ਸ਼ੱਕੀ ਦੇਸੀ ਘਿਉ, ਵੇਸਣ ਬਰਾਮਦਗੀ ਮਾਮਲੇ ''ਚ ਫਰਮ ਖਿਲਾਫ ਮਾਮਲਾ ਦਰਜ

03/04/2018 4:30:41 PM

ਕਪੂਰਥਲਾ (ਭੂਸ਼ਣ)— ਬੀਤੇ ਦਿਨੀਂ ਸ਼ਹਿਰ ਦੇ ਇਕ ਹੋਲ ਸੇਲਰ ਕਰਿਆਨਾ ਦੁਕਾਨ 'ਚੋਂ ਕੁਇੰਟਲ ਸ਼ੱਕੀ ਘਿਉ, ਸਰ੍ਹੋਂ ਦਾ ਤੇਲ ਅਤੇ ਫਰਜ਼ੀ ਕੰੰਪਨੀਆਂ ਦੇ ਹਜ਼ਾਰਾਂ ਰੈਪਰਾਂ ਦੀ ਬਰਾਮਦਗੀ ਮਾਮਲੇ ਵਿਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਉਕਤ ਫਰਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਫੂਡ ਸੇਫਟੀ ਅਫਸਰ ਸਤਨਾਮ ਸਿੰਘ ਨੇ ਐੱਸ. ਐੱਚ. ਓ. ਸਿਟੀ ਇੰਸਪੈਕਟਰ ਗੱਬਰ ਸਿੰਘ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਬੀਤੇ ਦਿਨੀਂ ਉਨ੍ਹਾਂ ਦੇ ਵਿਭਾਗ ਦੇ ਸਹਾਇਕ ਕਮਿਸ਼ਨਰ ਹਰਜੋਤਪਾਲ ਸਿੰਘ ਨੇ ਆਪਣੀ ਟੀਮ ਨਾਲ ਪੀਰ ਚੌਧਰੀ ਮਾਰਗ 'ਤੇ ਪੈਂਦੀ ਹੋਲ ਸੇਲ ਕਰਿਆਨਾ ਦੁਕਾਨ ਦਰਸ਼ਨ ਲਾਲ ਐਂਡ ਸੰਜ਼ 'ਚ ਛਾਪੇਮਾਰੀ ਕੀਤੀ ਸੀ, ਜਿੱਥੇ ਪੰਜਾਬ ਅਤੇ ਮੂਕਲ ਡੇਅਰੀ ਬਰਾਂਡ ਦਾ ਦੇਸੀ ਘਿਉ, ਸਟਾਰ ਕੁਕ ਦਾ ਸਰ੍ਹੋਂ ਦਾ ਤੇਲ ਅਤੇ ਵੇਸਣ ਬਰਾਮਦ ਹੋਇਆ ਸੀ। ਇਸ ਦੌਰਾਨ ਉਕਤ ਦੁਕਾਨ 'ਚੋਂ ਹਜ਼ਾਰਾਂ ਦੀ ਗਿਣਤੀ ਵਿਚ ਫਰਜ਼ੀ ਕੰਪਨੀਆਂ ਦੇ ਰੈਪਰ ਮਿਲੇ ਸਨ ਅਤੇ ਇਕ ਸੀਲਿੰਗ ਮਸ਼ੀਨ ਵੀ ਬਰਾਮਦ ਹੋਈ ਸੀ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਫੂਡ ਸੇਫਟੀ ਅਫਸਰ ਦੀ ਸ਼ਿਕਾਇਤ 'ਤੇ ਦਰਸ਼ਨ ਲਾਲ ਐਂਡ ਸੰਜ਼ ਖਿਲਾਫ ਮਾਮਲਾ ਦਰਜ ਕਰ ਲਿਆ ਹੈ।