਾਤ ਅਚਾਨਕ ਉਸ ਸਿਲੰਡਰ ਦੇ ਫਟਣ ਨਾਲ ਦੁਕਾਨ ਅੰਦਰ ਭਿਆਨਕ ਅੱਗ ਲੱਗ ਗਈ, ਜਿਸ ਨਾਲ ਦੁਕਾਨ ਵਿਚ ਪਏ ਦੋ ਫਰਿੱਜ, ਕਾਊਂਟਰ, ਮਠਿਆਈਆਂ, ਟ੍ਰੇਆਂ, ਲੱਕਡ਼ ਦੇ ਰੈਕ, ਭਾਂਡੇ, ਭੱਠੀਆਂ ਤੋਂ ਇਲਾਵਾ ਦੁਕਾਨ ਦੀ ਛੱਤ ਉੱਡ ਗਈ, ਜਿਸ ਨਾਲ ਉਸ ਦਾ ਕਰੀਬ ਤਿੰਨ ਲੱਖ ਰੁਪਏ ਦਾ ਨੁਕਸਾਨ ਹੋ ਗਿਆ। 
ਉਧਰ ਅੱਗ ਦਾ ਪਤਾ ਲੱਗਦਿਆਂ ਹੀ ਮੌਕੇ ’ਤੇ ਪਹੁੰਚੀ ਥਾਣਾ ਕੀਰਤਪੁਰ ਸਾਹਿਬ ਦੀ ਪੁਲਸ ਵੱਲੋਂ ਅੱਗ ਬੁਝਾਉਣ ਵਾਲੀ ਗੱਡੀ ਨੂੰ ਫੋਨ ਕਰ ਕੇ ਮੌਕੇ ’ਤੇ ਬੁਲਾਇਆ ਗਿਆ ਤੇ ਕਰੀਬ ਤਿੰਨ ਵਜੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ’ਤੇ ਕਾਬੂ ਪਾਇਆ। ਇਸ ਸਬੰਧੀ ਜਦੋਂ ਗੈਸ ਏਜੰਸੀ ਦੇ ਮਾਲਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼  ਕੀਤੀ ਗਈ ਤਾਂ ਸੰਪਰਕ ਨਹੀਂ ਹੋ ਸਕਿਆ ਅਤੇ ਐਤਵਾਰ ਹੋਣ ਕਾਰਨ ਗੈਸ ਏਜੰਸੀ ਦਾ ਦਫ਼ਤਰ ਵੀ ਬੰਦ ਸੀ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀ ਦੀ ਮਾਲੀ ਮਦਦ  ਕੀਤੀ ਜਾਵੇ।